ਜੈਪੁਰ : ਚੋਣ ਨਤੀਜਿਆਂ ਦੇ ਛੇ ਦਿਨ ਬਾਅਦ ਵੀ ਜਿੱਤੇ ਗਏ ਤਿੰਨ ਸੂਬਿਆਂ ’ਚ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ ਨਾ ਕਰਨ ਕਾਰਨ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਭਾਜਪਾ ’ਤੇ ਨਿਸ਼ਾਨਾ ਲਾਇਆ। ਉਨ੍ਹਾ ਦੋਸ਼ ਲਾਇਆ ਕਿ ਭਾਜਪਾ ’ਚ ਬਿਖਰਾਅ ਹੈ ਅਤੇ ਪਾਰਟੀ ’ਚ ਅਨੁਸ਼ਾਸਨ ਨਹੀਂ। ਸ਼ਨੀਵਾਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਸ਼ੋਕ ਗਹਿਲੋਤ ਨੇ ਕਿਹਾ, ‘ਸੱਤ ਦਿਨ ਹੋ ਗਏ ਲਗਭਗ, ਭਾਜਪਾ ਤਿੰਨ ਸੂਬਿਆਂ ’ਚ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨ ਸਕੀ। ਪਾਰਟੀ ’ਚ ਬਿਖਰਾਅ ਹੈ, ਅਨੁਸ਼ਾਸਨ ਨਹੀਂ। ਇਹ ਸਾਡੀ ਪਾਰਟੀ ’ਚ ਛੇ ਦਿਨ ਲੱਗ ਜਾਂਦੇ ਤਾਂ ਪਤਾ ਨਹੀਂ ਕੀ-ਕੀ ਦੋਸ਼ ਲਾਉਂਦੇ।’ ਗਹਿਲੋਤ ਨੇ ਦੋਸ਼ ਲਾਇਆ ਕਿ ਭਾਜਪਾ ਨੇ ਗਲਤ ਤਰੀਕੇ ਨਾਲ ਚੋਣ ਜਿੱਤੀਆਂ। ਜਨਤਾ ਦੇ ਮੁੱਦੇ ਨਹੀਂ ਚੁੱਕੇ, ਧਾਰਮਿਕ ਮੁੱਦਿਆਂ ’ਤੇ ਚਰਚਾ ਕਰਕੇ ਜਨਤਾ ਨੂੰ ਭਾਵਨਾਤਮਕ ਰੂਪ ਨਾਲ ਭੁਲੇਖੇ ’ਚ ਰੱਖਿਆ। ਇਹ ਤਿੰਨ ਤਲਾਕ, ਧਾਰਾ 370 ਵਰਗੇ ਮੁੱਦਿਆਂ ’ਤੇ ਚੋਣ ਲੜੇ ਹਨ। ਜਨਤਾ ਦੀਆਂ ਸਮੱਸਿਆਵਾਂ ’ਤੇ ਇਹ ਕੁਝ ਨਹੀਂ ਬੋਲੇ ਅਤੇ ਭਰਮ ’ਚ ਪਾ ਕੇ ਵੋਟ ਲਏ। ਉਨ੍ਹਾ ਕਿਹਾਹੁਣ ਭਾਜਪਾ ਦੀ ਪੋਲ ਖੁੱਲ੍ਹ ਰਹੀ ਹੈ।
ਦਿੱਲੀ ਆਏ ਕਾਂਗਰਸ ਨੇਤਾ ਗਹਿਲੋਤ ਨੇ ਏਅਰਪੋਰਟ ’ਤੇ ਪੱਤਰਕਾਰਾਂ ਨੂੰ ਕਿਹਾ ਕਿ ਵਿਧਾਨ ਸਭਾ ਚੋਣਾਂ ’ਚ ਕੰਮ ਦੇ ਉਪਰ ਕੋਈ ਚਰਚਾ ਨਹੀਂ ਹੋਈ। ਭਾਜਪਾ ਵਾਲੇ ਸਿਰਫ਼ ਕਨਿਆ ਲਾਲ ਹੱਤਿਆ ’ਤੇ ਚਰਚਾ ਕਰਦੇ ਰਹੇ ਅਤੇ ਤਣਾਅ ਦਾ ਮਾਹੌਲ ਬਣਾ ਦਿੱਤਾ ਤੇ ਧਰੁਵੀਕਰਨ ਕਰਕੇ ਚੋਣ ਜਿੱਤ ਗਏ।

