ਨਵੀਂ ਦਿੱਲੀ : ਸੋਮਵਾਰ ਲੋਕ ਸਭਾ ’ਚ ਮਹਾਰਾਸ਼ਟਰ ਅਤੇ ਪੰਜਾਬ ਦੇ ਕਿਸਾਨਾਂ ਦੀ ਕਰਜ਼ਾ ਮੁਆਫੀ ਦੀ ਮੰਗ ਉਠਾਈ ਗਈ। ਸਿਫਰ ਕਾਲ ਦੌਰਾਨ ਐੱਨ ਸੀ ਪੀ ਦੀ ਸੁਪਿ੍ਰਆ ਸੂਲੇ ਅਤੇ ਕਾਂਗਰਸ ਦੇ ਜਸਬੀਰ ਸਿੰਘ ਗਿੱਲ ਨੇ ਕ੍ਰਮਵਾਰ ਮਹਾਰਾਸ਼ਟਰ ਅਤੇ ਪੰਜਾਬ ’ਚ ਕਿਸਾਨਾਂ ਦੀ ਤਰਸਯੋਗ ਹਾਲਤ ਦਾ ਮੁੱਦਾ ਉਠਾਇਆ ਅਤੇ ਕੇਂਦਰ ਤੋਂ ਕਰਜ਼ਾ ਮੁਆਫੀ ਦੀ ਮੰਗ ਕੀਤੀ। ਸੂਲੇ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਕਾਰਨ ਕੁਝ ਥਾਵਾਂ ’ਤੇ ਘੱਟ ਬਾਰਸ਼ ਹੋਈ ਹੈ, ਕਈ ਥਾਵਾਂ ’ਤੇ ਜ਼ਿਆਦਾ ਬਾਰਿਸ਼ ਹੋਈ ਹੈ, ਕੁਝ ਥਾਵਾਂ ’ਤੇ ਗੜੇਮਾਰੀ ਅਤੇ ਕੁਝ ਥਾਵਾਂ ’ਤੇ ਸੋਕੇ ਕਾਰਨ ਕਿਸਾਨ ਪ੍ਰੇਸ਼ਾਨ ਹਨ। ਕਾਂਗਰਸੀ ਮੈਂਬਰ ਗਿੱਲ ਨੇ ਬੈਂਕਾਂ ਵੱਲੋਂ ਕਿਸਾਨਾਂ ਤੋਂ ਕਰਜ਼ਿਆਂ ’ਤੇ ਭਾਰੀ ਵਿਆਜ ਵਸੂਲਣ ਦਾ ਮੁੱਦਾ ਉਠਾਇਆ। ਕਿਸਾਨਾਂ ਨੂੰ ਟਰੈਕਟਰਾਂ ਜਾਂ ਹੋਰ ਖੇਤੀ ਸੰਦਾਂ ਲਈ ਦਿੱਤੇ ਗਏ ਕਰਜ਼ਿਆਂ ’ਤੇ ਵਿਆਜ ਦਰ ਉਦਯੋਗਪਤੀਆਂ ਲਈ ਵਪਾਰਕ ਕਰਜ਼ਿਆਂ ਜਾਂ ਰਿਹਾਇਸ਼ ਜਾਂ ਵਾਹਨ ਕਰਜ਼ਿਆਂ ਦੀਆਂ ਦਰਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਖੇਤੀ ਕਰਜ਼ੇ ਦੀ ਦਰ 15 ਫੀਸਦੀ ਤੱਕ ਅਤੇ ਟਰੈਕਟਰਾਂ ਜਾਂ ਖੇਤੀ ਸੰਦਾਂ ’ਤੇ ਵਿਆਜ ਦਰ 22 ਫੀਸਦੀ ਤੱਕ ਹੈ।
ਉਨ੍ਹਾ ਕੇਂਦਰ ਤੋਂ ਮੰਗ ਕੀਤੀ ਕਿ ਬੈਂਕਾਂ ਦੀਆਂ ਵਿਆਜ ਦਰਾਂ ਦਾ ਪੁਨਰਗਠਨ ਕੀਤਾ ਜਾਵੇ, ਕਿਉਂਕਿ ਕਰਜ਼ਾ ਨਾ ਮੋੜ ਸਕਣ ’ਤੇ ਕਿਸਾਨ ਖੁਦਕੁਸ਼ੀਆਂ ਕਰ ਲੈਂਦੇ ਹਨ। ਉਨ੍ਹਾ ਕੇਂਦਰ ਤੋਂ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਮੰਗ ਵੀ ਕੀਤੀ।