ਸੰਗਰੂਰ (ਫਤਿਹ ਪ੍ਰਭਾਕਰ)
ਨੇੜਲੇ ਪਿੰਡ ਘਾਬਦਾਂ ’ਚ ਸਰਕਾਰੀ ਮੈਰੀਟੋਰੀਅਸ ਸਕੂਲ ਦੇ ਵੱਡੀ ਗਿਣਤੀ ’ਚ ਵਿਦਿਆਰਥੀ ਮਾੜੇ ਖਾਣੇ ਕਾਰਨ ਬਿਮਾਰ ਹੋ ਗਏ ਤੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਅਤੇ ਪੀ ਜੀ ਆਈ ਘਾਬਦਾਂ ’ਚ ਦਾਖਲ ਕਾਰਵਾਇਆ ਗਿਆ। ਇਸ ਦੌਰਾਨ ਐੱਫ ਆਈ ਆਰ ਦਰਜ ਕਰਕੇ ਮੈੱਸ ਦੇ ਠੇਕੇਦਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਸੂਰਵਾਰਾਂ ਵਿਰੁੱਧ ਸਖਤ ਐਕਸ਼ਨ ਲੈਣ ਦਾ ਭਰੋਸਾ ਦਿੰਦਿਆਂ ਕੰਟੀਨ ਦਾ ਠੇਕਾ ਰੱਦ ਕਰ ਦਿੱਤਾ ਹੈ।
ਸੰਗਰੂਰ ਦੀ ਸਿਵਲ ਸਰਜਨ ਸੰਗਰੂਰ ਡਾ. ਅੰਜੂ ਸਿੰਗਲਾ ਮੁਤਾਬਕ ਬੱਚਿਆਂ ਦੇ ਖਾਣੇ ਵਿਚ ਕੋਈ ਦਿੱਕਤ ਆਉਣ ਕਾਰਨ ਇਹ ਬੱਚੇ ਬਿਮਾਰ ਹੋਏ ਲੱਗਦੇ ਹਨ। ਉਨ੍ਹਾ ਦੱਸਿਆ ਕਿ 65 ਬੱਚੇ ਬਿਮਾਰ ਹੋਏ ਹਨ, ਜਿਨ੍ਹਾਂ ਵਿੱਚੋਂ 36 ਸਿਵਲ ਹਸਪਤਾਲ ਅਤੇ ਕੁਝ ਪੀ ਜੀ ਆਈ ਘਾਬਦਾਂ ’ਚ ਦਾਖਲ ਹਨ।
ਐੱਸ ਐੱਸ ਪੀ ਸਰਤਾਜ ਸਿੰਘ ਚਹਿਲ ਸਮੇਤ ਹੋਰ ਅਧਿਕਾਰੀਆਂ ਦੀ ਮੌਜੂਦਗੀ ’ਚ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕਿਸੇ ਵੀ ਪੱਧਰ ਦੇ ਅਧਿਕਾਰੀ ਜਾਂ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਲਈ ਉਪ ਮੰਡਲ ਮੈਜਿਸਟਰੇਟ ਸੰਗਰੂਰ ਚਰਨਜੋਤ ਸਿੰਘ ਵਾਲੀਆ ਦੀ ਅਗਵਾਈ ਹੇਠ ਚਾਰ ਮੈਂਬਰੀ ਕਮੇਟੀ ਬਣਾ ਦਿੱਤੀ ਹੈ, ਜੋ ਹਫਤੇ ਅੰਦਰ ਆਪਣੀ ਰਿਪੋਰਟ ਸੌਂਪੇਗੀ। ਕਮੇਟੀ ’ਚ ਤਹਿਸੀਲਦਾਰ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤੇ ਸੀਨੀਅਰ ਮੈਡੀਕਲ ਅਫਸਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ 18 ਵਿਦਿਆਰਥੀ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖਲ ਹੋਏ ਸਨ, ਜਿਨ੍ਹਾਂ ਵਿੱਚੋਂ 14 ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਗਏ ਅਤੇ ਸ਼ਨੀਵਾਰ 36 ਦੇ ਕਰੀਬ ਹੋਰ ਵਿਦਿਆਰਥੀ ਸਿਵਲ ਹਸਪਤਾਲ ਅਤੇ 20 ਵਿਦਿਆਰਥੀ ਘਾਬਦਾਂ ਵਿਚ ਹੀ ਪੀ ਜੀ ਆਈ ਸੈਂਟਰ ਵਿਚ ਦਾਖਲ ਹੋਏ, ਜਿਨ੍ਹਾਂ ਦੀ ਹਾਲਤ ਸਥਿਰ ਹੈ। ਉਨ੍ਹਾ ਦੱਸਿਆ ਕਿ ਕਿਸੇ ਵੀ ਵਿਦਿਆਰਥੀ ਨੂੰ ਹਸਪਤਾਲ ’ਚ ਦਸਤ ਜਾਂ ਉਲਟੀ ਜਿਹੀ ਸਮੱਸਿਆ ਸਾਹਮਣੇ ਨਹੀਂ ਆਈ, ਪਰ ਵਿਦਿਆਰਥੀਆਂ ਦੇ ਦੱਸਣ ਅਨੁਸਾਰ ਸਕੂਲ ’ਚ ਖਾਣੇ ਮਗਰੋਂ ਉਨ੍ਹਾਂ ਨੂੰ ਇਹ ਪ੍ਰੇਸ਼ਾਨੀ ਆਈ ਸੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਅਹਿਤਿਆਤ ਵਜੋਂ ਮੈਰੀਟੋਰੀਅਸ ਸਕੂਲ ’ਚ 2 ਡਾਕਟਰ, 14 ਪੈਰਾ-ਮੈਡੀਕਲ ਸਟਾਫ ਅਤੇ 2 ਐਂਬੂਲੈਂਸ ਤਾਇਨਾਤ ਕਰ ਦਿੱਤੀਆਂ ਹਨ। ਇਸ ਮਾਮਲੇ ਦੇ ਸਾਹਮਣੇ ਆਉਣ ਮਗਰੋਂ ਪੰਜਾਬ ਦੇ ਬਾਕੀ 9 ਮੈਰੀਟੋਰੀਅਸ ਸਕੂਲਾਂ ’ਚ ਵੀ ਖਾਣੇ ਦੀ ਸੈਂਪਲਿੰਗ ਕਰਵਾਈ ਜਾ ਰਹੀ ਹੈ। ਉਨ੍ਹਾ ਕਿਹਾ ਕਿ ਘਾਬਦਾਂ ਮੈਰੀਟੋਰੀਅਸ ਸਕੂਲ ’ਚ ਕਿੰਗਸ ਕਲਿੱਫ ਨਾਂਅ ਦੇ ਵੈਂਡਰ ਦਾ ਠੇਕਾ ਤੁਰੰਤ ਰੱਦ ਕਰ ਦਿੱਤਾ ਗਿਆ ਹੈ। ਪ੍ਰੈੱਸ ਕਾਨਫਰੰਸ ’ਚ ਐਡੀਸ਼ਨਲ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਜ਼ਿਲ੍ਹਾ ਸਿੱਖਿਆ ਅਫਸਰ ਸੰਜੀਵ ਸ਼ਰਮਾ, ਸਿਵਲ ਸਰਜਨ ਡਾ. ਅੰਜੂ ਅਤੇ ਸੀਨੀਅਰ ਮੈਡੀਕਲ ਅਫਸਰ ਕਿਰਪਾਲ ਸਿੰਘ ਵੀ ਹਾਜ਼ਰ ਸਨ। ਮੈਰੀਟੋਰੀਅਸ ਸਕੂਲ ਘਾਬਦਾਂ ’ਚ 900 ਦੇ ਕਰੀਬ ਵਿਦਿਆਰਥੀ ਪੜ੍ਹਦੇ ਦੱਸੇ ਜਾਂਦੇ ਹਨ ਅਤੇ ਸਰਕਾਰ ਵੱਲੋਂ ਬੱਚਿਆਂ ਲਈ 80 ਰੁਪਏ ਪ੍ਰਤੀ ਬੱਚਾ ਪ੍ਰਤੀ ਦਿਨ ਖਾਣੇ ਲਈ ਦਿੱਤੇ ਜਾ ਰਹੇ ਹਨ, ਪਰ ਬੱਚਿਆਂ ਦਾ ਕਹਿਣਾ ਹੈ ਕਿ ਵੈਂਡਰ ਵੱਲੋਂ ਉਨ੍ਹਾਂ ਨੂੰ ਖਾਣਾ ਸਹੀ ਨਹੀਂ ਦਿੱਤਾ ਜਾ ਰਿਹਾ। ਪਿਛਲੇ ਹਫਤੇ ਤੋਂ ਵਿਦਿਆਰਥੀ ਖਾਣੇ ਨੂੰ ਲੈ ਕੇ ਸੁਆਲ ਚੁੱਕ ਰਹੇ ਸਨ ਕਿ ਉਨਾਂ ਨੂੰ ਸੁੰਡੀਆਂ ਵਾਲਾ ਘਟੀਆ ਕਿਸਮ ਦਾ ਖਾਣਾ ਦਿੱਤਾ ਜਾ ਰਿਹਾ ਹੈ, ਪਰ ਉਨ੍ਹਾਂ ਦੀ ਗੱਲ ਕਿਸੇ ਨੇ ਵੀ ਨਹੀਂ ਸੁਣੀ। ਕਈ ਅਧਿਆਪਕਾਂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਵੈਂਡਰ, ਜਿਸ ਕੋਲ 5-6 ਹੋਰ ਸਕੂਲਾਂ ਦੇ ਖਾਣੇ ਦਾ ਠੇਕਾ ਵੀ ਹੈ, ਘਟੀਆ ਕੁਆਲਿਟੀ ਦਾ ਖਾਣਾ ਵਰਤਾ ਰਿਹਾ ਸੀ। ਮਾਪਿਆਂ ਦਾ ਦੋਸ਼ ਹੈ ਕਿ ਬੱਚੇ ਪਿਛਲੇ 5 ਦਿਨਾਂ ਤੋਂ ਪੇਟ ਦਰਦ ਦੀ ਸ਼ਿਕਾਇਤ ਕਰ ਰਹੇ ਸਨ, ਪਰ ਕਿਸੇ ਨੇ ਧਿਆਨ ਨਹੀਂ ਦਿੱਤਾ।