ਤਹਿਰਾਨ : ਈਰਾਨ ਦੇ ਮਾਰੇ ਗਏ ਸੁਪਰੀਮ ਲੀਡਰ ਆਇਤੁੱਲ੍ਹਾ ਖਾਮਨੇਈ ਦੇ ਪੁੱਤਰ ਮੁਜਤਬਾ ਖਾਮਨੇਈ ਨੂੰ ਇਸਲਾਮਿਕ ਗਣਰਾਜ ਦਾ ਅਗਲਾ ਸ਼ਾਸਕ ਐਲਾਨ ਦਿੱਤਾ ਗਿਆ ਹੈ। ਪਿਛਲੇ ਇੱਕ ਹਫਤੇ ਤੋਂ ਅਮਰੀਕਾ ਅਤੇ ਇਜ਼ਰਾਈਲ ਦੇ ਦਬਾਅ ਹੇਠ ਚੱਲ ਰਹੀ ਈਰਾਨੀ ਹਕੂਮਤ ਦੀ ‘ਅਸੈਂਬਲੀ ਆਫ ਐਕਸਪਰਟਸ’ ਨੇ 56 ਸਾਲਾ ਧਾਰਮਿਕ ਆਗੂ ਨੂੰ ਚੁਣਿਆ ਹੈ, ਜਿਸ ਦੇ ਦੇਸ਼ ਦੀ ਪੈਰਾ-ਮਿਲਟਰੀ ਰੈਵੋਲਿਊਸ਼ਨਰੀ ਗਾਰਡ ਨਾਲ ਬਹੁਤ ਗੂੜ੍ਹੇ ਸੰਬੰਧ ਹਨ।
ਰੈਵੋਲਿਊਸ਼ਨਰੀ ਗਾਰਡ ਵੱਲੋਂ ਇਜ਼ਰਾਈਲ ਅਤੇ ਖਾੜੀ ਅਰਬ ਦੇਸ਼ਾਂ ’ਤੇ ਲਗਾਤਾਰ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਕੀਤੇ ਜਾ ਰਹੇ ਹਨ। ਨਵੀਂ ਲੀਡਰਸ਼ਿਪ ਦੇ ਆਉਣ ਨਾਲ ਖੇਤਰ ਵਿੱਚ ਤਣਾਅ ਹੋਰ ਵਧ ਗਿਆ ਹੈ, ਕਿਉਂਕਿ ਈਰਾਨ ਹੁਣ ਸਿੱਧੇ ਤੌਰ ’ਤੇ ਗੁਆਂਢੀ ਦੇਸ਼ਾਂ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਰਿਹਾ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੁਜਤਬਾ ਖਾਮਨੇਈ ਨੂੰ ਈਰਾਨ ਦਾ ਸੁਪਰੀਮ ਲੀਡਰ ਚੁਣੇ ਜਾਣ ’ਤੇ ਵਧਾਈ ਦਿੱਤੀ ਹੈ। ਪੁਤਿਨ ਨੇ ਕਿਹਾ ਕਿ ਉਨ੍ਹਾ ਨੂੰ ਭਰੋਸਾ ਹੈ ਕਿ ਮੁਜਤਬਾ ਖਾਮਨੇਈ ਆਪਣੇ ਪਿਤਾ ਦੇ ਕੰਮ ਨੂੰ ਸਨਮਾਨ ਨਾਲ ਜਾਰੀ ਰੱਖਣਗੇ ਅਤੇ ਮੁਸ਼ਕਲਾਂ ਦੇ ਬਾਵਜੂਦ ਈਰਾਨੀ ਲੋਕਾਂ ਨੂੰ ਇੱਕਜੁੱਟ ਕਰਨਗੇ। ਉਨ੍ਹਾ ਕਿਹਾ ਕਿ ਰੂਸ ਤਹਿਰਾਨ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਰਹੇਗਾ।
ਉਧਰ, ਸਾਊਦੀ ਅਰਬ ਨੇ ਸੋਮਵਾਰ ਨੂੰ ਈਰਾਨ ਨੂੰ ਚੇਤਾਵਨੀ ਦਿੱਤੀ ਕਿ ਜੇ ਉਸ ਨੇ ਅਰਬ ਦੇਸ਼ਾਂ ’ਤੇ ਆਪਣੇ ਹਮਲੇ ਬੰਦ ਨਾ ਕੀਤੇ, ਤਾਂ ਉਸ ਨੂੰ ਹੁਣ ਤੱਕ ਦਾ ‘ਸਭ ਤੋਂ ਵੱਡਾ ਨੁਕਸਾਨ’ ਝੱਲਣਾ ਪਵੇਗਾ। ਇਹ ਬਿਆਨ ਸਾਊਦੀ ਅਰਬ ਦੇ ਵੱਡੇ ‘ਸ਼ਾਇਬਾ’ ਤੇਲ ਖੇਤਰ ’ਤੇ ਹੋਏ ਤਾਜ਼ਾ ਡਰੋਨ ਹਮਲੇ ਤੋਂ ਬਾਅਦ ਆਇਆ ਹੈ। ਸਾਊਦੀ ਅਰਬ ਨੇ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਆਨ ਦੇ ਉਸ ਦਾਅਵੇ ਨੂੰ ਵੀ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ, ਜਿਸ ਵਿੱਚ ਉਨ੍ਹਾ ਕਿਹਾ ਸੀ ਕਿ ਈਰਾਨ ਨੇ ਖਾੜੀ ਦੇਸ਼ਾਂ ’ਤੇ ਹਮਲੇ ਰੋਕ ਦਿੱਤੇ ਹਨ।





