ਜੈਪੁਰ : ਸੱਜ-ਪਿਛਾਖੜੀ ਸ੍ਰੀ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੁੱਗਾ ਮਾੜੀ ਨੂੰ ਤਿੰਨ ਹਥਿਆਰਬੰਦਾਂ ਨੇ ਮੰਗਲਵਾਰ ਬਾਅਦ ਦੁਪਹਿਰ ਇੱਥੇ ਸ਼ਿਆਮ ਨਗਰ ’ਚ ਉਸ ਦੇ ਘਰ ’ਚ ਗੋਲੀਆਂ ਮਾਰ ਕੇ ਮਾਰ ਦਿੱਤਾ। ਜਵਾਬੀ ਫਾਇਰਿੰਗ ’ਚ ਇਕ ਹਮਲਾਵਰ ਵੀ ਮਾਰਿਆ ਗਿਆ। ਪੁਲਸ ਮੁਤਾਬਕ ਹਮਲੇ ਵਿਚ ਉਸ ਦਾ ਇਕ ਸਕਿਉਰਟੀ ਗਾਰਡ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਉਹ ਬਚ ਨਹੀਂ ਸਕਿਆ। ਗੁੱਗਾ ਮਾੜੀ ਨੇ ਸ੍ਰੀ ਰਾਸ਼ਟਰੀ ਰਾਜਪੂਤ ਕਰਣੀ ਸੈਨਾ 2015 ਵਿਚ ਬਣਾਈ ਸੀ, ਜਦੋਂ ਸ੍ਰੀ ਰਾਜਪੂਤ ਕਰਣੀ ਸੈਨਾ ਦੇ ਬਾਨੀ ਲੋਕੇਂਦਰ ਸਿੰਘ ਕਲਵੀ ਨਾਲ ਮਤਭੇਦਾਂ ਕਾਰਨ ਉਸ ਨੂੰ ਕੱਢ ਦਿੱਤਾ ਗਿਆ ਸੀ। ਇਨ੍ਹਾਂ ਦੋਹਾਂ ਜਥੇਬੰਦੀਆਂ ਨੇ 2018 ਵਿਚ ਦੀਪਿਕਾ ਪਾਦੂਕੋਣ ਦੀ ਫਿਲਮ ‘ਪਦਮਾਵਤ’ ਦਾ ਇਹ ਕਹਿ ਕੇ ਵਿਰਧ ਕੀਤਾ ਸੀ ਕਿ ਉਸ ਵਿਚ ਰਾਜਪੂਤ ਭਾਈਚਾਰੇ ਬਾਰੇ ਇਤਿਹਾਸਕ ਤੱਥਾਂ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ। ਜੈਪੁਰ ਦੇ ਪੁਲਸ ਕਮਿਸ਼ਨਰ ਬੀਜੂ ਜਾਰਜ ਜੋਸੇਫ ਨੇ ਪੱਤਰਕਾਰਾਂ ਨੂੰ ਤਿੰਨ ਦੱਸਿਆ ਕਿ ਤਿੰਨ ਹਮਲਾਵਰਾਂ ਘਰ ਪੁੱਜ ਕੇ ਸਕਿਉਰਟੀ ਗਾਰਡਾਂ ਨੂੰ ਕਿਹਾ ਕਿ ਉਨ੍ਹਾਂ ਗੁੱਗਾ ਮਾੜੀ ਨੂੰ ਮਿਲਣਾ ਹੈ। ਗਾਰਡ ਉਨ੍ਹਾਂ ਨੂੰ ਅੰਦਰ ਲੈ ਗਏ। ਉਨ੍ਹਾਂ ਫਾਇਰ ਖੋਲ੍ਹਣ ਤੋਂ ਪਹਿਲਾਂ ਗੁੱਗਾ ਮਾੜੀ ਨਾਲ 10 ਮਿੰਟ ਗੱਲਬਾਤ ਕੀਤੀ। ਜਵਾਬੀ ਫਾਇਰਿੰਗ ਵਿਚ ਹਮਲਾਵਰ ਨਵੀਨ ਸਿੰਘ ਸ਼ੇਖਾਵਤ ਮਾਰਿਆ ਗਿਆ, ਜਦਕਿ ਦੋ ਘਰ ਦੇ ਬਾਹਰੋਂ ਸਕੂਟੀ ਖੋਹ ਕੇ ਭੱਜ ਗਏ। ਦੱਸਿਆ ਜਾਂਦਾ ਹੈ ਕਿ ਸ਼ੇਖਾਵਤ ਦੁਕਾਨ ਚਲਾਉਦਾ ਸੀ। ਹਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਗੁੱਗਾ ਮਾੜੀ ਦੇ ਹਮਾਇਤੀ ਘਰ ਤੇ ਉਸ ਹਸਪਤਾਲ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿੱਥੇ ਉਸ ਨੂੰ ਲਿਜਾਇਆ ਗਿਆ ਸੀ।
ਸੈਨਾ ਦੇ ਸੂਬਾ ਪ੍ਰਧਾਨ ਭੰਵਰ ਸਿੰਘ ਸਲਾਦੀਆ ਨੂੰ ਇਕ ਸਾਬਕਾ ਮੈਂਬਰ ਵੱਲੋਂ ਉਦੈਪੁਰ ਵਿਚ ਗੋਲੀ ਮਾਰ ਕੇ ਮਾਰ ਦੇਣ ਤੋਂ ਬਾਅਦ ਕਰਣੀ ਸੈਨਾ ਨੇ ਅਗਸਤ ’ਚ ਦੋਸ਼ ਲਾਇਆ ਸੀ ਕਿ ਇਸ ਦੇ ਮੈਂਬਰਾਂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਹੈ। ਉਦੈਪੁਰ ਜ਼ਿਲ੍ਹੇ ਦੇ ਸਾਬਕਾ ਪ੍ਰਧਾਨ ਦਿਗਵਿਜੇ ਸਿੰਘ ਨੇ ਇਕ ਈਵੈਂਟ ਵਿਚ ਸਲਾਦੀਆ ਨੂੰ ਪਿੱਛਿਓਂ ਗੋਲੀ ਮਾਰੀ ਸੀ। ਕਰਣੀ ਸੈਨਾ ਨੇ ਰਾਜਸਥਾਨ ਅਸੰਬਲੀ ਚੋਣਾਂ ਤੋਂ ਪਹਿਲਾਂ ਜੈਪੁਰ ਵਿਚ ਕੇਸਰੀਆ ਮਹਾਂ ਪੰਚਾਇਤ ਵਿਚ ਆਰਥਕ ਤੌਰ ’ਤੇ ਪੱਛੜੇ ਵਰਗਾਂ ਲਈ ਰਿਜ਼ਰਵੇਸ਼ਨ 10 ਫੀਸਦੀ ਤੋਂ ਵਧਾ ਕੇ 14 ਫੀਸਦੀ ਕਰਨ ਦੀ ਮੰਗ ਕੀਤੀ ਸੀ। 2006 ਵਿਚ ਮਰਹੂਮ ਲੋਕੇਂਦਰ ਸਿੰਘ ਕਲਵੀ ਵੱਲੋਂ ਕਾਇਮ ਕੀਤੀ ਕਰਣੀ ਸੈਨਾ ਤੇ ਗੁੱਗਾ ਮਾੜੀ ਦੀ ਕਰਣੀ ਸੈਨਾ ਰਾਜਪੂਤਾਂ ਦੇ ਪ੍ਰੈਸ਼ਰ ਗਰੁੱਪ ਦੇ ਤੌਰ ’ਤੇ ਕੰਮ ਕਰਦੀਆਂ ਆ ਰਹੀਆਂ ਹਨ, ਜਿਨ੍ਹਾਂ ਬਹੁਤੀਆਂ ਰਿਆਸਤਾਂ ਵਿਚ ਰਾਜ ਕੀਤਾ ਅਤੇ ਜਗੀਰਦਾਰੀ ਸਿਸਟਮ ਚਲਾਇਆ।