ਮੱਧ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਵੀ ਡੀ ਸ਼ਰਮਾ ਨੇ ਸੂਬੇ ਵਿੱਚ ਚੋਣ ਜਿੱਤਣ ਲਈ ਅਖਤਿਆਰ ਕੀਤੀ ਗਈ ਯੁੱਧਨੀਤੀ ਦਾ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਰਾਜ ਦੇ 64,523 ਬੂਥਾਂ ’ਤੇ 40 ਲੱਖ ਬੂਥ ਪੱਧਰੀ ਕਾਰਕੰੁਨ ਤਾਇਨਾਤ ਕੀਤੇ ਗਏ ਸਨ। ਇਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਉਹ ਹਰ ਬੂਥ ਉੱਤੇ 51 ਫ਼ੀਸਦੀ ਵੋਟਰਾਂ ਨੂੰ ਪੋ�ਿਗ ਲਈ ਲੈ ਕੇ ਆਉਣ। ਪਾਰਟੀ ਨੇ ਜਨਵਰੀ 2022 ਵਿੱਚ ਹੀ 96 ਫ਼ੀਸਦੀ ਬੂਥ ਕਮੇਟੀਆਂ ਬਣਾ ਲਈਆਂ ਸਨ। ਇਸ ਦੌਰਾਨ ਸਭ ਬੂਥ ਕਾਰਕੁੰਨਾਂ ਦਾ ਤਸਵੀਰਾਂ ਸਮੇਤ ਡਿਜੀਟਲ ਰਿਕਾਰਡ ਬਣਾਇਆ ਗਿਆ ਸੀ।
ਪਾਰਟੀ ਨੇ ਬੂਥ ਪੱਧਰ ਉੱਤੇ ਨਵੇਂ ਅਹੁਦੇ ਕਾਇਮ ਕੀਤੇ ਸਨ। ਇਨ੍ਹਾਂ ਵਿੱਚ ਸੋਸ਼ਲ ਮੀਡੀਆ ਇੰਚਾਰਜ, ਸਰਕਾਰੀ ਸਕੀਮਾਂ ਦੇ ਲਾਭਕਾਰੀਆਂ ਲਈ ਇੰਚਾਰਜ ਤੇ ਸ਼ਕਤੀ ਕੇਂਦਰ ਇੰਚਾਰਜ ਸ਼ਾਮਲ ਸਨ। ਸ਼ਕਤੀ ਕੇਂਦਰ ਵਿੱਚ 6 ਤੋਂ 8 ਬੂਥਾਂ ਦੇ ਨੁਮਾਇੰਦੇ ਸ਼ਾਮਲ ਕੀਤੇ ਗਏ ਸਨ। ਕੁੱਲ 10916 ਸ਼ਕਤੀ ਕੇਂਦਰ ਸਨ। ਇਨ੍ਹਾਂ ਦੇ ਜ਼ਿੰਮੇ ਹਰ ਬੂਥ ਲਈ ਪੰਨਾ ਪ੍ਰਮੁੱਖ ਨਿਯੁਕਤ ਕਰਨਾ ਸੀ। ਹਰ ਬੂਥ ਉੱਤੇ 10 ਵਰਕਾਰ ਐੱਸ ਸੀ/ਐੱਸ ਟੀ ਵਰਗ ਦੇ ਭਰਤੀ ਕਰਨੇ ਲਾਜ਼ਮੀ ਸਨ। ਉਨ੍ਹਾ ਦਸਿਆ ਕਿ ਇਨ੍ਹਾਂ ਵਿੱਚ ਲਾਡਲੀ ਬਹਨੋਂ ਯੋਜਨਾ ਦੀਆਂ ਲਾਭਕਾਰੀ ਔਰਤਾਂ ਵੀ ਸ਼ਾਮਲ ਕੀਤੀਆਂ ਗਈਆਂ ਸਨ।
ਬੂਥ ਕਾਰਕੰੁਨ ਆਪਹੁਦਰੇ ਨਾ ਹੋਣ, ਇਸ ਲਈ ਉਨ੍ਹਾਂ ਦੀਆਂ ਸੰਯੁਕਤ ਮੀਟਿੰਗਾਂ ਕੀਤੀਆਂ ਜਾਂਦੀਆਂ ਸਨ। ਇੱਕ-ਦੂਜੇ ਨਾਲ ਤਾਲਮੇਲ ਲਈ ਬੂਥ ਪੱਧਰ ’ਤੇ ਕਾਰਕੰੁਨਾਂ ਵੱਲੋਂ 42000 ਵਟਸਐਪ ਗਰੁੱਪ ਬਣਾਏ ਗਏ ਸਨ। ਭਾਜਪਾ ਵੱਲੋਂ ਪਿਛਲੀ ਜੂਨ ਵਿੱਚ ਤਾਲਮੇਲ ਮੁਹਿੰਮ ਚਲਾਈ ਗਈ, ਜਦੋਂ ਇਨ੍ਹਾਂ ਬੂਥ ਲੈਵਲ ਵਰਕਰਾਂ ਨੇ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਤੇ ਕੇਂਦਰ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੁਹਿੰਮ ਦੌਰਾਨ ਬੂਥ ਪੱਧਰ ਦਾ ਨਵਾਂ ਕੇਡਰ ਵੀ ਤਿਆਰ ਕੀਤਾ ਗਿਆ। ਜੂਨ ਵਿੱਚ ਹੀ ਭੋਪਾਲ ਵਿੱਚ ਬੂਥ ਵਰਕਰਾਂ ਦਾ ਇੱਕ ਸੂਬਾ ਪੱਧਰੀ ਸੰਮੇਲਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਸੀ। ਅਕਤੂਬਰ ਵਿੱਚ ਫਿਰ ਇਨ੍ਹਾਂ ਕਾਰਕੰੁਨਾਂ ਦਾ ਮਹਾਂਕੁੰਭ ਸੰਮੇਲਨ ਕਰਕੇ ਅਮਿਤ ਸ਼ਾਹ ਵੱਲੋਂ ਤਿਆਰ ਕੀਤੀਆਂ 15 ਰਣਨੀਤੀਆਂ ਦੀ ਰਿਹਰਸਲ ਕਰਾਈ ਗਈ।
ਭਾਜਪਾ ਆਗੂ ਨੇ ਦੱਸਿਆ ਕਿ ਹਰ ਐਤਵਾਰ ਨੂੰ ਬੂਥ ਕਾਰਕੁੰਨਾਂ ਲਈ ਪ੍ਰਧਾਨ ਮੰਤਰੀ ਦੀ ‘ਮਨ ਕੀ ਬਾਤ’ ਸੁਣਨੀ ਜ਼ਰੂਰੀ ਹੁੰਦੀ ਸੀ। ਇਨ੍ਹਾਂ ਬੂਥ ਲੈਵਲ ਕਾਰਕੰੁਨਾਂ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਜਿੱਥੇ ਭਾਜਪਾ ਕਮਜ਼ੋਰ ਹੈ, ਉੱਥੇ ਤੀਜੀ ਪਾਰਟੀ ਨੂੰ ਉਤਸ਼ਾਹਤ ਕਰਕੇ ਵਿਰੋਧੀ ਵੋਟਾਂ ਵੰਡਣ ਲਈ ਕਿਹੜੇ-ਕਿਹੜੇ ਦਾਅ ਅਪਣਾਉਣੇ ਹਨ। ਹਰ ਬੂਥ ਇੰਚਾਰਜ ਕੋਲ ਇਸ ਦੀ ਜਾਣਕਾਰੀ ਹੁੰਦੀ ਸੀ ਕਿ 2018 ਵਿੱਚ ਉਸ ਬੂਥ ਦਾ ਪ੍ਰਦਰਸ਼ਨ ਕਿਹੋ ਜਿਹਾ ਰਿਹਾ ਸੀ। ਅਜਿਹੀ ਸਥਿਤੀ ਵਿੱਚ ਉਪਰਲੀ ਹਵਾ ਵਿੱਚ ਉੱਡੇ ਫਿਰਦੇ ਕਾਂਗਰਸੀ ਆਗੂਆਂ ਦੇ ਹਵਾ ਵਿੱਚ ਉੱਡ ਜਾਣ ਨੂੰ ਕੌਣ ਰੋਕ ਸਕਦਾ ਸੀ।
ਇਸ ਹਾਲਤ ਨੂੰ ਦੇਖਦਿਆਂ ‘ਇੰਡੀਆ’ ਗਠਜੋੜ ਵਿੱਚ ਸ਼ਾਮਲ ਸਭ ਧਿਰਾਂ ਨੂੰ ਆਪਣੀ ਰਣਨੀਤੀ ਘੜਨੀ ਪਵੇਗੀ।