ਜੈਪੁਰ : ਰਾਜਸਥਾਨ ਪੁਲਸ ਨੇ ਸ੍ਰੀ ਰਾਸ਼ਟਰੀ ਕਰਣੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੁੱਗਾਮਾੜੀ ਦੇ ਕਤਲ ਕੇਸ ’ਚ ਦੋ ਸ਼ੂਟਰਾਂ ਦੀ ਪਛਾਣ ਕਰ ਲਈ ਹੈ। ਡੀ ਜੀ ਪੀ ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਦੋ ਹਮਲਾਵਰਾਂ ਦੀ ਪਛਾਣ ਰੋਹਿਤ ਰਾਠੌਰ ਮਕਰਾਨਾ ਅਤੇ ਨਿਤਿਨ ਫੌਜੀ ਵਜੋਂ ਹੋਈ ਹੈ। ਨਿਤਿਨ ਫੌਜੀ ਮਹਿੰਦਰਗੜ੍ਹ (ਹਰਿਆਣਾ) ਦਾ ਰਹਿਣ ਵਾਲਾ ਹੈ। ਤੀਜਾ ਅਪਰਾਧੀ ਨਵੀਨ ਸ਼ੇਖਾਵਤ ਮੰਗਲਵਾਰ ਗੋਲੀਬਾਰੀ ਦੌਰਾਨ ਗੁੱਗਾਮਾੜੀ ਦੇ ਨਿਵਾਸ ’ਤੇ ਮਾਰਿਆ ਗਿਆ ਸੀ। ਮਿਸ਼ਰਾ ਨੇ ਕੇਸ ਹੱਲ ਕਰਨ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣ ਦਾ ਵੀ ਐਲਾਨ ਕੀਤਾ। ਉਨ੍ਹਾ ਹਮਲਾਵਰਾਂ ਬਾਰੇ ਜਾਣਕਾਰੀ ਦੇਣ ਲਈ 5-5 ਲੱਖ ਰੁਪਏ ਇਨਾਮ ਦਾ ਵੀ ਐਲਾਨ ਕੀਤਾ। ਲਾਰੈਂਸ ਬਿਸ਼ਨੋਈ ਗੈਂਗ ਦੇ ਰੋਹਿਤ ਗੋਦਾਰਾ ਨੇ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਇਸੇ ਦੌਰਾਨ ਨਿਤਿਨ ਫੌਜੀ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਬੇਟਾ 9 ਨਵੰਬਰ ਨੂੰ ਮਹਿੰਦਰਗੜ੍ਹ ’ਚ ਮੁਰੰਮਤ ਲਈ ਦਿੱਤੀ ਕਾਰ ਲੈਣ ਗਿਆ ਸੀ। ਉਸ ਦਿਨ ਤੋਂ ਬਾਅਦ ਉਸ ਨਾਲ ਸੰਪਰਕ ਨਹੀਂ ਹੋਇਆ। ਫੌਜੀ ਦੇ ਨਾਲ ਪੜ੍ਹੇ ਦੀਪਕ ਨੇ ਦੱਸਿਆ ਕਿ ਉਹ ਪੜ੍ਹਾਈ ਵਿਚ ਚੰਗਾ ਸੀ। ਫਿਰ ਉਸ ਨੇ ਫੌਜ ਵਿਚ ਭਰਤੀ ਹੋਣ ਦਾ ਫੈਸਲਾ ਕੀਤਾ। ਪਤਾ ਨਹੀਂ ਕਿਸ ਨੇ ਉਸ ਨੂੰ ਕੁਰਾਹੇ ਪਾ ਦਿੱਤਾ। ਗੁੱਗਾਮਾੜੀ ਦੇ ਕਤਲ ਵਿਰੁੱਧ ਬੰਦ ਦੇ ਸੱਦੇ ’ਤੇ ਜੈਪੁਰ ਤੇ ਹੋਰਨਾਂ ਸ਼ਹਿਰਾਂ ਵਿਚ ਬੰਦ ਰਿਹਾ। ਰਾਜਪੂਤ ਆਗੂ ਰਾਜ ਸ਼ੇਖਾਵਤ ਨੇ ਕਿਹਾ ਕਿ ਗੋਲੀ ਦਾ ਜਵਾਬ ਗੋਲੀ ਨਾਲ ਦਿੱਤਾ ਜਾਵੇ। ਕਤਲ ਲਈ ਜ਼ਿੰਮੇਵਾਰ ਲੋਕਾਂ ਦਾ ਐਨਕਾਊਂਟਰ ਕੀਤਾ ਜਾਵੇ। ਪੰਜਾਬ ਦੇ ਡੀ ਜੀ ਪੀ ਦਫਤਰ ਨੇ ਸੁਖਦੇਵ ਨੂੰ ਮਾਰਨ ਦੀ ਸਾਜ਼ਿਸ਼ ਬਾਰੇ ਫਰਵਰੀ ’ਚ ਰਾਜਸਥਾਨ ਪੁਲਸ ਨੂੰ ਪੱਤਰ ਲਿਖਿਆ ਸੀ। ਪੱਤਰ ’ਚ ਲਿਖਿਆ ਸੀ-ਸੂਹ ਮੁਤਾਬਕ ਬਿਸ਼ਨੋਈ ਗੈਂਗ ਦੇ ਸੰਪਤ ਨਹਿਰਾ, ਜੋ ਇਸ ਸਮੇਂ ਕੇਂਦਰੀ ਜੇਲ੍ਹ ਬਠਿੰਡਾ ’ਚ ਬੰਦ ਹੈ, ਨੇ ਰਾਜਪੂਤ ਭਾਈਚਾਰੇ ਦੀ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੁੱਗਾਮਾੜੀ ਨੂੰ ਮਾਰਨ ਦੀ ਸਾਜ਼ਿਸ਼ ਰਚੀ ਹੈ।