ਚੰਡੀਗੜ੍ਹ : ਮੁਹਾਲੀ ’ਚ 25 ਸਾਲਾ ਰਵਿਤ ਕਪੂਰ ਨੂੰ ਆਪਣੀ ਚੱਲਦੀ ਫੋਰਡ ਮਸਟੈਂਗ ਜੀਟੀ ਤੋਂ ਪਟਾਕੇ ਚਲਾਉਣ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਗਿਆ ਹੈ। ਉਹ ਮੁਹਾਲੀ ਦੇ ਸੈਕਟਰ 70 ਸਥਿਤ ਹੋਮਲੈਂਡ ਹਾਈਟਸ ਅਪਾਰਟਮੈਂਟ ਦਾ ਰਹਿਣ ਵਾਲਾ ਹੈ। ਵੀਡੀਓ ’ਚ ਦਿਖਾਇਆ ਗਿਆ ਕਿ ਰਵਿਤ ਕਪੂਰ ਖਾਲੀ ਸੜਕ ’ਤੇ ਕਾਰ ਨੂੰ ਹੌਲੀ-ਹੌਲੀ ਚਲਾ ਰਿਹਾ ਹੈ, ਜਦੋਂ ਕਿ ਰੰਗੀਨ ਸ਼ਾਟ ਅਸਮਾਨ ’ਚ ਰੌਸ਼ਨੀ ਬਿਖੇਰ ਰਹੇ ਹਨ। ਸ਼ਾਟ ਵਾਹਨ ਦੇ ਪਿੱਛੇ ਰੱਖੇ ਹੋਏ ਬਕਸੇ ’ਚੋਂ ਨਿਕਲਦੇ ਰਹੇ। ਕਾਰ ਰਵਿਤ ਦੀ ਪਤਨੀ ਹਰਿੰਦਰ ਕੌਰ ਮਾਨ ਦੇ ਨਾਂਅ ’ਤੇ ਹੈ। ਕਪੂਰ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਆਪਣੀ ਪਤਨੀ ਨੂੰ ਵਿਆਹ ਦੀ ਵਰ੍ਹੇਗੰਢ ’ਤੇ ਖੁਸ਼ ਕਰਨ ਲਈ ਇਹ ਸਟੰਟ ਕੀਤਾ। ਇਸ ਸਟੰਟ ਨੂੰ ਫਿਲਮਾਉਣ ਲਈ ਰਵਿਤ ਨੇ ਆਟੋ ਚਾਲਕ ਨੂੰ ਗੰਢਿਆ ਸੀ, ਜਿਸ ਨੇ ਇਸ ਦੀ ਵੀਡੀਓ ਬਣਾਈ। ਹਾਲੇ ਉਸ ਆਟੋ ਚਾਲਕ ਦੀ ਪਛਾਣ ਨਹੀਂ ਹੋਈ।