ਨਵੀਂ ਦਿੱਲੀ : ਨਿੱਕੀਆਂ ਪਾਰਟੀਆਂ ਨੂੰ ਨਾਲ ਨਾ ਲੈ ਕੇ ਚੱਲਣ ਦੀ ਨੀਤੀ ਦਾ ਖਮਿਆਜ਼ਾ ਕਾਂਗਰਸ ਨੇ ਐਤਵਾਰ ਰਾਜਸਥਾਨ ਤੇ ਛੱਤੀਸਗੜ੍ਹ ਵਿਚ ਸੱਤਾ ਗੁਆ ਕੇ ਭੁਗਤਿਆ ਅਤੇ ਮੱਧ ਪ੍ਰਦੇਸ਼ ਵਿਚ ਵੀ ਭਾਜਪਾ ਨੂੰ ਟੱਕਰ ਦੇਣ ਵਿਚ ਨਾਕਾਮ ਰਹੀ। ਤਿਲੰਗਾਨਾ ਵਿਚ ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ ਖਿਲਾਫ ਲੋਕਾਂ ਦੇ ਗੁੱਸੇ ਦੇ ਸਦਕੇ ਕਾਂਗਰਸ ਨੂੰ ਸੱਤਾ ਨਸੀਬ ਹੋ ਗਈ। ਅਸੰਬਲੀ ਚੋਣਾਂ ਦੇ ਨਤੀਜਿਆਂ ਨੇ ਇਹ ਵੀ ਦਿਖਾਇਆ ਕਿ ਕਾਂਗਰਸੀ ਆਗੂ ਮੰਦਰਾਂ ਦੇ ਜਿੰਨੇ ਮਰਜ਼ੀ ਚੱਕਰ ਲਾ ਲੈਣ, ਧਰਮ ਦਾ ਸਹਾਰਾ ਲੈ ਕੇ ਉਹ ਭਾਜਪਾ ਨੂੰ ਹਰਾ ਨਹੀਂ ਸਕਦੇ, ਉਨ੍ਹਾਂ ਨੂੰ ਸੈਕੂਲਰਿਜ਼ਮ ਵੱਲ ਪਰਤਣਾ ਹੀ ਪੈਣਾ ਹੈ।
ਕਾਂਗਰਸ ਦਾ ਹੰਕਾਰ ਏਨਾ ਸੀ ਕਿ ਉਸ ਨੇ ਰਾਜਸਥਾਨ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਵਿਚ ਨਿੱਕੀਆਂ ਪਾਰਟੀਆਂ ਨੂੰ ਮੂੰਹ ਨਹੀਂ ਲਾਇਆ। ਉਹ ਆਪਣੀਆਂ ਸੀਟਾਂ ਵਧਾ ਸਕਦੀ ਸੀ, ਜੇ ਨਿੱਕੀਆਂ ਪਾਰਟੀਆਂ ਨਾਲ ਗੱਠਜੋੜ ਕੀਤਾ ਹੁੰਦਾ। ਨਤੀਜਿਆਂ ਦੇ ਸ਼ਾਮ ਤੱਕ ਦੇ ਰੁਝਾਨਾਂ ਮੁਤਾਬਕ ਭਾਜਪਾ ਮੱਧ ਪ੍ਰਦੇਸ਼ ਵਿਚ 230 ਵਿੱਚੋਂ 165 ਸੀਟਾਂ ’ਤੇ ਅੱਗੇ ਚਲਦਿਆਂ ਧੜੱਲੇ ਨਾਲ ਮੁੜ ਸੱਤਾ ਵਿਚ ਆ ਰਹੀ ਸੀ। ਰਾਜਸਥਾਨ ਵਿਚ ਵੀ ਉਸ ਨੇ 199 ਵਿੱਚੋਂ 115 ’ਤੇ ਅੱਗੇ ਚਲਦਿਆਂ ਕਾਂਗਰਸ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ ਸੀ। ਸੂਬੇ ਵਿਚ ਨਿੱਕੀਆਂ ਪਾਰਟੀਆਂ ਦੇ ਉਮੀਦਵਾਰ ਤੇ ਬਾਗੀ 6 ਸੀਟਾਂ ਜਿੱਤ ਚੁੱਕੇ ਸਨ ਤੇ 9 ਸੀਟਾਂ ’ਤੇ ਅੱਗੇ ਚੱਲ ਰਹੇ ਸਨ। ਇਨ੍ਹਾਂ ਨਾਲ ਗੱਠਜੋੜ ਕਾਂਗਰਸ ਨੂੰ ਕਾਫੀ ਫਾਇਦਾ ਪਹੁੰਚਾ ਸਕਦਾ ਸੀ। ਕਾਂਗਰਸ ਨੂੰ ਛੱਤੀਸਗੜ੍ਹ ਤੋਂ ਬਹੁਤ ਆਸਾਂ ਸਨ, ਪਰ ਉਥੇ ਵੀ 90 ਸੀਟਾਂ ਵਿੱਚੋਂ 54 ’ਤੇ ਭਾਜਪਾ ਅੱਗੇ ਸੀ, ਜਦਕਿ ਕਾਂਗਰਸ ਨੂੰ 34 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਸਨ। ਤਿਲੰਗਾਨਾ ਵਿਚ 119 ਵਿੱਚੋਂ ਕਾਂਗਰਸ 64 ਸੀਟਾਂ ਨਾਲ ਸੱਤਾ ਵਿਚ ਆ ਰਹੀ ਸੀ। ਤਿਲੰਗਾਨਾ ਨੂੰ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਵੱਖਰਾ ਰਾਜ ਬਣਾਇਆ ਸੀ, ਪਰ ਉੱਥੇ ਸੱਤਾ ਉਸ ਨੂੰ ਪਹਿਲੀ ਵਾਰ ਨਸੀਬ ਹੋ ਰਹੀ ਹੈ। ਤਾਜ਼ਾ ਚੋਣ ਨਤੀਜਿਆਂ ਤੋਂ ਬਾਅਦ 12 ਰਾਜਾਂ ਵਿਚ ਭਾਜਪਾ ਦੀਆਂ ਸਰਕਾਰਾਂ ਹੋ ਜਾਣਗੀਆਂ ਅਤੇ ਕਾਂਗਰਸ ਦੀਆਂ ਰਾਜਸਥਾਨ ਤੇ ਛੱਤੀਸਗੜ੍ਹ ਦੀ ਹਾਰ ਤੋਂ ਬਾਅਦ ਤਿੰਨ ਰਹਿ ਜਾਣਗੀਆਂ। ਇਸ ਵੇਲੇ ਕਾਂਗਰਸ ਦੀਆਂ ਹਿਮਾਚਲ ਤੇ ਕਰਨਾਟਕ ਵਿਚ ਸਰਕਾਰਾਂ ਹਨ ਤੇ ਤਿਲੰਗਾਨਾ ਦੀ ਜਿੱਤ ਨਾਲ ਇਕ ਹੋਰ ਬਣ ਜਾਵੇਗੀ। ਤੀਜੇ ਨੰਬਰ ’ਤੇ ‘ਆਪ’ ਹੈ, ਜਿਸ ਦੀਆਂ ਦਿੱਲੀ ਤੇ ਪੰਜਾਬ ਵਿਚ ਸਰਕਾਰਾਂ ਹਨ। ਭਾਜਪਾ ਉੱਤਰਾਖੰਡ, ਹਰਿਆਣਾ, ਯੂ ਪੀ, ਗੁਜਰਾਤ, ਗੋਆ, ਅਸਾਮ, ਤਿ੍ਰਪੁਰਾ, ਮਨੀਪੁਰ, ਅਰੁਣਾਚਲ ਵਿਚ ਪਹਿਲਾਂ ਹੀ ਸੱਤਾ ਵਿਚ ਸੀ ਅਤੇ ਹੁਣ ਉਸ ਨੇ ਮੱਧ ਪ੍ਰਦੇਸ਼ ਮੁੜ ਜਿੱਤ ਲਿਆ ਹੈ, ਜਦਕਿ ਰਾਜਸਥਾਨ ਤੇ ਛੱਤੀਸਗੜ੍ਹ ਕਾਂਗਰਸ ਤੋਂ ਖੋਹ ਲਏ ਹਨ। ਭਾਜਪਾ ਮਹਾਰਾਸ਼ਟਰ, ਨਾਗਾਲੈਂਡ, ਮੇਘਾਲਿਆ ਤੇ ਸਿੱਕਮ ਵਿਚ ਵੀ ਕੁਲੀਸ਼ਨ ਸਰਕਾਰਾਂ ਵਿਚ ਸ਼ਾਮਲ ਹੈ। ਕਾਂਗਰਸ ਬਿਹਾਰ ਤੇ ਝਾਰਖੰਡ ਵਿਚ ਕੁਲੀਸ਼ਨ ਸਰਕਾਰਾਂ ਵਿਚ ਹੈ। ਤਾਮਿਲਨਾਡੂ ਵਿਚ ਡੀ ਐੱਮ ਕੇ ਦੀ ਅਗਵਾਈ ਵਾਲੇ ਗੱਠਜੋੜ ਵਿਚ ਸ਼ਾਮਲ ਹੈ, ਪਰ ਸਰਕਾਰ ਵਿਚ ਸ਼ਾਮਲ ਨਹੀਂ।
ਦੇਸ਼ ਵਿਚ ਇਸ ਵੇਲੇ ਛੇ ਕੌਮੀ ਪਾਰਟੀਆਂ ਹਨਭਾਜਪਾ, ਕਾਂਗਰਸ, ਬਸਪਾ, ਸੀ ਪੀ ਆਈ (ਐੱਮ), ਨੈਸ਼ਨਲ ਪੀਪਲਜ਼ ਪਾਰਟੀ ਤੇ ‘ਆਪ’।
2024 ਵਿਚ ਸਿੱਕਮ, ਅਰੁਣਾਚਲ, ਓਡੀਸ਼ਾ ਤੇ ਆਂਧਰਾ ਵਿਚ ਅਸੰਬਲੀ ਚੋਣਾਂ ਹੋਣੀਆਂ ਹਨ। ਜੰਮੂ-ਕਸ਼ਮੀਰ ਦੀਆਂ ਚੋਣਾਂ ਵੀ ਪੈਂਡਿੰਗ ਹਨ।
ਇਸੇ ਦੌਰਾਨ 2024 ਦੀਆਂ ਲੋਕ ਸਭਾ ਚੋਣਾਂ ਲਈ ਰਣਨੀਤੀ ਘੜਨ ਲਈ ਵਿਰੋਧੀ ਧਿਰ ਇੰਡੀਆ ਗੱਠਜੋੜ ਦੇ ਆਗੂ 6 ਦਸੰਬਰ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਦਿੱਲੀ ਸਥਿਤ ਰਿਹਾਇਸ਼ ’ਤੇ ਬੈਠਕ ਕਰਨਗੇ। ਕਾਂਗਰਸ ਆਮ ਚੋਣਾਂ ਲਈ ਵਿਰੋਧੀ ਧੜੇ ਦੀ ਰਣਨੀਤੀ ਅਤੇ ਸੀਟਾਂ ਵੰਡ ਨੂੰ ਅੰਤਮ ਰੂਪ ਦੇਣ ਤੋਂ ਪਹਿਲਾਂ ਪੰਜ ਰਾਜਾਂ ਦੀਆਂ ਅਸੰਬਲੀ ਚੋਣਾਂ ਦੇ ਨਤੀਜਿਆਂ ਦੀ ਉਡੀਕ ਕਰ ਰਹੀ ਸੀ।




