ਨਵੀਂ ਦਿੱਲੀ : ਪੰਜ ਰਾਜਾਂ ਦੀਆਂ ਅਸੰਬਲੀ ਚੋਣਾਂ ਲਈ ਵੋਟਾਂ ਪਾਉਣ ਦਾ ਕੰਮ ਵੀਰਵਾਰ ਨਿੱਬੜ ਜਾਣ ਦੇ ਬਾਅਦ ਆਏ ਐਗਜ਼ਿਟ ਪੋਲਾਂ ਵਿੱਚੋਂ ਬਹੁਤਿਆਂ ਨੇ ਭਾਜਪਾ ਵੱਲੋਂ ਮੱਧ ਪ੍ਰਦੇਸ਼ ਬਚਾਅ ਲੈਣ ਤੇ ਰਾਜਸਥਾਨ ’ਤੇ ਕਬਜ਼ਾ ਕਰ ਲੈਣ ਦੀ ਗੱਲ ਕਹੀ ਹੈ। ਕਾਂਗਰਸ ਦੇ ਛੱਤੀਸਗੜ੍ਹ ਬਚਾਅ ਲੈਣ ਦੀ ਭਵਿੱਖਬਾਣੀ ਕੀਤੀ ਹੈ। ਤਿਲੰਗਾਨਾ ਵਿਚ ਕਾਂਗਰਸ ਤੇ ਬੀ ਆਰ ਐੱਸ ਵਿਚਾਲੇ ਕਾਂਟੇ ਦੀ ਟੱਕਰ ਹੈ। ਮਿਜ਼ੋਰਮ ਵਿਚ ਕਿਸੇ ਨੂੰ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ। ਉਜ ਅਸਲ ਪਤਾ 3 ਦਸੰਬਰ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਲੱਗੇਗਾ।
ਟਾਈਮਜ਼ ਨਾਊ ਈ ਟੀ ਜੀ ਚੈਨਲ ਮੁਤਾਬਕ ਰਾਜਸਥਾਨ, ਜਿੱਥੇ ਕਾਂਗਰਸ ਸੱਤਾ ਵਿਚ ਹੈ, ’ਚ ਭਾਜਪਾ 199 ਵਿੱਚੋਂ ਵੱਧ ਤੋਂ ਵੱਧ 110-128 ਸੀਟਾਂ ਲੈ ਜਾਵੇਗੀ ਜਦਕਿ ਟੀ ਵੀ-9 ਪੋਲ ਸਟਾਰਟ ਮੁਤਾਬਕ ਕਾਂਗਰਸ ਵੱਧ ਤੋਂ ਵੱਧ 100-110 ਸੀਟਾਂ ਲਿਜਾ ਸਕਦੀ ਹੈ। 230 ਮੈਂਬਰੀ ਮੱਧ ਪ੍ਰਦੇਸ਼ ਅਸੰਬਲੀ ਲਈ ਜੀ ਨਿਊਜ਼ ਸੀ ਐੱਨ ਐੱਕਸ ਤੇ ਰਿਪਬਲਿਕ ਪੀ ਮਾਰਕ ਨੇ ਭਾਜਪਾ ਨੂੰ 118-130 ਸੀਟਾਂ ਦਿੱਤੀਆਂ ਹਨ ਜਦਕਿ ਇੰਡੀਆ ਟੂਡੇ-ਐਕਸਿਸ ਮਾਇ ਇੰਡੀਆ ਤੇ ਟੀ ਵੀ-9 ਪੋਲ ਸਟਾਰਟ ਨੇ ਕਾਂਗਰਸ ਨੂੰ 111-121 ਸੀਟਾਂ ਦਿੱਤੀਆਂ ਹਨ। ਜਨ ਕੀ ਬਾਤ ਨੇ 102-125 ਸੀਟਾਂ ਕਾਂਗਰਸ ਨੂੰ ਦਿੱਤੀਆਂ ਹਨ।
90 ਮੈਂਬਰੀ ਛੱਤੀਸਗੜ੍ਹ ਅਸੰਬਲੀ ਲਈ ਏ ਬੀ ਪੀ ਸੀ ਵੋਟਰਜ਼ ਨੇ ਭਾਜਪਾ ਨੂੰ ਸਭ ਤੋਂ ਵੱਧ 36-48 ਸੀਟਾਂ ਦਿੱਤੀਆਂ ਹਨ ਜਦਕਿ ਬਹੁਤੇ ਚੈਨਲਾਂ ਨੇ ਕਾਂਗਰਸ ਨੂੰ 40 ਤੋਂ 56 ਸੀਟਾਂ ਦਿੱਤੀਆਂ ਹਨ।
119 ਮੈਂਬਰੀ ਤਿਲੰਗਾਨਾ ਅਸੰਬਲੀ ਲਈ ਜਨ ਕੀ ਬਾਤ ਨੇ ਸੱਤਾਧਾਰੀ ਬੀ ਆਰ ਐੱਸ ਨੂੰ 40-55 ਤੇ ਇੰਡੀਆ ਟੀ ਵੀ ਸੀ ਐੱਨ ਐੱਕਸ ਨੇ 31-47 ਸੀਟਾਂ ਦਿੱਤੀਆਂ ਹਨ। ਇਨ੍ਹਾਂ ਨੇ ਭਾਜਪਾ ਨੂੰ ਕ੍ਰਮਵਾਰ 7-13 ਅਤੇ 2-4 ਸੀਟਾਂ ਦਿੱਤੀਆਂ ਹਨ। ਕਾਂਗਰਸ ਨੂੰ ਕ੍ਰਮਵਾਰ 48-64 ਤੇ 63-79 ਸੀਟਾਂ ਦਿੱਤੀਆਂ ਹਨ।
40 ਮੈਂਬਰੀ ਮਿਜ਼ੋਰਮ ਅਸੰਬਲੀ ਵਿਚ ਜਨ ਕੀ ਬਾਤ ਨੇ ਕਾਂਗਰਸ ਨੂੰ 5-9, ਐੱਮ ਐੱਨ ਐੱਫ ਨੂੰ 10-14, ਜ਼ੈੱਡ ਪੀ ਐੱਮ ਨੂੰ 15-25 ਤੇ ਭਾਜਪਾ ਨੂੰ 0-2 ਸੀਟਾਂ ਦਿੱਤੀਆਂ ਹਨ। ਕਿਸੇ ਵੀ ਪੋਲ ਨੇ ਕਿਸੇ ਪਾਰਟੀ ਸਪੱਸ਼ਟ ਬਹੁਮਤ ਨਹੀਂ ਦਿੱਤਾ ਹੈ।