ਨਿਊਯਾਰਕ : ਅਮਰੀਕਾ ਵਿਚ ਸੰਘੀ ਵਕੀਲਾਂ ਨੇ ਦੋਸ਼ ਲਗਾਇਆ ਹੈ ਕਿ ਉੱਥੇ ਅਮਰੀਕੀ ਨਾਗਰਿਕ (ਵੱਖਵਾਦੀ ਗੁਰਪਤਵੰਤ ਸਿੰਘ ਪਨੂੰ ਦੇ ਨਾਂਅ ਦਾ ਸਪੱਸ਼ਟ ਜ਼ਿਕਰ ਨਹੀਂ) ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮੁਲਜ਼ਮ ਭਾਰਤੀ ਨਾਗਰਿਕ ਨੇ ਇਹ ਭਰੋਸਾ ਮਿਲਣ ਤੋਂ ਬਾਅਦ ਸਾਜ਼ਿਸ਼ ਦਾ ਹਿੱਸਾ ਹੋਣਾ ਮੰਨਿਆ ਸੀ ਕਿ ਉਸ ਖਿਲਾਫ ਗੁਜਰਾਤ ਵਿਚ ਚੱਲ ਰਿਹਾ ਅਪਰਾਧਕ ਮਾਮਲਾ ਖਤਮ ਕਰ ਦਿੱਤਾ ਜਾਵੇਗਾ।
ਅਮਰੀਕੀ ਅਦਾਲਤ ’ਚ ਜਾਰੀ ਕੀਤੇ ਇਸਤਗਾਸਾ ਪੱਖ ਦੀ ਚਾਰਜਸ਼ੀਟ ਮੁਤਾਬਕ ਨਿਖਿਲ ਗੁਪਤਾ (52) ’ਤੇ ਨਿਊਯਾਰਕ ਸਿਟੀ ’ਚ ਅਮਰੀਕੀ ਨਾਗਰਿਕ (ਪਨੂੰ) ਦੀ ਹੱਤਿਆ ਦੀ ਅਸਫਲ ਸਾਜ਼ਿਸ਼ ’ਚ ਸ਼ਾਮਲ ਹੋਣ ਦਾ ਦੋਸ਼ ਹੈ। ਇਹ ਖੁਲਾਸਾ ਨਹੀਂ ਹੋਇਆ ਹੈ ਕਿ ਕਿਸ ਅਮਰੀਕੀ ਨਾਗਰਿਕ ਦੀ ਹੱਤਿਆ ਦੀ ਸਾਜ਼ਿਸ਼ ਰਚੀ ਗਈ ਸੀ। ਫਾਈਨੈਂਸ਼ੀਅਲ ਟਾਈਮਜ਼ ਅਖਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਪਿਛਲੇ ਹਫਤੇ ਇਹ ਖਬਰ ਜਾਰੀ ਕੀਤੀ ਸੀ ਕਿ ਅਮਰੀਕੀ ਅਧਿਕਾਰੀਆਂ ਨੇ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਦੀ ਹੱਤਿਆ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਇਸ ਸਾਜ਼ਿਸ਼ ਵਿਚ ਭਾਰਤ ਸਰਕਾਰ ਨੂੰ ਉਸ ਦੇ ਸ਼ਾਮਲ ਹੋਣ ਦੇ ਖਦਸ਼ੇ ਬਾਰੇ ਚੇਤਾਵਨੀ ਦਿੱਤੀ ਸੀ।
ਅਮਰੀਕੀ ਕੇਸ ਮੁਤਾਬਕ ਮਈ 2023 ਵਿਚ ਸੀ ਸੀ-1 (ਭਾਰਤੀ ਸਰਕਾਰੀ ਅਧਿਕਾਰੀ) ਤੇ ਗੁਪਤਾ ਵਿਚਾਲੇ ਫੋਨ ’ਤੇ ਕਈ ਵਾਰ ਗੱਲਬਾਤ ਹੋਈ। ਸੀ ਸੀ-1 ਨੇ ਗੁਪਤਾ ਨੂੰ ਵਾਅਦਾ ਕੀਤਾ ਕਿ ਜੇ ਉਹ ਕੰਮ ਕਰ ਦੇਵੇ ਤਾਂ ਉਸ ਖਿਲਾਫ ਭਾਰਤ ਵਿਚਲਾ ਕੇਸ ਰੱਦ ਕਰਵਾ ਦੇਵੇਗਾ। ਗੁਪਤਾ ਸੀ ਸੀ-1 ਨੂੰ ਨਵੀਂ ਦਿੱਲੀ ਵਿਚ ਵੀ ਮਿਲਿਆ ਸੀ। ਭਾਰਤੀ ਅਧਿਕਾਰੀ ਨੇ ਗੁਪਤਾ ਨੂੰ 6 ਮਈ 2023 ਨੂੰ ਕੀਤੇ ਫੋਨ ’ਚ ਕਿਹਾ ਸੀ ਕਿ ਉਹ ਉਸਦਾ ਫੋਨ ਸੀ ਸੀ-1 ਦੇ ਨਾਂ ’ਤੇ ਸੇਵ ਕਰ ਲਵੇ। ਗੁਪਤਾ ਨੇ ਸੀ ਸੀ-1 ਦੇ ਨਾਂ ’ਤੇ ਫੋਨ ਸੇਵ ਕਰ ਲਿਆ। ਇਸਤੋਂ ਕੁਝ ਮਿੰਟਾਂ ਬਾਅਦ ਸੀ ਸੀ-1 ਨੇ ਗੁਪਤਾ ਨੂੰ ਕਿਹਾ ਕਿ ਨਿਊਯਾਰਕ ’ਚ ਬੰਦਾ ਫੁੰਡਣਾ ਹੈ ਤੇ ਇਕ ਹੋਰ ਕੈਲੀਫੋਰਨੀਆ ਵਿਚ। 12 ਮਈ ਨੂੰ ਸੀ ਸੀ-1 ਨੇ ਗੁਪਤਾ ਨੂੰ ਕਿਹਾ ਕਿ ਉਸਦੇ ਕੇਸ ਬਾਰੇ ਗੱਲ ਹੋ ਗਈ ਹੈ ਤੇ ਗੁਜਰਾਤ ਪੁਲਸ ਉਸਨੂੰ ਨਹੀਂ ਬੁਲਾਏਗੀ। 23 ਮਈ ਨੂੰ ਫਿਰ ਫੋਨ ਕਰਕੇ ਕਿਹਾ ਕਿ ਬੌਸ ਨਾਲ ਗੱਲ ਹੋ ਗਈ ਹੈ ਤੇ ਗੁਜਰਾਤ ਪੁਲਸ ਉਸਨੂੰ ਪ੍ਰੇਸ਼ਾਨ ਨਹੀਂ ਕਰੇਗੀ। ਸੀ ਸੀ-1 ਨੇ ਗੁਪਤਾ ਨੂੰ ਡੀ ਐੱਸ ਪੀ ਨਾਲ ਮੀਟਿੰਗ ਕਰਾਉਣ ਦਾ ਵਾਅਦਾ ਕੀਤਾ। ਉਸਤੋਂ ਬਾਅਦ ਗੁਪਤਾ ਆਪਣੇ ਕੰਮ ਵਿਚ ਲੱਗ ਗਿਆ। ਗੁਪਤਾ ਨੇ ਜਿਹੜਾ ਬੰਦਾ ਲੱਭਿਆ ਉਹ ਅਮਰੀਕੀ ਏਜੰਸੀ ਦਾ ਸਹਿਯੋਗੀ ਨਿਕਲਿਆ ਤੇ ਸਕੀਮ ਫੇਲ੍ਹ ਹੋ ਗਈ। ਬਾਅਦ ਵਿਚ ਹੋਈਆਂ ਗੱਲਾਂਬਾਤਾਂ ਵਿਚ ਸੀ ਸੀ-1 ਨੇ ਕਤਲ ਲਈ ਇੱਕ ਲੱਖ ਡਾਲਰ ਦੇਣ ਦੀ ਗੱਲ ਕਹੀ, ਜਿਸ ਵਿੱਚੋਂ 15 ਹਜ਼ਾਰ ਡਾਲਰ ਪੇਸ਼ਗੀ ਦੇਣੇ ਸੀ। ਕੌਮਾਂਤਰੀ ਡਰੱਗ ਸਮੱਗਲਰ ਗੁਪਤਾ ਜੂਨ 2023 ਵਿਚ ਅਮਰੀਕਾ ਦੀ ਬੇਨਤੀ ’ਤੇ ਚੈੱਕ ਗਣਰਾਜ ਵਿਚ ਨੱਪਿਆ ਗਿਆ।