ਮੀਡੀਆ ਵਿਚ ਹਿੰਦੀ ਪੱਟੀ ਦੇ ਤਿੰਨ ਰਾਜਾਂ ’ਚ ਭਾਜਪਾ ਦੀ ਜਿੱਤ ਦੀਆਂ ਖਬਰਾਂ ਅੱਜਕੱਲ੍ਹ ਛਾਈਆਂ ਹੋਈਆਂ ਹਨ, ਪਰ ਮੀਡੀਆ ਤੇ ਸਿਆਸਤਦਾਨ ਇਕ ਅਹਿਮ ਘਟਨਾ ਨੂੰ ਨਜ਼ਰਅੰਦਾਜ਼ ਕਰ ਰਹੇ ਹਨ, ਉਹ ਹੈ ਆਦਿਵਾਸੀ ਪਾਰਟੀਆਂ ਦਾ ਪ੍ਰਦਰਸ਼ਨ। ਇਨ੍ਹਾਂ ਚੋਣਾਂ ਵਿਚ ਤਿੰਨ ਆਦਿਵਾਸੀ ਪਾਰਟੀਆਂ ਨੇ ਆਪਣੇ ਉਮੀਦਵਾਰ ਉਤਾਰੇ ਸਨ। ਭਾਰਤ ਆਦਿਵਾਸੀ ਪਾਰਟੀ (ਬੀ ਏ ਪੀ), ਗੋਂਡਵਾਨਾ ਗਣਤੰਤਰ ਪਾਰਟੀ (ਜੀ ਜੀ ਪੀ) ਅਤੇ ਭਾਰਤੀ ਆਦਿਵਾਸੀ ਪਾਰਟੀ (ਬੀ ਟੀ ਪੀ) ਨੇ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿਚ ਕਬਾਇਲੀਆਂ ਲਈ ਰਿਜ਼ਰਵ 101 ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਤੇ ਲਗਭਗ ਇਕ-ਤਿਹਾਈ ਸੀਟਾਂ ’ਚ ਵਧੀਆ ਪ੍ਰਦਰਸ਼ਨ ਕੀਤਾ। ਆਦਿਵਾਸੀ ਪਾਰਟੀਆਂ ਦੀ ਇਸ ਸਿਆਸੀ ਪਹਿਲਕਦਮੀ ਦਾ ਹੀ ਨਤੀਜਾ ਸੀ ਕਿ ਭਾਜਪਾ ਦੇ ਕੇਂਦਰੀ ਮੰਤਰੀ ਤੇ ਵੱਡੇ ਆਦਿਵਾਸੀ ਆਗੂ ਫੱਗਨ ਸਿੰਘ ਕੁਲਸਤੇ ਚੋਣ ਹਾਰ ਗਏ। ਕੁਝ ਮਹੀਨੇ ਪਹਿਲਾਂ ਹੀ ਹੋਂਦ ਵਿਚ ਆਈ ਬੀ ਏ ਪੀ ਨੇ ਪੰਜ ਸੀਟਾਂ ਜਿੱਤੀਆਂ ਤੇ ਚਾਰ ਸੀਟਾਂ ’ਤੇ ਦੂਜੇ ਨੰਬਰ ’ਤੇ ਰਹੀ। ਰਾਜਸਥਾਨ ਵਿਚ ਬੀ ਏ ਪੀ ਨੇ 27 ਸੀਟਾਂ ਲੜੀਆਂ, ਜਿਨ੍ਹਾਂ ਵਿੱਚੋਂ ਤਿੰਨ ਜਿੱਤੀਆਂ ਤੇ ਚਾਰ ਵਿਚ ਦੂਜੇ ਨੰਬਰ ’ਤੇ ਰਹੀ, ਜਦਕਿ ਅੱਠ ਹਲਕੇ ਅਜਿਹੇ ਸਨ, ਜਿੱਥੇ ਉਸ ਨੂੰ ਮਿਲੀਆਂ ਵੋਟਾਂ ਕਾਰਨ ਕਾਂਗਰਸ ਜਾਂ ਭਾਜਪਾ ਦੇ ਉਮੀਦਵਾਰ ਜਿੱਤੇ ਜਾਂ ਹਾਰੇ। ਆਮ ਤੌਰ ’ਤੇ ਨਿੱਕੀਆਂ ਪਾਰਟੀਆਂ ਨੂੰ ਵੋਟਾਂ ਕੱਟਣ ਵਾਲੀਆਂ ਕਹਿੰਦੇ ਹਨ, ਪਰ ਬੀ ਏ ਪੀ ਜਿੱਥੇ ਤੀਜੇ ਨੰਬਰ ’ਤੇ ਰਹੀ, ਉਥੇ ਉਸ ਨੇ 33 ਹਜ਼ਾਰ ਤੋਂ 60 ਹਜ਼ਾਰ ਤੱਕ ਵੋਟਾਂ ਹਾਸਲ ਕੀਤੀਆਂ। ਮੱਧ ਪ੍ਰਦੇਸ਼ ਵਿਚ ਆਦਿਵਾਸੀ ਪਾਰਟੀਆਂ ਨੇ 47 ਸੀਟਾਂ ਲੜੀਆਂ। ਹਾਲਾਂਕਿ ਬੀ ਏ ਪੀ ਇਕ ਸੀਟ ਹੀ ਜਿੱਤ ਸਕੀ, ਪਰ 9 ਸੀਟਾਂ ’ਤੇ ਆਦਿਵਾਸੀ ਪਾਰਟੀਆਂ ਦੀਆਂ ਵੋਟਾਂ ਏਨੀਆਂ ਸਨ, ਜਿਨ੍ਹਾਂ ਕਰਕੇ ਪੰਜ ਸੀਟਾਂ ਕਾਂਗਰਸ ਤੇ ਚਾਰ ਭਾਜਪਾ ਦੇ ਹੱਥ ਲੱਗ ਗਈਆਂ। ਬਸਪਾ ਨਾਲ ਮਿਲ ਕੇ ਚੋਣ ਲੜਨ ਵਾਲੀ ਜੀ ਜੀ ਪੀ ਨੇ 7 ਸੀਟਾਂ ’ਤੇ ਅਸਰ ਪਾਇਆ। ਜੀ ਜੀ ਪੀ ਨੇ ਨਿਵਾਸ ਹਲਕੇ ਵਿਚ 19 ਹਜ਼ਾਰ ਵੋਟਾਂ ਹਾਸਲ ਕੀਤੀਆਂ, ਜਿੱਥੇ ਕੁਲਸਤੇ ਕਾਂਗਰਸ ਉਮੀਦਵਾਰ ਹੱਥੋਂ 9723 ਵੋਟਾਂ ਨਾਲ ਹਾਰੇ। ਛੱਤੀਸਗੜ੍ਹ ਵਿਚ ਜੀ ਜੀ ਪੀ ਨੇ ਇਕ ਸੀਟ ਜਿੱਤੀ, ਜਦਕਿ ਤਿੰਨ ਸੀਟਾਂ ’ਤੇ ਦੂਜੇ ਨੰਬਰ ’ਤੇ ਰਹੀ। ਕਾਂਕੇਰ ਵਿਚ ਉਸ ਦੇ ਉਮੀਦਵਾਰ ਨੇ ਚਾਰ ਹਜ਼ਾਰ ਤੋਂ ਵੱਧ ਵੋਟਾਂ ਹਾਸਲ ਕੀਤੀਆਂ। ਇੱਥੇ ਕਾਂਗਰਸੀ ਉਮੀਦਵਾਰ ਭਾਜਪਾ ਉਮੀਦਵਾਰ ਤੋਂ 16 ਵੋਟਾਂ ਨਾਲ ਹਾਰਿਆ।
ਪਿਛਲੇ ਕੁਝ ਸਾਲਾਂ ਤੋਂ ਕਾਂਗਰਸ ਤੇ ਭਾਜਪਾ ਆਦਿਵਾਸੀਆਂ ਵਿਚ ਪੈਂਠ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਪਰ ਉਨ੍ਹਾਂ ਦੇ ਅਸਲ ਮੁੱਦਿਆਂ ਦੀ ਥਾਂ ਪ੍ਰਤੀਕਾਂ ਦੇ ਆਧਾਰ ’ਤੇ ਉਹ ਉਨ੍ਹਾਂ ਨੂੰ ਆਪਣੇ ਵੱਲ ਖਿੱਚਣ ਦੀ ਨੀਤੀ ’ਤੇ ਹੀ ਚੱਲ ਰਹੀਆਂ ਹਨ। ਛੱਤੀਸਗੜ੍ਹ ਵਿਚ 31 ਫੀਸਦੀ, ਮੱਧ ਪ੍ਰਦੇਸ਼ ਵਿਚ 21 ਫੀਸਦੀ ਤੇ ਰਾਜਸਥਾਨ ਵਿਚ 13.5 ਫੀਸਦੀ ਆਦਿਵਾਸੀ ਹਨ। ਉਹ ਹੁਣ ਜਾਗ ਪਏ ਹਨ ਤੇ ਉਨ੍ਹਾਂ ਨੂੰ ਵੱਡੀਆਂ ਪਾਰਟੀਆਂ ਦੀਆਂ ਚਾਲਾਂ ਸਮਝ ਆਉਣ ਲੱਗ ਪਈਆਂ ਹਨ। ਆਦਿਵਾਸੀ ਨੌਜਵਾਨ ਸਮਝ ਗਏ ਹਨ ਕਿ ਪੁਰਾਣੀਆਂ ਪਾਰਟੀਆਂ ਨੇ ਉਨ੍ਹਾਂ ਨੂੰ ਚੰਗੀ ਸਿੱਖਿਆ ਤੇ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਕੁਝ ਨਹੀਂ ਕੀਤਾ। ਨਤੀਜੇ ਵਜੋਂ ਉਨ੍ਹਾਂ ਨਵੀਆਂ ਆਦਿਵਾਸੀ ਪਾਰਟੀਆਂ ਲਈ ਕੰਮ ਕੀਤਾ ਤੇ ਉਨ੍ਹਾਂ ਨੂੰ ਸਫਲਤਾ ਦਿਵਾਈ।