ਵਾਸ਼ਿੰਗਟਨ : ਅਮਰੀਕਾ ਦੇ ਜਾਰਜੀਆ ਵਿਚ ਮੋਟਲ ਦੇ ਭਾਰਤੀ ਮੈਨੇਜਰ ਨੂੰ ਔਰਤ ਦੀ ਤਸਕਰੀ ਅਤੇ ਉਸ ਨੂੰ ਬੰਧੂਆ ਮਜ਼ਦੂਰੀ ਲਈ ਮਜਬੂਰ ਕਰਨ ਦੇ ਦੋਸ਼ ਵਿਚ 57 ਮਹੀਨਿਆਂ ਦੀ ਕੈਦ ਤੇ 40 ਹਜ਼ਾਰ ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ | 71 ਸਾਲਾ ਸ੍ਰੀਸ਼ ਤਿਵਾੜੀ ਭਾਰਤੀ ਨਾਗਰਿਕ ਅਤੇ ਅਮਰੀਕਾ ਦਾ ਕਾਨੂੰਨੀ ਸਥਾਈ ਨਿਵਾਸੀ ਹੈ | ਉਸ ਨੇ 2020 ‘ਚ ਕਾਰਟਰਸਵਿਲੇ ‘ਚ ਬਜਟੈੱਲ ਮੋਟਲ ਦਾ ਪ੍ਰਬੰਧਨ ਸ਼ੁਰੂ ਕੀਤਾ ਸੀ | ਨਿਆਂ ਵਿਭਾਗ ਨੇ ਕਿਹਾ ਕਿ ਤਿਵਾੜੀ ਨੇ ਔਰਤ ਨੂੰ ਮੋਟਲ ਵਿਚ ਕੰਮ ‘ਤੇ ਰੱਖਿਆ ਤੇ ਉਸ ਨੂੰ ਰਹਿਣ ਲਈ ਇਕ ਕਮਰਾ ਦਿੱਤਾ | ਤਿਵਾੜੀ ਨੂੰ ਪਤਾ ਸੀ ਕਿ ਪੀੜਤ ਮਹਿਲਾ ਬੇਘਰ ਤੇ ਨਸ਼ੇੜੀ ਸੀ | ਉਸ ਦੇ ਬੱਚਿਆਂ ਨੂੰ ਉਸ ਤੋਂ ਵੱਖ ਕਰ ਦਿੱਤਾ ਗਿਆ ਸੀ | ਤਿਵਾੜੀ ਨੇ ਪੀੜਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਤਨਖਾਹ ਅਤੇ ਅਪਾਰਟਮੈਂਟ ਮੁਹੱਈਆ ਕਰਵਾਏਗਾ ਅਤੇ ਉਸ ਨੂੰ ਵਕੀਲ ਮੁਹੱਈਆ ਕਰਵਾ ਕੇ ਉਸ ਦੇ ਬੱਚੇ ਮੁੜ ਹਾਸਲ ਕਰਨ ਵਿਚ ਮਦਦ ਕਰੇਗਾ | ਸੰਘੀ ਵਕੀਲਾਂ ਨੇ ਦੋਸ਼ ਲਾਇਆ ਕਿ ਆਪਣੇ ਵਾਅਦਿਆਂ ਦੀ ਪਾਲਣਾ ਕਰਨ ਦੀ ਬਜਾਏ ਤਿਵਾੜੀ ਨੇ ਮੋਟਲ ਮਹਿਮਾਨਾਂ ਅਤੇ ਕਰਮਚਾਰੀਆਂ ਨਾਲ ਪੀੜਤਾ ਦੀ ਗੱਲਬਾਤ ਦੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਉਨ੍ਹਾਂ ਨਾਲ ਗੱਲ ਕਰਨ ਤੋਂ ਰੋਕਿਆ | ਵਕੀਲਾਂ ਨੇ ਕਿਹਾ ਕਿ ਤਿਵਾੜੀ ਨੇ ਪੀੜਤਾ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਅਕਸਰ ਉਸ ਨੂੰ ਮੋਟਲ ਦੇ ਕਮਰੇ ਵਿੱਚੋਂ ਬਾਹਰ ਕੱਢਣ ਦੀ ਧਮਕੀ ਦਿੰਦਾ ਸੀ |