ਪਿਓਾਗਯਾਂਗ : ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਨੇ ਆਪਣੇ ਸੈਨਿਕਾਂ ਨੂੰ ਕਿਸੇ ਵੀ ਭੜਕਾਹਟ ਦੇ ਖਿਲਾਫ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ | ਇਸ ਤੋਂ ਪਹਿਲਾਂ ਕਿਮ ਜੋਂਗ ਨੇ ਦੱਖਣੀ ਕੋਰੀਆ ਨਾਲ ਲੱਗਦੀ ਆਪਣੀ ਸਰਹੱਦ ‘ਤੇ ਮਜ਼ਬੂਤ ਹਥਿਆਰਬੰਦ ਬਲਾਂ ਅਤੇ ਨਵੇਂ ਹਥਿਆਰ ਤਾਇਨਾਤ ਕਰਨ ਦੀ ਸਹੁੰ ਖਾਧੀ ਸੀ ਅਤੇ ਹੁਣ ਉਨ੍ਹਾ ਦੁਸ਼ਮਣਾਂ ਦੀ ਕਿਸੇ ਵੀ ਭੜਕਾਹਟ ਦਾ ਜਵਾਬ ਦੇਣ ਲਈ ਫੌਜੀ ਤਿਆਰੀਆਂ ਦਾ ਸੱਦਾ ਦਿੱਤਾ ਹੈ | ਕਿਮ ਜੋਂਗ ਨੇ ਹਵਾਈ ਸੈਨਾ ਦੇ ਹੈੱਡਕੁਆਰਟਰ ਦਾ ਦੌਰਾ ਕੀਤਾ ਅਤੇ ਫੌਜ ਦੀ ਤਿਆਰੀ ਅਤੇ ਲੜਾਈ ਸਮਰੱਥਾ ਨੂੰ ਬਿਹਤਰ ਬਣਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ | ਇਸ ਮੌਕੇ ਇਕ ਏਅਰ ਸ਼ੋਅ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਲੜਾਕੂ ਜਹਾਜ਼ਾਂ ਨੇ ਆਪਣੇ ਲੜਾਕੂ ਹੁਨਰ ਦਾ ਪ੍ਰਦਰਸ਼ਨ ਕੀਤਾ |
ਉੱਤਰੀ ਕੋਰੀਆ ਨੇ ਪਿਛਲੇ ਹਫਤੇ ਆਪਣਾ ਪਹਿਲਾ ਜਾਸੂਸੀ ਉਪ ਗ੍ਰਹਿ ਸਫਲਤਾਪੂਰਵਕ ਲਾਂਚ ਕੀਤਾ ਸੀ | ਇਸ ‘ਤੇ ਉੱਤਰੀ ਕੋਰੀਆ ਨੇ ਕਿਹਾ ਸੀ ਕਿ ਉਹ ਅਮਰੀਕੀ ਅਤੇ ਦੱਖਣੀ ਕੋਰੀਆ ਦੀਆਂ ਫੌਜੀ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਤਿਆਰ ਕੀਤਾ ਗਿਆ ਹੈ | ਇਸ ਦੇ ਨਾਲ ਹੀ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੇ ਇਸ ਲਾਂਚ ਦੀ ਸਖਤ ਨਿੰਦਾ ਕਰਦੇ ਹੋਏ ਇਸ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਕਈ ਪ੍ਰਸਤਾਵਾਂ ਦੀ ਉਲੰਘਣਾ ਦੱਸਿਆ ਸੀ | ਉੱਤਰੀ ਕੋਰੀਆ ਨੇ ਇਸ ਨੂੰ ਸਵੈ-ਰੱਖਿਆ ਦੇ ਅਧਿਕਾਰ ਦਾ ਅਭਿਆਸ ਦੱਸਿਆ ਅਤੇ ਕਿਹਾ ਕਿ ਉਹ ਭਵਿੱਖ ‘ਚ ਹੋਰ ਸੈਟੇਲਾਈਟ ਲਾਂਚ ਕਰੇਗਾ | ਦੱਖਣੀ ਕੋਰੀਆ ਨੇ ਸੈਟੇਲਾਈਟ ਲਾਂਚ ਦੇ ਜਵਾਬ ‘ਚ ਇੱਕ ਅੰਤਰ-ਕੋਰੀਆਈ ਫੌਜੀ ਸਮਝੌਤੇ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉੱਤਰੀ ਕੋਰੀਆ ਨਾਲ ਲੱਗਦੀ ਸਰਹੱਦ ‘ਤੇ ਨਿਗਰਾਨੀ ਵਧਾ ਦਿੱਤੀ ਹੈ |