ਚੰਡੀਗੜ੍ਹ : ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ ਦੇ 7 ਕੈਡੇਟ ਵੀਰਵਾਰ ਨੈਸ਼ਨਲ ਡਿਫੈਂਸ ਅਕੈਡਮੀ (ਐੱਨ ਡੀ ਏ) ਪੁਣੇ ਤੋਂ ਪਾਸ-ਆਊਟ ਹੋਏ ਹਨ। ਇਸ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਰਾਸ਼ਟਰਪਤੀ ਅਤੇ ਆਰਮਡ ਫੋਰਸਿਜ਼ ਦੇ ਸੁਪਰੀਮ ਕਮਾਂਡਰ ਦਰੋਪਦੀ ਮੁਰਮੂ ਵੱਲੋਂ ਕੀਤਾ ਗਿਆ। ਤਿੰਨ ਸਾਲ ਦੀ ਸਿਖਲਾਈ ਤੋਂ ਬਾਅਦ ਇਹ 7 ਕੈਡੇਟ ਪ੍ਰਥਮ ਪਰਮਾਰ, ਸ਼ਿਵ ਕੁਮਾਰ, ਕਿ੍ਰਤਿਨ ਗੁਪਤਾ, ਸਾਹਿਲਦੀਪ ਸਿੰਘ, ਸਾਹਿਲਪ੍ਰੀਤ ਸਿੰਘ, ਉੱਤਮ ਮਲਿਕ ਅਤੇ ਭਰਤ ਸ਼ਰਮਾ ਹੁਣ ਵੱਖ-ਵੱਖ ਸਰਵਿਸ ਟਰੇਨਿੰਗ ਅਕੈਡਮੀਆਂ ਜੁਆਇਨ ਕਰਨਗੇ ਅਤੇ ਇੱਕ ਸਾਲ ਬਾਅਦ ਇਹ ਕੈਡੇਟ ਕਮਿਸ਼ਨਡ ਅਫਸਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ। ਆਈ ਐੱਮ ਏ ਦੇਹਰਾਦੂਨ ਤੋਂ ਗ੍ਰੈਜੂਏਸ਼ਨ ਉਪਰੰਤ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 7ਵੇਂ ਕੋਰਸ ਦੇ ਚਾਰ ਕੈਡਿਟ 9 ਦਸੰਬਰ ਨੂੰ ਭਾਰਤੀ ਫੌਜ ’ਚ ਕਮਿਸ਼ਨਡ ਅਫਸਰ ਵਜੋਂ ਨਿਯੁਕਤ ਹੋਣਗੇ। ਆਈ ਐੱਮ ਏ ਤੋਂ ਇਨ੍ਹਾਂ ਕੈਡਿਟਾਂ ਦੇ ਪਾਸ ਆਊਟ ਹੋਣ ਨਾਲ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਤੋਂ ਸਿਖਲਾਈ ਪ੍ਰਾਪਤ ਕਰਨ ਵਾਲੇ ਕਮਿਸ਼ਨਡ ਅਫਸਰਾਂ ਦੀ ਗਿਣਤੀ 145 ਹੋ ਜਾਵੇਗੀ। ਇੰਸਟੀਚਿਊਟ ਦੀ ਸਫ਼ਲਤਾ ਪ੍ਰਤੀਸ਼ਤਤਾ ਵਧ ਕੇ ਦੇਸ਼ ’ਚ ਸਭ ਤੋਂ ਵੱਧ 54.89 ਫੀਸਦ ਹੋ ਜਾਵੇਗੀ। ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਸਖਤ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐੱਚ ਚੌਹਾਨ ਨੇ ਕਿਹਾ ਕਿ ਹੁਣ ਇੰਸਟੀਚਿਊਟ ਦੇ 12 ਕੈਡਿਟ ਵੱਖ-ਵੱਖ ਸਰਵਿਸ ਟਰੇਨਿੰਗ ਅਕੈਡਮੀਆਂ ਤੋਂ ਆਪਣੇ ਕਾਲ-ਅੱਪ ਲੈਟਰਜ਼ ਦੀ ਉਡੀਕ ਕਰ ਰਹੇ ਹਨ। ਇਸ ਤੋਂ ਇਲਾਵਾ ਜਲਦੀ 37 ਕੈਡੇਟਾਂ ਦੀ ਸਰਵਿਸਿਜ਼ ਸਿਲੈਕਸ਼ਨ ਬੋਰਡ (ਐੱਸ ਐੱਸ ਬੀ) ਵੱਲੋਂ ਇੰਟਰਵਿਊ ਕੀਤੀ ਜਾਵੇਗੀ। ਇੰਸਟੀਚਿਊਟ ਦਾ ਨਵਾਂ ਕੋਰਸ ਅਪਰੈਲ 2024 ’ਚ ਸ਼ੁਰੂ ਹੋਵੇਗਾ, ਜਿਸਦਾ ਇਸ਼ਤਿਹਾਰ ਪ੍ਰਕਾਸ਼ਤ ਕਰ ਦਿੱਤਾ ਗਿਆ ਹੈ।