ਨਵੀਂ ਦਿੱਲੀ : ਦੱਖਣੀ ਦਿੱਲੀ ਦਾ ਵਸੰਤ ਕੁੰਜ ਇਲਾਕਾ ਦੇਰ ਰਾਤ ਗੋਲੀਆਂ ਦੀ ਆਵਾਜ਼ ਨਾਲ ਗੂੰਜ ਉਠਿਆ। ਸ਼ੁੱਕਰਵਾਰ ਰਾਤ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਅਤੇ ਲਾਰੈਂਸ ਗਰੋਹ ਵਿਚਾਲੇ ਫਾਇਰਿੰਗ ਹੋਈ। ਇਸ ਗੋਲੀਬਾਰੀ ਦੌਰਾਨ ਪੁਲਸ ਨੇ ਬਿਸ਼ਨੋਈ ਗੈਂਗ ਦੇ ਦੋ ਸ਼ੂਟਰਾਂ ਨੂੰ ਗਿ੍ਰਫ਼ਤਾਰ ਕਰ ਲਿਆ, ਜਿਨ੍ਹਾਂ ’ਚ ਅਨੀਸ਼ (23), ਜੋ ਹਰਿਆਣਾ ਦੇ ਰੋਹਤਕ ਦਾ ਨਿਵਾਸੀ ਹੈ। ਉਥੇ ਹੀ ਦੂਜੇ ਦਾ ਨਾਂਅ ਸੀ ਸੀ ਐੱਲ ਹੈ, ਜਿਸ ਦੀ ਉਮਰ ਸਿਰਫ਼ 15 ਸਾਲ ਦੱਸੀ ਗਈ ਹੈ। ਪੁਲਸ ਨੇ ਦੱਸਿਆ ਕਿ ਦੋਵੇਂ ਸ਼ੂਟਰ ਸ਼ੁੱਕਰਵਾਰ ਦੇਰ ਰਾਤ ਦਿੱਲੀ ਦੇ ਵਸੰਤ ਕੁੰਜ ਤੋਂ ਫੜੇ ਗਏ। ਸੂਹ ਮਿਲੀ ਸੀ ਕਿ ਦੋਵਾਂ ਨੂੰ ਦੱਖਣੀ ਦਿੱਲੀ ਦੇ ਪ੍ਰਮੁੱਖ ਹੋਟਲ ਦੇ ਬਾਹਰ ਗੋਲੀਆਂ ਚਲਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਨ੍ਹਾਂ ਦਾ ਅਜਿਹਾ ਕਰਨ ਪਿੱਛੇ ਇਰਾਦਾ ਜਬਰੀ ਵਸੂਲੀ ਦਾ ਜਾਪਦਾ ਹੈ। ਇਨ੍ਹਾਂ ਕੋਲੋਂ ਦੋ ਆਧੁਨਿਕ ਪਿਸਟਲ ਅਤੇ ਚਾਰ ਜ਼ਿੰਦਾ ਕਾਰਤੂਸ ਮਿਲੇ ਹਨ। ਅਪਰਾਧ ’ਚ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਵੀ ਜਬਤ ਕਰ ਲਿਆ ਹੈ। ਇਸ ਮਾਮਲੇ ’ਚ ਸ਼ਨੀਵਾਰ ਸਪੈਸ਼ਲ ਸੈੱਲ ਨੇ ਆਰਮਡ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਅਨੀਸ਼ ਪਹਿਲਾਂ ਵੀ ਰੋਹਤਕ ਜ਼ਿਲ੍ਹੇ ’ਚ ਹਥਿਆਰ, ਡਿਕੈਤੀ, ਆਰਮਜ਼ ਐਕਟ, ਕੁੱਟਮਾਰ ਆਦਿ ਛੇ ਅਪਰਾਧਕ ਮਾਮਲਿਆਂ ’ਚ ਸ਼ਾਮਲ ਰਿਹਾ ਹੈ। ਨਾਬਾਲਗ ਸੀ ਸੀ ਐੱਲ ਰੋਤਹਕ ਜ਼ਿਲ੍ਹੇ ’ਚ ਹਥਿਆਰਾਂ ਦੀ ਡਿਕੈਤੀ ਮਾਮਲੇ ’ਚ ਸ਼ਾਮਲ ਰਿਹਾ ਹੈ।


