31.1 C
Jalandhar
Saturday, April 20, 2024
spot_img

ਅਸੀਂ ਨਹੀਂ ਰਹਿਣਾ ਕਸ਼ਮੀਰ ‘ਚ!

ਨਵੀਂ ਦਿੱਲੀ : ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਸੁਰੱਖਿਆ ਦੇ ਭਰੋਸਿਆਂ ਦੇ ਬਾਵਜੂਦ ਵਿਸ਼ਾਲ ਰੈਣਾ ਕਸ਼ਮੀਰ ਨਹੀਂ ਪਰਤਣਾ ਚਾਹੁੰਦਾ | ਉਹ ਹਾਲ ਹੀ ਵਿਚ ਹਿੰਦੂਆਂ ਤੇ ਗੈਰ-ਸਥਾਨਕ ਲੋਕਾਂ ਦੇ ਕਤਲਾਂ ਤੋਂ ਬਹੁਤ ਡਰਿਆ ਹੋਇਆ ਹੈ | ਸਤੰਬਰ 2021 ਵਿਚ ਸ਼ੁਰੂ ਹੋਏ ਤੇ ਹਾਲ ਹੀ ਵਿਚ ਕਾਫੀ ਵਧ ਗਏ ਕਤਲਾਂ ਕਾਰਨ ਉਮੀਦ ਤੇ ਨਾਉਮੀਦੀ ਵਿਚ ਲਟਕ ਰਹੇ ਵਿਸ਼ਾਲ ਰੈਣਾ ਦੀ ਕੇਂਦਰ ਸਰਕਾਰ ਤੋਂ ਮੰਗ ਹੈ ਕਿ ਉਸ ਵਰਗੇ ਸਰਕਾਰੀ ਨੌਕਰਾਂ ਦੀ ਬਦਲੀ ਕਸ਼ਮੀਰ ਤੋਂ ਜੰਮੂ ਕੀਤੀ ਜਾਵੇ | ਵਿਸ਼ਾਲ ਉਨ੍ਹਾਂ ਕੋਈ 4500 ਲੋਕਾਂ ਵਿਚੋਂ ਹੈ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਮੁੜਵਸੇੇਬਾ ਪੈਕੇਜ ਤਹਿਤ ਕਸ਼ਮੀਰ ਵਿਚ ਨੌਕਰੀਆਂ ਦਿੱਤੀਆਂ ਗਈਆਂ ਸਨ | ਉਸ ਦੀ ਸ੍ਰੀਨਗਰ ਦੇ ਇਕ ਸਕੂਲ ਵਿਚ ਤਾਇਨਾਤੀ ਸੀ |
ਕਰੀਬ 100 ਕਸ਼ਮੀਰੀ ਪੰਡਤਾਂ ਨੇ ਐਤਵਾਰ ਇੱਥੇ ਜੰਤਰ-ਮੰਤਰ ਵਿਚ ਪ੍ਰਦਰਸ਼ਨ ਕਰਕੇ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨੀ ਸਰਪ੍ਰਸਤੀ ਵਾਲੇ ਦਹਿਸ਼ਤਗਰਦਾਂ ਤੋਂ ਬਚਾਓ ਤੇ ਜੰਮੂ ਵਿਚ ਨਿਯੁਕਤ ਕਰੋ | ਉਹ ਡਰ ਦੇ ਮਾਹੌਲ ਵਿਚ ਕਸ਼ਮੀਰ ਪਰਤਣ ਦੀ ਪੁਜ਼ੀਸ਼ਨ ਵਿਚ ਨਹੀਂ ਹਨ | ਜੰਮੂ ਆਪਣੇ ਪਰਵਾਰਾਂ ਕੋਲ ਪਰਤਣਾ ਚਾਹੁੰਦੇ ਹਨ |
ਸਰਕਾਰੀ ਟੀਚਰ ਰਜਨੀ ਬਾਲਾ ਨੇ ਕਸ਼ਮੀਰ ਦੇ ਗੋਪਾਲਪਾਰਾ ਤੋਂ ਹੋਰ ਕਿਤੇ ਬਦਲਣ ਲਈ ਕਈ ਅਰਜ਼ੋਈਆਂ ਕੀਤੀਆਂ ਸਨ, ਪਰ ਸਰਕਾਰ ਨੇ ਨਹੀਂ ਸੁਣੀਆਂ ਤੇ ਆਖਰ ਦਹਿਸ਼ਤਗਰਦਾਂ ਨੇ ਉਸ ਨੂੰ ਮਾਰ ਦਿੱਤਾ | ਵਿਸ਼ਾਲ ਨੂੰ ਵੀ ਟੀ ਆਰ ਐੱਫ ਨਾਂਅ ਦੀ ਜਥੇਬੰਦੀ ਤੋਂ ਕਈ ਧਮਕੀਆਂ ਮਿਲੀਆਂ | ਇਕ ਹੋਰ ਪ੍ਰੋਟੈੱਸਟਰ ਨੇਹਾ ਪੰਡਿਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਪੈਕੇਜ ਪੂਰੀ ਤਰ੍ਹਾਂ ਫੇਲ੍ਹ ਹੈ | ਉਸ ਨੇ ਕਿਹਾ-ਪਹਿਲਾਂ ਸਾਨੂੰ ਕਸ਼ਮੀਰ ਵਿਚ ਸਾਡੇ ਘਰਾਂ ‘ਚ ਨਿਸ਼ਾਨਾ ਬਣਾਇਆ ਗਿਆ | ਪ੍ਰਸ਼ਾਸਨ ਨੇ ਸੁਰੱਖਿਆ ਕੈਂਪਾਂ ਵਿਚ ਬਦਲ ਦਿੱਤਾ | ਦਹਿਸ਼ਤਗਰਦ ਫਿਰ ਸਾਨੂੰ ਸੜਕਾਂ ‘ਤੇ ਮਾਰਨ ਲੱਗ ਪਏ | ਫਿਰ ਸਾਨੂੰ ਦਫਤਰਾਂ ਦੇ ਨੇੜੇ ਰੱਖਿਆ ਗਿਆ, ਪਰ ਦਹਿਸ਼ਤਗਰਦ ਹੁਣ ਦਫਤਰਾਂ ਵਿਚ ਵੜ ਕੇ ਮਾਰ ਰਹੇ ਹਨ | ਸੋਸ਼ਲ ਮੀਡੀਆ ‘ਤੇ ਨਾਂਅ ਤੇ ਫੋਟੋ ਨਾਲ ਦੱਸਿਆ ਜਾ ਰਿਹਾ ਹੈ ਕਿ ਕਿਸ ਨੂੰ ਮਾਰਨਾ ਹੈ | ਇਸ ਮਾਹੌਲ ਵਿਚ ਅਸੀਂ ਉਥੇ ਕਿਵੇਂ ਰਹਿ ਸਕਦੇ ਹਾਂ | ਸਰਕਾਰ ਸਾਨੂੰ ਜੰਮੂ ਵਾਪਸ ਲਿਆਵੇ ਤੇ ਜੰਮੂ ਰਿਲੀਫ ਕਮਿਸ਼ਨਰ ਦੇ ਦਫਤਰ ਨਾਲ ਅਟੈਚ ਕਰੇ |
ਪੰਡਿਤਾਂ ਦਾ ਡਰ ਵਾਜਬ ਹੈ | ਪ੍ਰਧਾਨ ਮੰਤਰੀ ਪੈਕੇਜ ਤਹਿਤ ਮਾਲ ਵਿਭਾਗ ਵਿਚ ਤਾਇਨਾਤ ਰਾਹੁਲ ਭੱਟ ਨੂੰ 11 ਮਈ ਨੂੰ ਦਹਿਸ਼ਤਗਰਦਾਂ ਨੇ ਉਸ ਦੇ ਦਫਤਰ ਦੇ ਅੰਦਰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ | ਉਹ ਬਡਗਾਮ ਦੇ ਸ਼ੇਖੋਪੋਰਾ ਵਿਚ ਥਾਂ ਰਹਿੰਦਾ ਸੀ, ਜਿਹੜੀ ਸਰਕਾਰ ਨੇ ਪੈਕੇਜ ਤਹਿਤ ਨਿਰਧਾਰਤ ਕੀਤੀ ਸੀ |
ਅਨੰਤਨਾਗ ਵਿਚ ਟੀਚਰ ਵਜੋਂ ਤਾਇਨਾਤ ਲੱਕੀ ਨੇ ਕਿਹਾ ਕਿ ਸਰਕਾਰ ਨੂੰ ਕਸ਼ਮੀਰੀ ਪੰਡਤਾਂ ਨੂੰ ਜੰਮੂ ਬਦਲਣ ਨੂੰ ਵਕਾਰ ਦਾ ਸੁਆਲ ਨਹੀਂ ਬਣਾਉਣਾ ਚਾਹੀਦਾ | ਉਸ ਨੇ ਪੁੱਛਿਆ-ਕੀ ਸਰਕਾਰ ਦਾ ਵਕਾਰ ਸਾਡੀਆਂ ਜਾਨਾਂ ਨਾਲੋਂ ਵੱਡਾ ਹੈ | ਜਦੋਂ ਭਾਜਪਾ ਸਰਕਾਰ 2014 ਵਿਚ ਬਣੀ, ਸਾਡੇ ਵਿਚ ਹਕੀਕੀ ਮੁੜਵਸੇਬੇ ਦੀਆਂ ਬਹੁਤ ਆਸਾਂ ਜਾਗੀਆਂ ਪਰ ਉਹ ਪੂਰੀਆਂ ਨਹੀਂ ਹੋਈਆਂ | ਧਾਰਾ 370 ਖਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਦੀ ਆਰਥਿਕਤਾ ਕੁਝ ਸੁਧਰੀ, ਪਰ ਕਸ਼ਮੀਰੀ ਪੰਡਤਾਂ ਨੂੰ ਗੋਲੀਆਂ ਤੋਂ ਸਿਵਾਏ ਕੀ ਮਿਲਿਆ? ਲੱਕੀ ਨੇ ਕਿਹਾ ਕਿ ਉਹ ਡਿਊਟੀ ਕਰਨ ਦੇ ਸਮਰੱਥ ਨਹੀਂ ਰਿਹਾ | ਜਦੋਂ ਵੀ ਉਸ ਦੇ ਕਲਾਮ ਰੂਮ ਦਾ ਦਰਵਾਜ਼ਾ ਖੜਕਦਾ ਹੈ, ਮੌਤ ਦੇ ਡਰੋਂ ਦਿਲ ਧੱਕ-ਧੱਕ ਕਰਨ ਲੱਗ ਜਾਂਦਾ ਹੈ | ਅਸੁਰੱਖਿਆ ਦੀ ਇਹ ਭਾਵਨਾ ਪੀੜਤ ਹੀ ਸਮਝ ਸਕਦਾ ਹੈ | ਨਿਰੰਤਰ ਡਰ ਵਿਚ ਰਹਿਣਾ ਅਸੰਭਵ ਹੈ | ਪ੍ਰਧਾਨ ਮੰਤਰੀ ਪੈਕੇਜ ਇੰਪਲਾਈਜ਼ ਐਸੋਸੀਏਸ਼ਨ ਦੋ ਮਹੀਨਿਆਂ ਤੋਂ ਦਿੱਲੀ ਦੇ ਜੰਤਰ-ਮੰਤਰ, ਜੰਮੂ ਦੇ ਜੰਮੂ ਰਿਲੀਫ ਕਮਿਸ਼ਨਰ ਦੇ ਦਫਤਰ ਤੇ ਵੱਖ-ਵੱਖ ਕਸ਼ਮੀਰੀ ਸ਼ਹਿਰਾਂ ਵਿਚ ਲਗਾਤਾਰ ਪ੍ਰੋਟੈੱਸਟ ਕਰ ਰਹੀ ਹੈ | ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਣ ਦੇ ਬਾਵਜੂਦ ਉਨ੍ਹਾਂ ਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ | ਉਨ੍ਹਾਂ ਦਾ ਕਹਿਣਾ ਹੈ ਕਿ ਦਹਿਸ਼ਤਗਰਦ ਹਿੰਦੂਆਂ ਨੂੰ ਕਿਰਾਏ ‘ਤੇ ਮਕਾਨ ਦੇਣ ਵਾਲੇ ਕਸ਼ਮੀਰੀ ਮੁਸਲਮਾਨਾਂ ਨੂੰ ਵੀ ਧਮਕਾਉਣ ਲੱਗ ਪਏ ਹਨ | ਪੈਕੇਜ ਤਹਿਤ ਕਰੀਬ 6000 ਪੋਸਟਾਂ ਹਨ ਤੇ ਸਿਰਫ ਇਕ ਹਜ਼ਾਰ ਸੁਰੱਖਿਅਤ ਦੱਸੀਆਂ ਜਾਂਦੀਆਂ ਥਾਂਵਾਂ ‘ਤੇ ਰਹਿੰਦੇ ਹਨ, ਜਦਕਿ ਬਾਕੀਆਂ ਨੂੰ ਕਿਰਾਏ ਦੇ ਮਕਾਨਾਂ ਵਿਚ ਰਹਿਣਾ ਪੈ ਰਿਹਾ ਹੈ | ਉਨ੍ਹਾਂ ਦਾ ਕੇਂਦਰ ਸਰਕਾਰ ਨੂੰ ਸੁਆਲ ਹੈ ਕਿ ਉਹ ਕਿੱਥੇ ਰਹਿਣ? ਸੁਰੱਖਿਆ ਏਜੰਸੀਆਂ ਵਿਸ਼ਾਲ ਵਰਗਿਆਂ ਨੂੰ ਕਹਿੰਦੀਆਂ ਹਨ ਕਿ ਉਹ ਘਰੋਂ ਬਾਹਰ ਨਾ ਨਿਕਲਣ |

Related Articles

LEAVE A REPLY

Please enter your comment!
Please enter your name here

Latest Articles