ਨਵੀਂ ਦਿੱਲੀ : ਸਰਕਾਰ ਖਿਲਾਫ ਖੁੱਲ੍ਹ ਕੇ ਬੋਲਣ ਵਾਲੀ ਟੀ ਐੱਮ ਸੀ ਦੀ ਸਾਂਸਦ ਮਹੂਆ ਮੋਇਤਰਾ ਨੂੰ ਪੈਸੇ ਲੈ ਕੇ ਸਵਾਲ ਪੁੱਛਣ ਦੇ ਦੋਸ਼ ਵਿਚ ਸ਼ੁੱਕਰਵਾਰ ਅਪੋਜ਼ੀਸ਼ਨ ਮੈਂਬਰਾਂ ਦੇ ਵਾਕਆਊਟ ਦਰਮਿਆਨ ਲੋਕ ਸਭਾ ਵਿੱਚੋਂ ਕੱਢ ਦਿੱਤਾ ਗਿਆ | ਸਦਨ ਨੇ ਨੈਤਿਕਤਾ (ਐਥਿਕਸ) ਕਮੇਟੀ ਦੀ ਉਸ ਰਿਪੋਰਟ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ‘ਚ ਮਹੂਆ ਨੂੰ ਕੱਢਣ ਦੀ ਸਿਫਾਰਸ਼ ਕੀਤੀ ਗਈ ਸੀ | ਇਸਤੋਂ ਬਾਅਦ ਲੋਕ ਸਭਾ ਨੇ ਮਹੂਆ ਮੋਇਤਰਾ ਨੂੰ ਕੱਢਣ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਲਾਦ ਜੋਸ਼ੀ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ | ਫਿਰ ਸਦਨ ਨੂੰ ਸੋਮਵਾਰ ਸਵੇਰੇ 11 ਵਜੇ ਤੱਕ ਲਈ ਉਠਾਅ ਦਿੱਤਾ ਗਿਆ | ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਇਕਮੁੱਠਤਾ ਪ੍ਰਗਟਾਉਂਦਿਆਂ ਮਹੂਆ ਦੇ ਨਾਲ ਸਦਨ ਵਿੱਚੋਂ ਬਾਹਰ ਆਏ | ਰਿਪੋਰਟ ‘ਤੇ ਬਹਿਸ ਦੌਰਾਨ ਸਪੀਕਰ ਓਮ ਬਿੜਲਾ ਨੇ ਮਹੂਆ ਨੂੰ ਬੋਲਣ ਦਾ ਇਹ ਕਹਿ ਕੇ ਸਮਾਂ ਨਹੀਂ ਦਿੱਤਾ ਕਿ ਉਹ ਨੈਤਿਕਤਾ ਕਮੇਟੀ ਦੀਆਂ ਮੀਟਿੰਗਾਂ ਵਿਚ ਬੋਲ ਚੁੱਕੀ ਹੈ |
ਮਹੂਆ ਨੇ ਬਰਖਾਸਤ ਕੀਤੇ ਜਾਣ ਤੋਂ ਬਾਅਦ ਕਿਹਾ—ਲੋਕ ਸਭਾ ਦੀ ਨੈਤਿਕਤਾ ਕਮੇਟੀ ਦੀ ਰਿਪੋਰਟ ਨੇ ਸਾਰੇ ਨਿਯਮ ਤੋੜ ਦਿੱਤੇ ਹਨ ਤੇ ਇਹ ਮੈਨੂੰ ਝੁਕਣ ਲਈ ਮਜਬੂਰ ਕਰਨ ਦਾ ਹਥਿਆਰ ਬਣ ਗਈ | ਮੈਨੂੰ ਉਸ ਜ਼ਾਬਤੇ ਦੀ ਉਲੰਘਣਾ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜਿਸ ਦੀ ਕੋਈ ਹੋਂਦ ਹੀ ਨਹੀਂ | ਕੈਸ਼ ਜਾਂ ਗਿਫਟ ਬਾਰੇ ਕੋਈ ਸਬੂਤ ਹੀ ਨਹੀਂ ਮਿਲਿਆ | ਨੈਤਿਕਤਾ ਕਮੇਟੀ ਨੇ ਜੜ੍ਹ ਤਕ ਪੁੱਜੇ ਬਿਨਾਂ ਮੇਰੇ ਖਿਲਾਫ ਰਿਪੋਰਟ ਬਣਾਈ ਤੇ ਕੰਗਾਰੂ ਕੋਰਟ ਨੇ ਬਿਨਾਂ ਸਬੂਤ ਮੈਨੂੰ ਸਜ਼ਾ ਦੇ ਦਿੱਤੀ |
ਨੈਤਿਕਤਾ ਕਮੇਟੀ ਦੇ ਚੇਅਰਮੈਨ ਵਿਨੋਦ ਕੁਮਾਰ ਸੋਨਕਰ ਨੇ 500 ਸਫਿਆਂ ਦੀ ਰਿਪੋਰਟ 12 ਵਜੇ ਪੇਸ਼ ਕੀਤੀ | ਰਿਪੋਰਟ ਵਿਚ ਮਹੂਆ ਨੂੰ ਕੱਢਣ ਦੀ ਸਿਫਾਰਸ਼ ਤੇ ਕਾਨੂੰਨੀ ਜਾਂਚ ਕਰਾਉਣ ਦੀ ਮੰਗ ਕੀਤੀ ਗਈ | ਤਿ੍ਣਮੂਲ ਕਾਂਗਰਸ ਦੇ ਮੈਂਬਰਾਂ ਨੇ 500 ਸਫਿਆਂ ਦੀ ਰਿਪੋਰਟ ਪੜ੍ਹਨ ਲਈ 48 ਘੰਟਿਆਂ ਦਾ ਸਮਾਂ ਮੰਗਿਆ ਪਰ ਸਪੀਕਰ ਨੇ ਨਹੀਂ ਦਿੱਤਾ ਅਤੇ ਨਿਯਮ 316 ਤਹਿਤ ਅੱਧਾ ਘੰਟਾ ਚਰਚਾ ਲਈ ਨਿਰਧਾਰਤ ਕਰ ਦਿੱਤਾ | ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਰਿਪੋਰਟ ਪੜ੍ਹਨ ਲਈ ਤਿੰਨ ਦਿਨ ਮੰਗੇ ਸੀ | ਅਪੋਜ਼ੀਸ਼ਨ ਨੇ ਸਦਨ ਵਿਚ ‘ਮੋਦੀ ਸਰਕਾਰ-ਹਾਇ ਹਾਇ’ ਦੇ ਨਾਅਰੇ ਲਾਏ | ਕਾਂਗਰਸ ਸਾਂਸਦ ਸ਼ਸ਼ੀ ਥਰੂਰ ਨੇ ਸੰਸਦ ਦੇ ਬਾਹਰ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਇਨਸਾਫ ਦਾ ਮਜ਼ਾਕ ਬਣਾ ਦਿੱਤਾ ਗਿਆ | ਉਨ੍ਹਾ ਕਿਹਾ ਕਿ ਰਿਪੋਰਟ ਅੱਧੀ-ਅਧੂਰੀ ਹੈ | ਇੰਜ ਲੱਗਦਾ ਹੈ ਕਿ ਕਿਸੇ ਨੇ ਢਾਈ ਮਿੰਟ ਵਿਚ ਤਿਆਰ ਕਰ ਦਿੱਤੀ ਹੋਵੇ | ਦੋਸ਼ ਲਾਉਣ ਵਾਲਿਆਂ ਨਾਲ ਜਿਰਹ ਕਰਨ ਦਾ ਕੋਈ ਜਤਨ ਨਹੀਂ ਕੀਤਾ ਗਿਆ | ਸਿੱਧਾ ਸਾਂਸਦ ਨੂੰ ਕੱਢਣ ਤਕ ਪੁੱਜਣਾ ਅਪਮਾਨਜਨਕ ਹੈ | ਅਕਤੂਬਰ ਵਿਚ ਭਾਜਪਾ ਸਾਂਸਦ ਨਿਸ਼ੀਕਾਂਤ ਦੂਬੇ ਨੇ ਸੁਪਰੀਮ ਕੋਰਟ ਦੇ ਵਕੀਲ ਜੈ ਅਨੰਤ ਦੇਹਰਾਦਰਾਈ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਦੋਸ਼ ਲਾਇਆ ਸੀ ਕਿ ਮਹੂਆ ਡੁਬਈ ਰਹਿੰਦੇ ਬਿਜ਼ਨਸਮੈਨ ਦਰਸ਼ਨ ਹੀਰਾਨੰਦਾਨੀ ਤੋਂ ਪੈਸੇ ਲੈ ਕੇ ਸਵਾਲ ਪੁੱਛਦੀ ਰਹੀ ਹੈ | ਹੀਰਾਨੰਦਾਨੀ ਨੇ 19 ਅਕਤੂਬਰ ਨੂੰ ਨੈਤਿਕਤਾ ਕਮੇਟੀ ਨੂੰ ਦਿੱਤੇ ਹਲਫਨਾਮੇ ਵਿਚ ਦਾਅਵਾ ਕੀਤਾ ਕਿ ਮਹੂਆ ਨੇ ਉਸਨੂੰ ਆਪਣੀ ਪਾਰਲੀਮੈਂਟ ਵਾਲੀ ਲੌਗਇਨ ਆਈ ਡੀ ਤੇ ਪਾਸਵਰਡ ਦਿੱਤਾ ਸੀ ਤਾਂ ਜੋ ਜਦੋਂ ਲੋੜ ਪਵੇ ਉਹ ਸਿੱਧਾ ਸਵਾਲ ਪੋਸਟ ਕਰ ਸਕੇ | ਮਹੂਆ ‘ਤੇ ਦੋਸ਼ ਲਾਏ ਗਏ ਕਿ ਮਹੂਆ ਨੇ ਹੀਰਾਨੰਦਾਨੀ ਤੋਂ ਗਿਫਟ ਤੇ ਪੈਸੇ ਲਏ ਅਤੇ ਇਸ ਤਰ੍ਹਾਂ ਕੌਮੀ ਸੁਰੱਖਿਆ ਲਈ ਖਤਰਾ ਪੈਦਾ ਕੀਤਾ | ਮਹੂਆ ਨੇ ਕਿਹਾ ਕਿ ਪਾਸਵਰਡ ਸਹਾਇਕਾਂ ਕੋਲ ਹੁੰਦਾ ਹੈ ਤੇ ਉਹ ਲੋਕਾਂ ਵੱਲੋਂ ਆਏ ਸਵਾਲਾਂ ਨਾਲ ਨਜਿੱਠਦੇ ਹਨ | ਉਸਨੇ ਕੋਈ ਅਲੋਕਾਰੀ ਗੱਲ ਨਹੀਂ ਕੀਤੀ ਸੀ | ਯਾਦ ਰਹੇ ਮਹੂਆ ਬਿਜ਼ਨਸਮੈਨ ਗੌਤਮ ਅਡਾਨੀ ਦੀਆਂ ਕੰਪਨੀਆਂ ਬਾਰੇ ਤਿੱਖੇ ਸਵਾਲ ਕਰਦੀ ਸੀ |


