ਵਾਸ਼ਿੰਗਟਨ : ਅਮਰੀਕਾ ਵਿਚ ਅਧਿਕਾਰੀਆਂ ਨੇ 20 ਸਾਲਾ ਉਸ ਭਾਰਤੀ ਵਿਦਿਆਰਥੀ ਨੂੰ ਛੁਡਵਾਇਆ ਹੈ, ਜਿਸ ਨੂੰ ਕਈ ਮਹੀਨਿਆਂ ਤੋਂ ਬੰਦੀ ਬਣਾ ਕੇ ਰੱਖਿਆ ਗਿਆ ਸੀ | ਇਸ ਦੌਰਾਨ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਸੀ ਅਤੇ ਕਈ ਵਾਰ ਟਾਇਲਟ ਵਿਚ ਜਾਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ ਸੀ | ਇਸ ਭਾਰਤੀ ਨੌਜਵਾਨ ਦੇ ਚਚੇਰੇ ਭਰਾ ਅਤੇ ਦੋ ਹੋਰਾਂ ਨੇ ਉਸ ਨਾਲ ਅਜਿਹਾ ਵਿਵਹਾਰ ਕੀਤਾ ਅਤੇ ਉਸ ਨੂੰ ਤਿੰਨ ਘਰਾਂ ‘ਚ ਕੰਮ ਕਰਨ ਲਈ ਮਜਬੂਰ ਕੀਤਾ | ਇਸ ਘਟਨਾ ਨੂੰ ਪੂਰੀ ਤਰ੍ਹਾਂ ਅਣਮਨੁੱਖੀ ਕਰਾਰ ਦਿੱਤਾ ਗਿਆ ਹੈ | ਪੀੜਤ ਵਿਦਿਆਰਥੀ ਦੇ ਨਾਂਅ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ | ਉਸ ਨੇ ਕਈ ਮਹੀਨੇ ਅਮਰੀਕਾ ਦੇ ਮਿਸੂਰੀ ਸੂਬੇ ‘ਚ ਤਿੰਨ ਘਰਾਂ ‘ਚ ਬੰਦੀ ਬਣਾ ਕੇ ਬਿਤਾਏ |
ਪੁਲਸ ਨੇ ਸੇਂਟ ਚਾਰਲਸ ਕਾਊਾਟੀ ਦੇ ਘਰ ‘ਤੇ ਛਾਪਾ ਮਾਰਿਆ ਅਤੇ ਵੈਂਕਟੇਸ਼ ਆਰ. ਸੱਤਾਰੂ, ਸਰਵਨ ਵਰਮਾ ਪੇਨੁਮੇਛਾ ਅਤੇ ਨਿਖਿਲ ਵਰਮਾ ਪੇਨੁਮੇਛਾ ਨੂੰ ਗਿ੍ਫਤਾਰ ਕੀਤਾ | ਉਨ੍ਹਾਂ ਦੇ ਖਿਲਾਫ ਮਨੁੱਖੀ ਤਸਕਰੀ, ਅਗਵਾ ਅਤੇ ਕੁੱਟਮਾਰ ਦੇ ਅਪਰਾਧਾਂ ਲਈ ਮਾਮਲਾ ਦਰਜ ਕੀਤਾ ਗਿਆ | ਸੁਚੇਤ ਨਾਗਰਿਕ ਨੇ ਪੁਲਸ ਨੂੰ ਫੋਨ ਕਰਕੇ ਸਥਿਤੀ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕੀਤੀ |
ਪੀੜਤ ਹੁਣ ਸੁਰੱਖਿਅਤ ਹੈ, ਪਰ ਕਈ ਹੱਡੀਆਂ ਟੁੱਟਣ ਕਾਰਨ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ | ਵਿਦਿਆਰਥੀ ਨੂੰ 7 ਮਹੀਨਿਆਂ ਤੋਂ ਵੱਧ ਸਮੇਂ ਤੱਕ ਬੇਸਮੈਂਟ ‘ਚ ਬੰਦ ਰੱਖਿਆ ਗਿਆ ਅਤੇ ਉਸ ਨੂੰ ਟਾਇਲਟ ਦੀ ਸਹੂਲਤ ਵੀ ਨਹੀਂ ਦਿੱਤੀ ਗਈ | ਅਧਿਕਾਰੀ ਨੇ ਸੱਤਾਰੂ ਨੂੰ ਗਰੋਹ ਦਾ ਸਰਗਨਾ ਕਰਾਰ ਦਿੱਤਾ ਹੈ | ਉਸ ‘ਤੇ ਮਨੁੱਖੀ ਤਸਕਰੀ ਦਾ ਵੀ ਦੋਸ਼ ਹੈ |