ਸੋਲਨ : ਹਿਮਾਚਲ ਦੇ ਅਰਕੀ ਅਧੀਨ ਪੈਂਦੇ ਪਿੰਡ ਸਰਲੀ ਵਿੱਚ ਨੌਜਵਾਨ ਨੇ ਬੇਮਿਸਾਲ ਬਹਾਦਰੀ ਦਾ ਪ੍ਰਦਰਸ਼ਨ ਕਰਦਿਆਂ ਤੇਂਦੂਏ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੋਮਵਾਰ ਸਵੇਰੇ ਕਰੀਬ 7 ਵਜੇ, ਆਈ ਟੀ ਆਈ ਅਰਕੀ ਦਾ ਵਿਦਿਆਰਥੀ ਪਰਵੇਸ਼ ਸ਼ਰਮਾ ਜਦੋਂ ਦੁੱਧ ਲੈਣ ਲਈ ਖੇਤਾਂ ਵਿੱਚੋਂ ਲੰਘ ਰਿਹਾ ਸੀ, ਤਾਂ ਘਾਤ ਲਗਾ ਕੇ ਬੈਠੇ ਕਰੀਬ ਡੇਢ ਸਾਲ ਦੇ ਤੇਂਦੂਏ ਨੇ ਉਸ ’ਤੇ ਅਚਾਨਕ ਹਮਲਾ ਕਰ ਦਿੱਤਾ। ਅਚਨਚੇਤ ਹੋਏ ਇਸ ਹਮਲੇ ਤੋਂ ਪਰਵੇਸ਼ ਘਬਰਾਇਆ ਨਹੀਂ ਅਤੇ ਉਸ ਨੇ ਤੇਂਦੂਏ ਨਾਲ ਕਰੀਬ 10-12 ਮਿੰਟ ਤੱਕ ਜੰਗ ਲੜੀ। ਸੰਘਰਸ਼ ਦੌਰਾਨ ਪਰਵੇਸ਼ ਨੇ ਤੇਂਦੂਏ ਦਾ ਜਬਾੜ੍ਹਾ ਫੜ ਲਿਆ ਅਤੇ ਉਸ ਦੀ ਗਰਦਨ ਮਰੋੜ ਕੇ ਉਸ ਨੂੰ ਬੇਹਾਲ ਕਰ ਦਿੱਤਾ। ਅਖੀਰ ਨੌਜਵਾਨ ਨੇ ਤੇਂਦੂਏ ਦੇ ਸਿਰ ’ਤੇ ਵਾਰ ਕਰਕੇ ਉਸ ਨੂੰ ਮਾਰ ਮੁਕਾਇਆ। ਇਸ ਲੜਾਈ ਵਿੱਚ ਪਰਵੇਸ਼ ਦੇ ਸਰੀਰ ’ਤੇ ਕਈ ਥਾਵਾਂ ’ਤੇ ਤੇਂਦੂਏ ਦੇ ਪੰਜਿਆਂ ਦੇ ਨਿਸ਼ਾਨ ਪਏ ਹਨ, ਪਰ ਉਹ ਗੰਭੀਰ ਜ਼ਖਮੀ ਹੋਣ ਤੋਂ ਬਚ ਗਿਆ।





