17.5 C
Jalandhar
Monday, December 23, 2024
spot_img

ਪਾਵਰ ਸੈਕਟਰ ਨੂੰ ਪੂੰਜੀਪਤੀਆਂ ਹਵਾਲੇ ਕਰਨ ਵਿਰੁੱਧ ਤਿੱਖੇ ਸੰਘਰਸ਼ ਦਾ ਸੱਦਾ

ਪਟਿਆਲਾ. ਬਿਜਲੀ ਕਾਮਿਆਂ ਦੀ ਸੰਘਰਸ਼ਸ਼ੀਲ ਜਥੇਬੰਦੀ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਰਜਿ: ਨੰਬਰ 41 ਦੇ ਸਾਬਕਾ ਸੂਬਾ ਪ੍ਰਧਾਨ ਮਰਹੂਮ ਕਾਮਰੇਡ ਭਗਵਾਨ ਸਿੰਘ ਅਣਖੀ ਦੀ 32ਵੀਂ ਬਰਸੀ ਬੁੱਧਵਾਰ ਸਥਾਨਕ ਫੈਕਟਰੀ ਏਰੀਆ ਵਿਖੇ ਬਣੇ ਅਣਖੀ ਯਾਦਗਾਰੀ ਭਵਨ ਵਿੱਚ ਹਰੇਕ ਸਾਲ ਦੀ ਤਰ੍ਹਾਂ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਉਣ ਲਈ ਪੂਰੇ ਪੰਜਾਬ ਤੋਂ ਕਾਫਲੇ ਬੰਨ੍ਹ ਕੇ ਬਿਜਲੀ ਕਾਮੇ ਵਹੀਰਾਂ ਘੱਤ ਕੇ ਪਹੁੰਚੇ। ਇਸ ਸਮਾਗਮ ਦੇ ਸ਼ੁਰੂ ਵਿੱਚ ਜਥੇਬੰਦੀ ਦਾ ਲਾਲ ਝੰਡਾ ਲਹਿਰਾਉਣ ਦੀ ਰਸਮ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਨਿਭਾਈ ਅਤੇ ਸੂਬਾ ਜਨਰਲ ਸਕੱਤਰ ਸਰਿੰਦਰਪਾਲ ਸਿੰਘ ਲਹੌਰੀਆ ਨੇ ਜਥੇਬੰਦੀ ਦੇ ਸਾਬਕਾ ਸੂਬਾ ਪ੍ਰਧਾਨ ਕਾਮਰੇਡ ਭਗਵਾਨ ਸਿੰਘ ਅਣਖੀ, ਸਤਨਾਮ ਸਿੰਘ ਛਲੇੜੀ, ਐੱਚ ਐੱਸ ਪ੍ਰਮਾਰ, ਮਹਿੰਦਰ ਸਿੰਘ ਬਟਾਲਾ, ਦਰਸ਼ਨ ਸਿੰਘ ਢਿੱਲੋਂ, ਦਿਲਬਾਗ ਸਿੰਘ ਅਟਵਾਲ, ਬਸੰਤ ਰਾਮ ਵੇਰਕਾ, ਰਣਜੀਤ ਸਿੰਘ ਬਿੰਝੋਕੀ, ਗੁਰਬਖਸ਼ ਸਿੰਘ, ਤੇਜਿੰਦਰ ਸਿੰਘ ਮੋਹੀ, ਪਦਮ ਸਿੰਘ ਠਾਕੁਰ, ਰਾਜਿੰਦਰ ਸਿੰਘ ਭੱਠਲ, ਮੁਸਤਾਕ ਮਸੀਹ ਆਦਿ ਵਿੱਛੜ ਚੁੱਕੇ ਆਗੂਆਂ ਅਤੇ ਨਾਮਵਰ ਸ਼ਖਸੀਅਤਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਬਕਾਇਦਾ ਤੌਰ ’ਤੇ ਸਮਾਗਮ ਦੀ ਸ਼ੁਰੂਆਤ ਕੀਤੀ।
ਇਸ ਸਮਾਗਮ ਦੀ ਪ੍ਰਧਾਨਗੀ ਸਾਂਝੇ ਤੌਰ ’ਤੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ, ਵਰਕਿੰਗ ਪ੍ਰਧਾਨ ਗੁਰਵਿੰਦਰ ਸਿੰਘ, ਪ੍ਰਦਿਉਮਨ ਗੌਤਮ, ਬਲਵਿੰਦਰ ਸਿੰਘ ਉਦੀਪੁਰ, ਮਨਜੀਤ ਸਿੰਘ ਬਾਸਰਕੇ, ਕਰਤਾਰ ਸਿੰਘ ਦੇ ਅਧਾਰਤ ਸਾਂਝੇ ਪ੍ਰਧਾਨਗੀ ਮੰਡਲ ਨੇ ਕੀਤੀ । ਇਸ ਸਮਾਗਮ ਦਾ ਉਦਘਾਟਨੀ ਭਾਸ਼ਣ ਸਾਬਕਾ ਸੂਬਾ ਪ੍ਰਧਾਨ ਅਤੇ (ਐੱਫ ਈ) ਆਗੂ ਹਰਭਜਨ ਸਿੰਘ ਪਿਲਖਣੀ ਨੇ ਕਰਦਿਆਂ ਕਿਹਾ ਕਿ ਕਾਮਰੇਡ ਭਗਵਾਨ ਸਿੰਘ ਅਣਖੀ ਅਤੇ ਮਹਿੰਦਰ ਸਿੰਘ ਬਟਾਲਾ ਦੀ ਸੁਚੱਜੀ ਅਗਵਾਈ ਹੇਠ 1986 ਦੇ ਪੇ ਸਕੇਲਾਂ ਦੀ ਸੁਧਾਈ ਸਮੇਂ ਬਿਜਲੀ ਕਾਮਿਆਂ ਨੂੰ 9/16/23 ਸਾਲਾ ਸਕੇਲ ਦਿਵਾਉਣ ਦਾ ਮਿਸਾਲੀ ਕੰਮ ਨੇਪਰੇ ਚੜ੍ਹਿਆ ਸੀ, ਜਿਸ ਦਾ ਅਣਖੀ ਦੇ ਵਾਰਿਸਾਂ ਨੂੰ ਹਮੇਸ਼ਾ ਮਾਣ ਰਹੇਗਾ। ਉਨ੍ਹਾਂ ਕਿਹਾ ਕਿ ਵਿੱਛੜ ਗਏ ਹੋਰ ਆਗੂਆਂ ਵੱਲੋਂ ਜਥੇਬੰਦੀ ਦੇ ਆਗੂ ਹੁੰਦਿਆਂ ਮੁਲਾਜ਼ਮ ਲਹਿਰ ਲਈ ਪਾਏ ਵਡਮੁੱਲੇ ਯੋਗਦਾਨ ਨੂੰ ਯਾਦ ਰੱਖਦਿਆਂ ਬਿਜਲੀ ਕਾਮਿਆਂ ਨੂੰ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਖਿਲਾਫ਼ ਰਹਿੰਦੀਆਂ ਪੈਂਡਿੰਗ ਮੰਗਾਂ ਦੀ ਪ੍ਰਾਪਤੀ ਲਈ ਹੋਰ ਲਾਮਬੰਦੀ ਕਰਕੇ ਤਿੱਖੇ ਸੰਘਰਸ਼ਾਂ ਲਈ ਕਮਰਕੱਸੇ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਹੋਏ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਕਾਮਰੇਡ ਭਗਵਾਨ ਸਿੰਘ ਅਣਖੀ ਸਮੇਤ ਵਿੱਛੜੇ ਆਗੂਆਂ ਵੱਲੋਂ ਮਜ਼ਦੂਰ ਜਮਾਤ ਦੀ ਬੰਦਖਿਲਾਸੀ ਲਈ ਕੀਤੇ ਸਿਰਤੋੜ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪੰਜਾਬ ਦੀ ਪਹਿਲਾਂ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਅਤੇ ਹੁਣ ਭਗਵੰਤ ਸਿੰਘ ਮਾਨ ਦੀ ਸਰਕਾਰ ਵੀ ਮੁਲਾਜ਼ਮਾਂ/ਮਜ਼ਦੂਰਾਂ ਸਮੇਤ ਸਮੁੱਚੇ ਮਿਹਨਤਕਸ਼ ਲੋਕਾਂ ਦੇ ਮਸਲਿਆਂ ਨੂੰ ਸੁਲਝਾਉਣ ਦੀ ਬਜਾਏ ਉਲਝਾਉਣ ਦੀ ਘਟੀਆ ਨੀਤੀ ਦੇ ਰਾਹ ਚੱਲ ਕੇ ਮਿਹਨਤਕਸ਼ ਜਮਾਤ ਨਾਲ ਧੋਖਾ ਕਰ ਰਹੀ ਹੈ । ਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ ਨੇ ਬੋਲਦਿਆਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੇ ਸਮੁੱਚੇ ਪਾਵਰ ਸੈਕਟਰ ਨੂੰ ਪੂੰਜੀਪਤੀਆਂ ਦੇ ਹਵਾਲੇ ਕਰਨ ਵਾਲੇ ਬਿਜਲੀ ਬਿੱਲ 2022 ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਮੋਦੀ ਸਰਕਾਰ ਦੇ ਹਿਟਲਰਸ਼ਾਹੀ ਰਵੱਈਏ ਵਿਰੁੱਧ ਵੱਡੀ ਲਾਮਬੰਦੀ ਕਰਨ ਦਾ ਹਾਜ਼ਰੀਨ ਨੂੰ ਸੱਦਾ ਦਿੱਤਾ। ਸਮਾਗਮ ਨੂੰ ਪਾਵਰਕਾਮ ਅਤੇ ਟ੍ਰਾਸਕੋ ਪੈਨਸ਼ਨਰ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਰਾਧੇਸ਼ਿਆਮ ਨੇ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ਸ਼ੀਲ ਲੋਕਾਂ ਦੀ ਏਕਤਾ ਉਸਾਰ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸਾਂਝੇ ਘੋਲ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਸਲਾਹਕਾਰ ਉੱਘੇ ਟਰੇਡ ਯੂਨੀਅਨ ਆਗੂ ਕਾਮਰੇਡ ਜਗਰੂਪ ਸਿੰਘ ਨੇ ਕਾਮਰੇਡ ਅਣਖੀ ਸਮੇਤ ਵਿੱਛੜੇ ਆਗੂਆਂ ਨੂੰ ਸ਼ਰਧਾਂਜਲੀ ਭੇਟ ਕਰਦਿਆ ਹਾਜ਼ਰੀਨ ਨੂੰ ਪੂੰਜੀਪਤੀਆਂ ਦੀ ਦਲਾਲ ਮੋਦੀ ਸਰਕਾਰ ਦੇ ਸਮੇਂ ਅਡਾਨੀਆਂ/ਅੰਬਾਨੀਆਂ ਦੀਆਂ ਦੌਲਤਾਂ ਦੇ ਅੰਬਾਰ ਵੱਡੇ ਹੋਣ ਦੇ ਮੁਕਾਬਲਤਨ ਮਿਹਨਤਕਸ਼ ਜਮਾਤ ਦੇ ਹਿੱਸੇ ਆ ਰਹੀ ਦੁਰਗਤ ਦੀ ਲੋਕ ਵਿਰੋਧੀ ਨੀਤੀ ਨੂੰ ਸਮਝ ਕੇ ਸਿਧਾਂਤਕ ਸੰਘਰਸ਼ ਜਾਰੀ ਰੱਖਣ ’ਤੇ ਜ਼ੋਰ ਦਿੱਤਾ। ਉਨ੍ਹਾ ਕਿਹਾ ਕਿ ਦੇਸ਼ ਦੇ ਹਾਕਮ ਅੱਜ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੰਮ-ਦਿਹਾੜੀ ਵੱਡੀ ਕਰਨ ਦੀਆਂ ਵਿਉਂਤਬੰਦੀਆਂ ਕਰ ਰਹੇ ਹਨ, ਜਿਸ ਦਾ ਸੰਘਰਸ਼ਾਂ ਰਾਹੀਂ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਕੁੱਲ ਹਿੰਦ ਬਿਜਲੀ ਫੈਡਰੇਸ਼ਨ ਦੇ ਆਗੂ ਨਰਿੰਦਰ ਸੈਣੀ ਨੇ ਪਾਵਰ ਮੈਨੇਜਮੈਂਟ ਕੋਲੋਂ ਮੰਗ ਕੀਤੀ ਕਿ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਹੋਈਆਂ ਮੀਟਿੰਗਾਂ ਸਮੇਂ ਜਿਨ੍ਹਾਂ ਮੰਗਾਂ ’ਤੇ ਸਹਿਮਤੀਆਂ ਬਣੀਆਂ ਹਨ, ਉਨ੍ਹਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ।
ਇਸ ਮੌਕੇ ਬੋਲਦਿਆਂ ਜਥੇਬੰਦੀ ਦੇ ਸੂਬਾ ਆਗੂਆਂ ਬਲਜੀਤ ਕੁਮਾਰ, ਗੁਰਧਿਆਨ ਸਿੰਘ, ਦਰਸ਼ਨ ਲਾਲ, ਰਛਪਾਲ ਸਿੰਘ ਪਾਲੀ, ਦਵਿੰਦਰ ਸਿੰਘ, ਬਲਜੀਤ ਕੁਮਾਰ, ਬਲਜਿੰਦਰ ਕੌਰ ਤੋਂ ਇਲਾਵਾ ਐੱਫ ਈ ਆਗੂ ਜਸਬੀਰ ਸਿੰਘ, ਜਗਦੀਸ਼ ਕੁਮਾਰ, ਨਰਿੰਦਰ ਬੱਲ ਨੇ ਸੀ ਆਰ ਏ 295/19 ਰਾਹੀਂ ਭਰਤੀ ਕੀਤੇ ਸਹਾਇਕ ਲਾਈਨਮੈਨਾਂ ਨੂੰ ਤੁਰੰਤ ਰੈਗੂਲਰ ਕਰਨ ਦੀ ਮੰਗ ਕਰਦੇ ਹੋਏ ਕਾਮਰੇਡ ਭਗਵਾਨ ਸਿੰਘ ਅਣਖੀ ਅਤੇ ਵਿੱਛੜੇ ਆਗੂਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਿਧਾਂਤਕ ਅਤੇ ਸਿਰੜੀ ਆਗੂਆਂ ਦੇ ਪਾਏ ਪੂਰਨਿਆਂ ’ਤੇ ਚੱਲਣ ਦਾ ਪ੍ਰਣ ਲਿਆ। ਸਮਾਗਮ ਸਮੇਂ ਵੱਖ-ਵੱਖ ਮੁੱਦਿਆਂ ਨੂੰ ਉਭਾਰਦੇ ਮਤੇ ਵੀ ਪੇਸ਼ ਕੀਤੇ, ਜਿਨ੍ਹਾਂ ਨੂੰ ਹਾਜ਼ਰੀਨ ਨੇ ਨਾਅਰਿਆਂ ਦੀ ਗੂੰਜ ਵਿੱਚ ਹੱਥ ਖੜੇ ਕਰਕੇ ਪਾਸ ਕੀਤਾ। ਇਸ ਮੌਕੇ ਹਰੇਕ ਸਾਲ ਦੀ ਤਰ੍ਹਾਂ ਕਾਮਰੇਡ ਅਣਖੀ ਦੀ ਯਾਦ ਨੂੰ ਸਮਰਪਿਤ ਨਵੇਂ ਸਾਲ 2024 ਦੀ ਡਾਇਰੀ, ਮਾਸਿਕ ਬਿਜਲੀ ਉਜਾਲਾ ਅਤੇ ਨਵਾਂ ਜ਼ਮਾਨਾ ਦਾ ਵਿਸ਼ੇਸ਼ ਅੰਕ ਵੀ ਰਿਲੀਜ਼ ਕੀਤਾ ਗਿਆ।
ਇਸ ਸਮਾਗਮ ਵਿੱਚ ਹਾਜ਼ਰ ਵਿੱਛੜ ਗਏ ਆਗੂਆਂ ਦੇ ਪਰਵਾਰਕ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਸਮਾਗਮ ਦੇ ਅਖੀਰ ਵਿੱਚ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਪੰਜਾਬ ਦੇ ਕੋਨੇ-ਕੋਨੇ ਤਂੋ ਹਜ਼ਾਰਾਂ ਦੀ ਗਿਣਤੀ ਵਿੱਚ ਆਏ ਵਰਕਰਾਂ ਅਤੇ ਆਗੂਆਂ ਸਮੇਤ ਸੁਚੱਜੇ ਪ੍ਰਬੰਧਾਂ ਲਈ ਸਾਥੀ ਹਰਭਜਨ ਸਿੰਘ ਪਿਲਖਣੀ ਅਤੇ ਬਲਜੀਤ ਕੁਮਾਰ ਦੀ ਅਗਵਾਈ ਹੇਠ ਪਟਿਆਲਾ ਸਰਕਲ ਦੇ ਪ੍ਰਧਾਨ ਗੁਰਦਿਆਲ ਸਿੰਘ ਬੱਬੂ, ਅਰਸ਼ਦੀਪ ਸਿੰਘ ਸਮੇਤ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਜਥੇਬੰਦੀ ਦੇ ਸਾਬਕਾ ਸੂਬਾ ਆਗੂਆਂ ਸਾਥੀ ਚੰਦ ਸਿੰਘ ਡੋਡ, ਜਗਦੇਵ ਸਿੰਘ ਬਾਹੀਆ, ਕੇਵਲ ਸਿੰਘ ਬਨਵੈਤ, ਏਕਤਾ ਮੰਚ ਦੇ ਸੂਬਾ ਆਗੂ ਮਨਜੀਤ ਸਿੰਘ, ਰਣਜੀਤ ਸਿੰਘ ਗਿੱਲ, ਰਾਮ ਕੁਮਾਰ, ਬਲਬੀਰ ਸਿੰਘ ਮਾਨ, ਚਮਕੌਰ ਸਿੰਘ ਆਦਿ ਨੇ ਵੀ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ। ਸਮਾਗਮ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸੂਬਾ ਜਨਰਲ ਸਕੱਤਰ ਸੁਰਿੰਦਰਪਾਲ ਸਿੰਘ ਲਹੌਰੀਆ ਨੇ ਬਾਖੂਬੀ ਨਿਭਾਈ।

Related Articles

LEAVE A REPLY

Please enter your comment!
Please enter your name here

Latest Articles