ਨਵੀਂ ਦਿੱਲੀ : ਅਮਰੀਕੀ ਨਿਆਂ ਵਿਭਾਗ ਵੱਲੋਂ ਭਾਰਤੀ ਨਾਗਰਿਕ ’ਤੇ ਵੱਖਵਾਦੀ ਗੁਰਪਤਵੰਤ ਸਿੰਘ ਪਨੂੰ ਨੂੰ ਮਾਰਨ ਦੀ ਸਾਜ਼ਿਸ਼ ਦਾ ਗੰਭੀਰ ਦੋਸ਼ ਲਾਏ ਜਾਣ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਨੂੰ ਨਸੀਹਤ ਦਿੰਦਿਆਂ ਕਿਹਾ ਹੈ-ਅਮਰੀਕਾ ਨੇ ਜਿਹੜੇ ਦੋਸ਼ ਲਾਏ ਹਨ, ਅਸੀਂ ਉਨ੍ਹਾਂ ਬਾਰੇ ਸ਼ੁਰੂ ਤੋਂ ਹੀ ਗੱਲ ਕਰਦੇ ਰਹੇ ਹਾਂ। ਅਸੀਂ ਪਹਿਲਾਂ ਹੀ ਕਹਿ ਰਹੇ ਹਾਂ ਕਿ ਭਾਰਤ ਨੂੰ ਅਜਿਹੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਟਰੂਡੋ ਨੇ ਕਿਹਾ-ਅਮਰੀਕਾ ਦਾ ਇਹ ਦੋਸ਼ ਕਿ ਭਾਰਤ ਸਰਕਾਰ ਦੇ ਅਧਿਕਾਰੀ ਨੇ ਅਮਰੀਕੀ ਧਰਤੀ ’ਤੇ ਖਾਲਿਸਤਾਨੀ ਨੇਤਾ ਦੀ ਹੱਤਿਆ ਦੀ ਅਸਫਲ ਸਾਜ਼ਿਸ਼ ਰਚੀ ਸੀ, ਕੈਨੇਡਾ ਦੇ ਇਸੇ ਤਰ੍ਹਾਂ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ’ਤੇ ਜ਼ੋਰ ਪਾਉਂਦਾ ਹੈ। ਕੈਨੇਡਾ ਦੇ ਓਟਾਵਾ ’ਚ ਪ੍ਰੈੱਸ ਕਾਨਫਰੰਸ ਦੌਰਾਨ ਟਰੂਡੋ ਨੇ ਅੱਗੇ ਕਿਹਾ ਕਿ ਅਮਰੀਕਾ ਤੋਂ ਆ ਰਹੀਆਂ ਖਬਰਾਂ ਉਸ ਵੱਲ ਇਸ਼ਾਰਾ ਕਰ ਰਹੀਆਂ ਹਨ, ਜਿਸ ਬਾਰੇ ਅਸੀਂ ਸ਼ੁਰੂ ਤੋਂ ਹੀ ਗੱਲ ਕਰ ਰਹੇ ਹਾਂ, ਭਾਰਤ ਨੂੰ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।