ਪਟਿਆਲਾ : ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਮਰਹੂਮ ਕਾਮਰੇਡ ਭਗਵਾਨ ਸਿੰਘ ਅਣਖੀ ਦੀ 32ਵੀਂ ਬਰਸੀ ਜੋ ਹਰੇਕ ਸਾਲ ਦੀ ਤਰ੍ਹਾਂ 6 ਦਸੰਬਰ (ਬੁੱਧਵਾਰ) ਨੂੰ ਅਣਖੀ ਯਾਦਗਾਰੀ ਭਵਨ ਫੈਕਟਰੀ ਏਰੀਆ, ਪਟਿਆਲਾ ਵਿੱਚ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਈ ਜਾ ਰਹੀ ਹੈ, ਦੀਆਂ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਹਨ। ਇਸ ਸੰਬੰਧੀ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਤੇ ਜਨਰਲ ਸਕੱਤਰ ਸਰਿੰਦਰਪਾਲ ਲਹੌਰੀਆ, ਵਰਕਿੰਗ ਪ੍ਰਧਾਨ ਗੁਰਵਿੰਦਰ ਸਿੰਘ, ਡਿਪਟੀ ਜਨਰਲ ਸਕੱਤਰ ਰਛਪਾਲ ਸਿੰਘ ਪਾਲੀ ਅਤੇ ਦਰਸ਼ਨ ਲਾਲ ਨੇ ਸਾਂਝੇ ਬਿਆਨ ਰਾਹੀਂ ਜਾਣਕਾਰੀ ਦਿੰਦਿਆ ਦੱਸਿਆ ਕਿ ਕਾਮਰੇਡ ਅਣਖੀ ਦੀ ਬਰਸੀ ਮਨਾੳਣ ਲਈ ਜਥੇਬੰਦੀ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਕੁੱਲ ਹਿੰਦ ਬਿਜਲੀ ਫੈਡਰੇਸ਼ਨ ਦੇ ਆਗੂ ਹਰਭਜਨ ਸਿੰਘ ਪਿਲਖਣੀ ਅਤੇ ਸੂਬਾ ਖਜ਼ਾਨਚੀ ਬਲਜੀਤ ਕੁਮਾਰ ਦੀ ਅਗਵਾਈ ਹੇਠ ਪਟਿਆਲਾ ਸਰਕਲ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਅਣਖੀ ਯਾਦਗਾਰੀ ਭਵਨ ਸਮੇਤ ਸਮੁੱਚੇ ਫੈਕਟਰੀ ਏਰੀਆ ਨੂੰ ਲਾਲ ਝੰਡੀਆਂ ਨਾਲ ਸਜਾਇਆ ਜਾ ਰਿਹਾ ਹੈ। ਬਰਸੀ ਸਮਾਗਮ ਵਿੱਚ ਪਹੁੰਚਣ ਵਾਲੇ ਆਗੂਆਂ ਅਤੇ ਵਰਕਰਾਂ ਲਈ ਚਾਹ ਅਤੇ ਲੰਗਰ ਦਾ ਪ੍ਰਬੰਧ ਸਰਕਲ ਪ੍ਰਧਾਨ ਗੁਰਦਿਆਲ ਸਿੰਘ ਬੱਬੂ ਅਤੇ ਸਕੱਤਰ ਅਰਸ਼ਦੀਪ ਸਿੰਘ , ਬਲਬੀਰ ਸਿੰਘ ਨਾਭਾ, ਕੁਲਦੀਪ ਸਿੰਘ , ਰਾਮ ਰਤਨ, ਸ਼ਾਮ ਸੁੰਦਰ ਦੀ ਦੇਖ- ਰੇਖ ਹੇਠ ਸਰਕਲ ਕਮੇਟੀ ਅਤੇ ਡਵੀਜ਼ਨਾਂ ਦੇ ਪ੍ਰਧਾਨ/ਸਕੱਤਰਾਂ ਸਮੇਤ ਸਮੁੱਚੀ ਟੀਮ ਸ਼ਾਨਦਾਰ ਪ੍ਰਬੰਧ ਕਰਨ ਦੀ ਵਿਉਂਤਬੰਦੀ ਕਰ ਰਹੀ ਹੈ । ਗੰਡੀਵਿੰਡ ਨੇ ਕਿਹਾ ਕਿ ਬਰਸੀ ਸਮਾਗਮ ਨੂੰ ਸੰਬੋਧਨ ਕਰਨ ਲਈ ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ , ਵਰਕਿੰਗ ਪ੍ਰਧਾਨ ਸੁਖਦੇਵ ਸ਼ਰਮਾ, ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ ਤੋਂ ਇਲਾਵਾ ਪਾਵਰਕਾਮ/ ਟਰਾਂਸਕੋ ਪੈਨਸ਼ਨਰ ਯੂਨੀਅਨ ਦੇ ਸੂਬਾ ਪ੍ਰਧਾਨ ਰਾਧੇ ਸ਼ਿਆਮ ਸਮੇਤ ਭਰਾਤਰੀ ਜਥੇਬੰਦੀਆਂ ਦੇ ਆਗੂ ਪਹੁੰਚ ਰਹੇ ਹਨ। ਕੁੱਲ ਹਿੰਦ ਫੈਡਰੇਸ਼ਨ ਦੇ ਆਗੂ ਨਰਿੰਦਰ ਸੈਣੀ, ਜਸਵੀਰ ਸਿੰਘ, ਜਗਦੀਸ਼ ਸ਼ਰਮਾ ਤੇ ਨਰਿੰਦਰ ਬੱਲ ਨੇ ਕਾਮਰੇਡ ਭਗਵਾਨ ਅਣਖੀ ਦੇ ਵਾਰਿਸਾਂ ਸਮੇਤ ਜਥੇਬੰਦੀ ਦੇ ਸਾਬਕਾ ਸੂਬਾਈ ਅਤੇ ਸਰਕਲ ਅਹੁਦੇਦਾਰਾਂ ਨੂੰ ਕਾਮਰੇਡ ਅਣਖੀ, ਐੱਚ ਐੱਸ ਪਰਮਾਰ, ਸਤਨਾਮ ਸਿੰਘ ਛਲੇੜੀ, ਮਹਿੰਦਰ ਸਿੰਘ ਬਟਾਲਾ ਅਤੇ ਹੋਰ ਵਿੱਛੜ ਚੁੱਕੇ ਆਗੂਆਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਹਰੇਕ ਸਾਲ ਦੀ ਤਰਾਂ ਵਹੀਰਾਂ ਘੱਤ ਕੇ ਪਹੁੰਚਣ ਦਾ ਸੱਦਾ ਦਿੱਤਾ ਹੈ।