ਲਖਨਊ : ਦੋ ਪਤਨੀਆਂ, ਨੌਂ ਬੱਚਿਆਂ ਅਤੇ ਛੇ ਮਹਿਲਾ ਮਿੱਤਰਾਂ ਵਾਲੇ ਸੋਸ਼ਲ ਮੀਡੀਆ ’ਤੇ ਪ੍ਰਭਾਵ ਪਾਉਣ ਵਾਲੇ ਅਜੀਤ ਮੌਰੀਆ ਨੂੰ ਲਖਨਊ ’ਚ ਲੋਕਾਂ ਨੂੰ ਠੱਗਣ, ਜਾਅਲੀ ਭਾਰਤੀ ਕਰੰਸੀ ਦੇ ਨੋਟਾਂ ਨੂੰ ਚਲਾਉਣ, ਬੀਮਾ ਸਕੀਮਾਂ ਨਾਲ ਲੋਕਾਂ ਨੂੰ ਫਸਾਉਣ ਅਤੇ ਹੋਰ ਕਈ ਮਾਮਲਿਆਂ ’ਚ ਗਿ੍ਰਫਤਾਰ ਕੀਤਾ ਗਿਆ ਹੈ। ਮੌਰੀਆ (41) ਨੂੰ ਸਰੋਜਨੀ ਨਗਰ ਪੁਲਸ ਨੇ ਉਸ ਸਮੇਂ ਗਿ੍ਰਫਤਾਰ ਕੀਤਾ ਜਦੋਂ ਉਹ ਆਪਣੀ ਪਤਨੀ ਨਾਲ ਹੋਟਲ ’ਚ ਖਾਣਾ ਖਾ ਰਿਹਾ ਸੀ ਅਤੇ ਨਵੇਂ ਸਾਲ ਦੇ ਜਸ਼ਨ ਲਈ ਵਿਦੇਸ਼ ਜਾਣ ਦੀ ਯੋਜਨਾ ਬਣਾ ਰਿਹਾ ਸੀ। 6ਵੀਂ ਜਮਾਤ ਵਿੱਚੋਂ ਸਕੂਲ ਛੱਡਣ ਵਾਲੇ ਮੌਰੀਆ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਦੋ ਪਤਨੀਆਂ, ਨੌਂ ਬੱਚਿਆਂ ਅਤੇ ਛੇ ਮਹਿਲਾ ਮਿੱਤਰਾਂ ਦੇ ਖਰਚਿਆਂ ਕਾਰਨ ਠੱਗੀ ਸ਼ੁਰੂ ਕੀਤੀ। ਉਹ ਸੋਸ਼ਲ ਮੀਡੀਆ ਸਾਈਟਾਂ ’ਤੇ ਰੀਲ੍ਹਾਂ ਬਣਾਉਂਦਾ ਹੈ।
ਧਰਮਿੰਦਰ ਕੁਮਾਰ ਵੱਲੋਂ ਦਰਜ ਕਰਵਾਈ ਗਈ ਐੱਫ ਆਈ ਆਰ ਤੋਂ ਬਾਅਦ ਪੁਲਸ ਨੇ ਇਸ ਨੂੰ ਕਾਬੂ ਕੀਤਾ। ਐੱਫ ਆਈ ਆਰ ’ਚ ਉਸ ਨੇ ਦੋਸ਼ ਲਾਇਆ ਕਿ ਮੌਰੀਆ ਨੇ ਰਕਮ ਦੁੱਗਣੀ ਕਰਨ ਦੇ ਨਾਂਅ ’ਤੇ ਉਸ ਨਾਲ 3 ਲੱਖ ਰੁਪਏ ਦੀ ਠੱਗੀ ਮਾਰੀ। ਮੌਰੀਆ, ਜੋ ਮੁੰਬਈ ’ਚ ਨਕਲੀ ਪਲਾਸਟਰ ਆਫ ਪੈਰਿਸ ਦਾ ਕੰਮ ਕਰਦਾ ਸੀ, ਨੂੰ ਕੰਮ ਮਿਲਣਾ ਬੰਦ ਹੋ ਗਿਆ। ਮੁੰਬਈ ’ਚ ਉਸ ਨੇ 2000 ’ਚ 40 ਸਾਲਾ ਸੰਗੀਤਾ ਨਾਲ ਵਿਆਹ ਕੀਤਾ ਸੀ ਅਤੇ ਉਸ ਦੇ 7 ਬੱਚੇ ਸਨ। ਉਹ 2010 ’ਚ ਆਪਣੀ ਨੌਕਰੀ ਗੁਆ ਬੈਠਾ ਅਤੇ ਗੋਂਡਾ ’ਚ ਆਪਣੇ ਪਿੰਡ ਵਾਪਸ ਆ ਗਿਆ, ਪਰ ਕੋਈ ਲਾਹੇਵੰਦ ਨੌਕਰੀ ਨਹੀਂ ਮਿਲੀ। ਇਸ ਤੋਂ ਬਾਅਦ ਉਹ ਅਪਰਾਧ ਵੱਲ ਗਿਆ ਅਤੇ 2016 ’ਚ ਗੋਂਡਾ ’ਚ ਉਸ ਵਿਰੁੱਧ ਚੋਰੀ ਅਤੇ ਸੰਨ੍ਹ ਲਾਉਣ ਦਾ ਪਹਿਲਾ ਕੇਸ ਦਰਜ ਕੀਤਾ ਗਿਆ ਸੀ। ਉਦੋਂ ਤੋਂ ਮੌਰੀਆ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਦੋ ਸਾਲਾਂ ਬਾਅਦ ਉਹ 30 ਸਾਲਾ ਸੁਸ਼ੀਲਾ ਦੇ ਸੰਪਰਕ ’ਚ ਆਇਆ ਅਤੇ ਧੋਖਾਧੜੀ ਦੇ ਨਵੇਂ ਢੰਗ ਅਪਣਾ ਲਏ। ਉਸ ਨੇ ਜਾਲ੍ਹੀ ਕਰੰਸੀ ਨੋਟਾਂ ਅਤੇ ਠੱਗੀ ਵਾਲੀਆਂ ਸਕੀਮਾਂ ਬਣਾ ਕੇ ਲੋਕਾਂ ਤੋਂ ਪੈਸੇ ਬਣਾਏ। 2019 ’ਚ ਉਸ ਨੇ ਸੁਸ਼ੀਲਾ ਨਾਲ ਵਿਆਹ ਕਰਵਾ ਲਿਆ। ਉਹ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਲੱਗੇ। ਸੁਸ਼ੀਲਾ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ। ਜਾਂਚ ਦੌਰਾਨ ਪੁਲਸ ਨੇ ਇਹ ਵੀ ਪਾਇਆ ਕਿ ਮੌਰੀਆ ਨੇ ਦੋ ਘਰ ਬਣਾਏ ਸਨ, ਇੱਕ ’ਚ ਸੰਗੀਤਾ ਰਹਿੰਦੀ ਹੈ ਅਤੇ ਦੂਜਾ ਸੁਸ਼ੀਲਾ ਅਤੇ ਉਸ ਦੇ ਬੱਚਿਆਂ ਲਈ, ਜਦੋਂ ਕਿ ਉਹ ਖੁਦ ਕਿਰਾਏ ਦੇ ਮਕਾਨ ’ਚ ਰਹਿੰਦਾ ਹੈ। ਦਿਲਚਸਪ ਗੱਲ ਇਹ ਹੈ ਕਿ ਉਹ ਆਪਣੀਆਂ ਪਤਨੀਆਂ ਨੂੰ ਆਲੀਸ਼ਾਨ ਜੀਵਨ ਦੇ ਰਿਹਾ ਸੀ ਤੇ ਲੁੱਟ ਦਾ ਪੈਸਾ ਉਨ੍ਹਾਂ ਵਿਚਕਾਰ ਬਰਾਬਰ ਵੰਡਦਾ ਸੀ। ਉਸ ਦੇ ਕਾਲ ਡਿਟੇਲ ਰਿਕਾਰਡ ਨੂੰ ਸਕੈਨ ਕਰਨ ’ਤੇ ਪਤਾ ਲੱਗਾ ਕਿ ਉਸ ਦੀਆਂ ਛੇ ਮਹਿਲਾ ਮਿੱਤਰ ਹਨ ਅਤੇ ਉਹ ਉਨ੍ਹਾਂ ’ਤੇ ਖਾਸਾ ਪੈਸਾ ਖਰਚਦਾ ਸੀ।