ਨਵੇਂ ਸਾਲ ਨੂੰ ਨਵੀਆਂ ਸਰਗਰਮੀਆਂ ਦੀ ਲੜੀ ਨਾਲ ਖੁਸ਼ਆਮਦੀਦ ਕਹੇਗੀ ਦੇਸ਼ ਭਗਤ ਯਾਦਗਾਰ ਕਮੇਟੀ

0
184

ਜਲੰਧਰ (ਕੇਸਰ)
ਦੇਸ਼ ਭਗਤ ਯਾਦਗਾਰ ਕਮੇਟੀ ਦੀ ਐਤਵਾਰ ਹੋਈ ਜਨਰਲ ਬਾਡੀ ਦੀ ਮੀਟਿੰਗ ’ਚ ਗਦਰੀ ਬਾਬਿਆਂ ਦੇ ਮੇਲੇ ਉਪਰ ਪੜਚੋਲਵੀਂ ਝਾਤ ਮਾਰਦਿਆਂ ਫੈਸਲਾ ਕੀਤਾ ਗਿਆ ਕਿ ਗਦਰੀ ਬਾਬਿਆਂ ਦੇ ਸਾਲਾਨਾ ਮੇਲੇ ਨੂੰ ਅਗਲੇ ਸਾਲਾਂ ’ਚ ਹੋਰ ਵੀ ਬੁਲੰਦੀਆਂ ’ਤੇ ਪਹੁੰਚਾਉਣ ਲਈ ਹਰ ਮਹੀਨੇ ਸਾਹਿਤ, ਰੰਗਮੰਚ, ਭਖਦੇ ਮੁੱਦਿਆਂ ’ਤੇ ਵਿਚਾਰ-ਚਰਚਾ, ਪੁਸਤਕ ਲੋਕ ਅਰਪਣ, ਕਵੀ ਦਰਬਾਰ, ਗੀਤ-ਸੰਗੀਤ ਆਦਿ ਵੰਨ-ਸੁਵੰਨੀਆਂ ਕਲਾ ਵੰਨਗੀਆਂ ਦੀ ਵਿਧਾ ’ਚ ਨਿਰੰਤਰ ਸਰਗਰਮੀਆਂ ਉਪਰ ਜ਼ੋਰ ਦਿੱਤਾ ਜਾਏਗਾ।
ਸਾਹਿਤ ਅਤੇ ਕਲਾ ਖੇਤਰ ’ਚ ਪੁੰਗਰਦੀ ਪਨੀਰੀ ਅਤੇ ਜੋਬਨ ਰੁੱਤ ਅੰਦਰ ਪੈਰ ਧਰਾਵਾ ਕਰ ਰਹੀ ਜੁਆਨੀ ਨੂੰ ਸਾਹਿਤਕ, ਸੱਭਿਆਚਾਰਕ ਅਤੇ ਬੌਧਿਕ ਚਿੰਤਨ ਦੇ ਪਿੜ ਅੰਦਰ ਉਚੇਰੀ ਪਰਵਾਜ਼ ਭਰਨ ਲਈ ਅੰਬਰ ਮਿਲ ਸਕੇ, ਉਹਨਾਂ ਨੂੰ ਵਰਕਸ਼ਾਪ, ਕੈਂਪ ਅਤੇ ਪੇਸ਼ਕਾਰੀਆਂ ਲਈ ਹਰ ਮਹੀਨੇ ਮੌਕਾ ਦਿੱਤਾ ਜਾਏਗਾ। ਦੇਸ਼ ਭਗਤ ਯਾਦਗਾਰ ਕਮੇਟੀ ਇਸ ਵਾਰ ਮੇਲੇ ਨੂੰ ਹਰ ਪੱਖੋਂ ਮਿਲੇ ਲਾਮਿਸਾਲ ਹੁੰਗਾਰੇ ਨੂੰ ਅੱਗੇ ਜਰਬਾਂ ਦੇਣ ਲਈ ਆਪਣੀ ਗੌਰਵਮਈ ਇਤਿਹਾਸਕ ਵਿਰਾਸਤ ਤੋਂ ਰੌਸਨੀ ਲੈਂਦਿਆਂ ਲੋਕਾਂ ਦੀਆਂ ਨਵੀਂਆਂ ਪਰਤਾਂ ਨੂੰ ਕਲਾਵੇ ਵਿਚ ਲੈਣ ਲਈ ਅਥਾਹ ਉੱਦਮ ਕਰੇਗੀ। 30, 31 ਅਕਤੂਬਰ ਅਤੇ ਪਹਿਲੀ ਨਵੰਬਰ ਨੂੰ ਹੋਏ ਤਿੰਨ ਰੋਜ਼ਾ ਮੇਲੇ ਦੇ ਹਰ ਪਹਿਲੂ ਉਪਰ ਵਿਗਿਆਨਕ ਦਿ੍ਰਸ਼ਟੀ ਤੋਂ ਪੁਣ-ਛਾਣ ਕਰਦਿਆਂ ਇਹ ਸਿੱਟਾ ਕੱਢਿਆ ਕਿ ਸਮੂਹ ਲੋਕ-ਪੱਖੀ ਜੱਥੇਬੰਦੀਆਂ ਅਤੇ ਲੋਕਾਂ ਨੇ ਮੇਲੇ ਨੂੰ ਹਰ ਪੱਖੋਂ ਸਫਲ ਕਰਨ ਲਈ ਅਥਾਹ ਯੋਗਦਾਨ ਪਾਇਆ, ਜਿਸ ਦਾ ਕਮੇਟੀ ਹਾਰਦਿਕ ਧੰਨਵਾਦ ਕਰਦੀ ਹੋਈ ਵਿਸ਼ਵਾਸ ਦੁਆਉਂਦੀ ਹੈ ਕਿ ਲੋਕ-ਦੋਖੀ ਸਥਾਪਤੀ ਦੀਆਂ ਸ਼ਾਤਰਾਨਾ ਚਾਲਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਅਤੇ ਗਦਰੀ ਬਾਬਿਆਂ ਦੇ ਸੁਪਨਿਆਂ ਦਾ ਸਮਾਜ ਅਤੇ ਰਾਜ ਸਿਰਜਣ ਲਈ ਚੱਲ ਰਹੇ ਸੰਗਰਾਮ ਵਿਚ ਹਿੱਸਾ ਲੈਣ ਲਈ ਕਮੇਟੀ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਡਟ ਕੇ ਅੱਗੇ ਵਧੇਗੀ। ਕਮੇਟੀ ਨੇ ਇਹ ਫੈਸਲਾ ਵੀ ਕੀਤਾ ਕਿ ਮੇਲੇ ਵਿੱਚ ਨਵੇਂ ਲੋਕ ਹਿੱਸਿਆਂ ਦੀ ਹੌਸਲਾ ਵਧਾਊ ਆਮਦ ਕਾਰਨ ਕਿਸੇ ਪੱਖੋਂ ਵੀ ਮੇਲਾ ਪ੍ਰੇਮੀਆਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ, ਉਸ ਨੂੰ ਭਵਿੱਖ ਵਿਚ ਦੂਰ ਕਰਨ ਲਈ ਅਥਾਹ ਤਾਣ ਲਾਇਆ ਜਾਏਗਾ। ਕਮੇਟੀ ਦੀ ਮੀਟਿੰਗ ’ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਡਾ. ਪਰਮਿੰਦਰ ਸਿੰਘ, ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਾਰੀ ਕੋਛੜ, ਹਰਦੇਵ ਅਰਸ਼ੀ, ਪ੍ਰੋ. ਗੋਪਾਲ ਸਿੰਘ ਬੁੱਟਰ, ਪ੍ਰੋ. ਤੇਜਿੰਦਰ ਵਿਰਲੀ, ਵਿਜੈ ਬੰਬੇਲੀ, ਡਾ. ਸੈਲੇਸ਼, ਹਰਮੇਸ਼ ਮਾਲੜੀ, ਮਨਜੀਤ ਸਿੰਘ ਬਾਸਰਕੇ, ਰਾਮਿੰਦਰ ਸਿੰਘ ਪਟਿਆਲਾ, ਦਰਸ਼ਨ ਖਟਕੜ ਨੇ ਵਿਚਾਰ-ਚਰਚਾ ਵਿੱਚ ਬਹੁਤ ਹੀ ਅਮੁੱਲੇ ਵਿਚਾਰ ਰੱਖਦਿਆਂ ਕਿਹਾ ਕਿ ਗਦਰੀ ਬਾਬਿਆਂ ਦੀ ਵਿਰਾਸਤ ਅਤੇ ਵਰਤਮਾਨ ਚੁਣੌਤੀਆਂ ਨੂੰ ਸਮਰਪਿਤ ਰੱਖਿਆ ਮੇਲਾ ਆਪਣੇ ਮਿਥੇ ਉਦੇਸ਼ ਦੀ ਪੂਰਤੀ ਕਰਨ ਵਿਚ ਸਫਲ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਾਪਤੀਆਂ ਨੂੰ ਪੱਕੇ ਪੈਰੀਂ ਕਰਦਿਆਂ ਊਣਤਾਈਆਂ ਤੋਂ ਸਿੱਖ ਕੇ ਆਪਣੇ ਪੱਲੇ ਸਬਕ ਬੰਨ੍ਹਦਿਆਂ ਨਵੇਂ ਵਰ੍ਹੇ ਨੂੰ ਖੁਸ਼ਆਮਦੀਦ ਆਖਦੇ ਹੋਏ ਅਗਲੇ ਮਹੀਨਿਆਂ ਦੀਆਂ ਸਰਗਰਮੀਆਂ ਦਾ ਕੈਲੰਡਰ ਤਿਆਰ ਕਰਕੇ ਦੇਸ਼ ਭਗਤ ਯਾਦਗਾਰ ਹਾਲ ਨਾਲ ਜੁੜੇ ਦੇਸ਼-ਬਦੇਸ਼ ਵਸਦੇ ਸਮੂਹ ਲੋਕਾਂ ਨਾਲ ਸਾਂਝਾ ਕੀਤਾ ਜਾਏਗਾ ਅਤੇ ਹਰ ਮਹੀਨੇ ਹੋਣ ਵਾਲੀਆਂ ਸੰਗੀਤਕ, ਰੰਗਮੰਚੀ, ਵਿਚਾਰ ਗੋਸ਼ਟੀਆਂ ਅਤੇ ਵਰਕਸਾਪ ਆਦਿ ਸਰਗਰਮੀਆਂ ਵਿੱਚ ਵਧ-ਚੜ੍ਹ ਕੇ ਭਾਗ ਲੈਣ ਲਈ ਅਪੀਲ ਕੀਤੀ ਗਈ ਹੈ। ਕਮੇਟੀ ਨੇ ਆਰਥਕ ਮਦਦ, ਲੰਗਰ ਲਈ ਰਾਸ਼ਨ, ਵਲੰਟੀਅਰ ਅਤੇ ਜਥਿਆਂ ਦੇ ਜਥੇ ਲੈ ਕੇ ਸ਼ਾਮਲ ਹੋ ਕੇ ਮੇਲੇ ਨੂੰ ਚਾਰ ਚੰਨ ਲਾਉਣ ’ਤੇ ਸਭਨਾਂ ਸੰਸਥਾਵਾਂ, ਨਗਰਾਂ ਅਤੇ ਵਿਅਕਤੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਮੀਟਿੰਗ ’ਚ ਇਹ ਫੈਸਲਾ ਵੀ ਕੀਤਾ ਗਿਆ ਕਿ ਦੇਸ਼ ਭਗਤ ਯਾਦਗਾਰ ਹਾਲ ਦੇ ਜੀ ਟੀ ਰੋਡ ਵਾਲੇ ਪਾਸੇ ਨੂੰ ਹਰ ਪੱਖੋਂ ਪਾਰਦਰਸ਼ੀ ਅਤੇ ਖੂਬਸੂਰਤ ਬਣਾਉਣ ਲਈ ਸ਼ਹੀਦ ਊਧਮ ਸਿੰਘ ਵੈੱਲਫੇਅਰ ਟਰੱਸਟ ਬਰਮਿੰਘਮ (ਯੂ ਕੇ) ਦੇ ਸਹਿਯੋਗ ਨਾਲ ਕਮੇਟੀ ਹਰ ਸੰਭਵ ਯਤਨ ਕਰੇਗੀ। ਮੀਟਿੰਗ ਦਾ ਆਗਾਜ਼ ਫਲਸਤੀਨ ਵਿਚ ਮਾਰੇ ਜਾ ਰਹੇ ਬੇਗੁਨਾਹ ਨਿਹੱਥੇ ਲੋਕਾਂ, ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਨਾਮਦੇਵ ਸਿੰਘ ਭੁਟਾਲ, ਮਾਸ਼ਟਰ ਸ਼ਿੰਗਾਰਾ ਸਿੰਘ ਦੁਸਾਂਝ ਕਲਾਂ, ਬਲਵੰਤ ਸਿੰਘ ਖੇੜਾ, ਕਨਵ ਰਾਜਿੰਦਰਨ, ਉੱਘੇ ਪੱਤਰਕਾਰ ਰਿਸ਼ੀ ਨਾਗਰ ਦੇ ਮਾਤਾ ਜੀ ਸੁਦਰਸ਼ਨ ਨਾਗਰ ਤੇ ਬਲਜੀਤ ਕੌਰ ਸਿੱਧੂ ਮਲਸੀਆਂ ਦੇ ਅਸਹਿ ਵਿਛੋੜੇ ’ਤੇ ਪਰਵਾਰ, ਸਾਕ-ਸੰਬੰਧੀਆਂ ਅਤੇ ਸੰਗੀ-ਸਾਥੀਆਂ ਨਾਲ ਦੁੱਖ ਸਾਂਝਾ ਕਰਦਿਆਂ ਖੜ੍ਹੇ ਹੋ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਹੋਇਆ।

LEAVE A REPLY

Please enter your comment!
Please enter your name here