ਹੁਣ ‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’

0
103

ਲੁਧਿਆਣਾ (ਰਾਜ ਸਿੰਗਲਾ)
ਪੰਜਾਬ ਵਾਸੀਆਂ ਨੂੰ ਨਾਗਰਿਕ ਕੇਂਦਰਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਇਕ ਹੋਰ ਵੱਡੀ ਪੁਲਾਂਘ ਪੁੱਟਦਿਆਂ ਐਤਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੂਬੇ ਵਿੱਚ ਕ੍ਰਾਂਤੀਕਾਰੀ ਸਕੀਮ ‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਦਾ ਆਗਾਜ਼ ਕੀਤਾ, ਜਿਸ ਨਾਲ 43 ਸੇਵਾਵਾਂ ਲੋਕਾਂ ਨੂੰ ਘਰ ਬੈਠਿਆਂ ਮਿਲਣਗੀਆਂ।
ਇਸ ਸਕੀਮ ਦੀ ਸ਼ੁਰੂਆਤ ਕਰਨ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਦਿਨ ਹੈ, ਕਿਉਂਕਿ ਈਮਾਨਦਾਰ ਸਰਕਾਰ ਨੇ ਸੂਬੇ ਵਿੱਚ ਅਸੰਭਵ ਜਾਪਣ ਵਾਲੀ ਗੱਲ ਨੂੰ ਹਕੀਕਤ ਵਿੱਚ ਬਦਲ ਦਿੱਤਾ ਹੈ। ਉਨ੍ਹਾ ਕਿਹਾ ਕਿ ਸੂਬੇ ਨੇ ਅਰਵਿੰਦ ਕੇਜਰੀਵਾਲ ਦੀ ਸੋਚ ਵਿੱਚੋਂ ਉਪਜੇ ‘ਦਿੱਲੀ ਮਾਡਲ’ ਨੂੰ ਅਪਣਾਇਆ ਹੈ, ਜਿਸ ਨਾਲ ਸੂਬੇ ਵਿੱਚ ਜੁਆਬਦੇਹੀ ਅਤੇ ਪਾਰਦਰਸ਼ੀ ਸ਼ਾਸਨ ਦੇ ਨਵੇਂ ਯੁੱਗ ਦਾ ਆਰੰਭ ਹੋਇਆ ਹੈ।
ਮੁੱਖ ਮੰਤਰੀ ਨੇ ਕਿਹਾਅੱਜ ਦਾ ਦਿਨ ਸਧਾਰਨ ਦਿਨ ਨਹੀਂ, ਸਗੋਂ ਪੰਜਾਬ ਅਤੇ ਪੰਜਾਬੀਆਂ ਲਈ ਫੈਸਲਾਕੁੰਨ ਪਲ ਵਜੋਂ ਭਾਰਤੀ ਸਿਆਸਤ ਅਤੇ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋਣ ਵਾਲਾ ਦਿਨ ਹੈ। ਜਦੋਂ ਭਵਿੱਖ ਵਿੱਚ ਇਹ ਪੁੱਛਿਆ ਜਾਵੇਗਾ ਕਿ ਆਮ ਆਦਮੀ ਦੀ ਸਹੂਲਤ ਲਈ ਪੰਜਾਬ ਦੇ ਸਰਕਾਰੀ ਦਫਤਰਾਂ ਵਿੱਚ ਲੋਕਾਂ ਦੀ ਖੱਜਲ-ਖੁਆਰੀ ਕਦੋਂ ਖਤਮ ਹੋਈ ਸੀ ਤਾਂ ਇਸ ਦਾ ਜਵਾਬ ਇਹ ਹੋਵੇਗਾ ਕਿ 10 ਦਸੰਬਰ 2023 ਨੂੰ ਪੰਜਾਬ ਨੇ ਇਸ ਇਨਕਲਾਬੀ ਦੌਰ ਦਾ ਮੁੱਢ ਬੰਨ੍ਹਿਆ ਸੀ। ਮਾਨ ਨੇ ਉਮੀਦ ਪ੍ਰਗਟਾਈ ਕਿ ਟੋਲ ਫਰੀ ਨੰਬਰ 1076 ਲੋਕਾਂ ਨੂੰ ਉਨ੍ਹਾਂ ਦੇ ਘਰ ਨਿਰਧਾਰਤ ਸਮੇਂ ਵਿੱਚ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਸਹਾਈ ਸਾਬਤ ਹੋਵੇਗਾ।
ਅੱਜ 43 ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ, ਪਰ ਸੂਬਾ ਸਰਕਾਰ ਦੀਆਂ 80 ਤੋਂ ਵੱਧ ਸਕੀਮਾਂ ਸ਼ੁਰੂ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 25 ਸਾਲਾਂ ਦੌਰਾਨ ਪੰਜਾਬ ਵਿੱਚ ਸਿਰਫ ਦੋ ਜਾਂ ਤਿੰਨ ਪਰਵਾਰਾਂ ਨੇ ਹੀ ਰਾਜ ਕੀਤਾ ਹੈ ਅਤੇ ਆਪਣੇ ਨਿੱਜੀ ਹਿੱਤਾਂ ਲਈ ਸੂਬੇ ਨੂੰ ਬਰਬਾਦ ਕਰ ਦਿੱਤਾ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੁੱਖ ਨਾਲ ਕਿਹਾ ਕਿ ਸਾਡੇ ਮਹਾਨ ਦੇਸ਼ ਭਗਤਾਂ ਅਤੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਇਸ ਕਰਕੇ ਕੁਰਬਾਨ ਨਹੀਂ ਕੀਤੀਆਂ ਸਨ ਕਿ ਆਜ਼ਾਦੀ ਤੋਂ ਬਾਅਦ ਆਮ ਲੋਕਾਂ ਨੂੰ ਸਰਕਾਰੀ ਦਫਤਰਾਂ ਵਿੱਚ ਖੱਜਲ-ਖੁਆਰ ਹੋਣਾ ਪਵੇ। ਇਨ੍ਹਾਂ ਮਹਾਨ ਆਜ਼ਾਦੀ ਘੁਲਾਟੀਆਂ ਨੇ ਬਰਾਬਰੀ ਵਾਲੇ ਸਮਾਜ ਦਾ ਸੁਫਨਾ ਦੇਖਿਆ ਸੀ, ਜਿੱਥੇ ਲੋਕ ਆਜ਼ਾਦ ਭਾਰਤ ਵਿੱਚ ਮਿਆਰੀ ਸਿਹਤ, ਸਿੱਖਿਆ, ਮਜ਼ਬੂਤ ਸੜਕੀ ਨੈੱਟਵਰਕ, ਬਿਜਲੀ, ਪਾਣੀ ਅਤੇ ਹੋਰ ਸੇਵਾਵਾਂ ਪ੍ਰਾਪਤ ਕਰ ਸਕਣ। ਉਹਨਾ ਕਿਹਾ ਕਿ ਪਿਛਲੇ 75 ਸਾਲਾਂ ਦੌਰਾਨ ਦੇਸ਼ ਭਗਤਾਂ ਦੇ ਇਹ ਸੁਫਨੇ ਅਧੂਰੇ ਰਹਿ ਗਏ, ਕਿਉਂਕਿ ਕਿਸੇ ਨੇ ਵੀ ‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਵਰਗਾ ਕ੍ਰਾਂਤੀਕਾਰੀ ਕਦਮ ਕਦੇ ਵੀ ਸ਼ੁਰੂ ਨਹੀਂ ਕੀਤਾ। ਉਨ੍ਹਾ ਕਿਹਾ ਕਿ ਇਹ ਨਾਗਰਿਕ ਕੇਂਦਰਤ ਸਕੀਮ ਆਜ਼ਾਦੀ ਤੋਂ ਤੁਰੰਤ ਬਾਅਦ ਸ਼ੁਰੂ ਹੋਣੀ ਚਾਹੀਦੀ ਸੀ।
ਦਿੱਲੀ ਦੇ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਕੀਮ ਲੋਕਾਂ ਦੀ ਸਹੂਲਤ ਲਈ ਸਾਲ 2018 ਵਿੱਚ ਦਿੱਲੀ ਵਿੱਚ ਸ਼ੁਰੂ ਕੀਤੀ ਗਈ ਸੀ, ਪਰ ਪੰਜਾਬ ਨੂੰ ਛੱਡ ਕੇ ਦੇਸ਼ ਦੀ ਕਿਸੇ ਵੀ ਸਰਕਾਰ ਨੇ ਇਸ ਨੂੰ ਲਾਗੂ ਨਹੀਂ ਕੀਤਾ। ਉਨ੍ਹਾ ਕਿਹਾ ਕਿ ‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਸਕੀਮ ਨਾਲ ਸੂਬੇ ਵਿੱਚ ਭਿ੍ਰਸ਼ਟਾਚਾਰ ਉਤੇ ਹਥੌੜੇ ਵਾਂਗ ਹਮਲਾ ਕੀਤਾ ਗਿਆ ਹੈ। 15 ਅਗਸਤ ਦਾ ਦਿਨ ਬਰਤਾਨਵੀ ਸਾਮਰਾਜਵਾਦ ਤੋਂ ਆਜ਼ਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ, ਹੁਣ ਅੱਜ ਦੇ ਦਿਨ ਨੂੰ ਪੰਜਾਬ ਵਿੱਚੋਂ ‘ਭਿ੍ਰਸਟਾਚਾਰ ਤੋਂ ਆਜ਼ਾਦੀ’ ਦੇ ਦਿਹਾੜੇ ਵਜੋਂ ਯਾਦ ਕੀਤਾ ਜਾਵੇਗਾ।
ਇਹ ਸੇਵਾਵਾਂ ਮਿਲਣਗੀਆਂ : ਜਨਮ/ ਐੱਨ ਏ ਸੀ ਸਰਟੀਫਿਕੇਟ, ਜਨਮ ਸਰਟੀਫਿਕੇਟ ਵਿੱਚ ਨਾਂਅ ਜੋੜਨਾ, ਮੌਤ ਸਰਟੀਫਿਕੇਟ ਦੀਆਂ ਕਾਪੀਆਂ, ਜਨਮ ਸਰਟੀਫਿਕੇਟ ਵਿੱਚ ਐਂਟਰੀ ਵਿੱਚ ਸੋਧ, ਮੌਤ/ ਐੱਨ ਏ ਸੀ ਸਰਟੀਫਿਕੇਟ ਜਾਰੀ ਕਰਨਾ, ਜਨਮ ਸਰਟੀਫਿਕੇਟ ਦੀਆਂ ਕਈ ਕਾਪੀਆਂ, ਜਨਮ ਸਰਟੀਫਿਕੇਟ ਦੀ ਦੇਰੀ ਨਾਲ ਰਜਿਸਟ੍ਰੇਸ਼ਨ, ਮੌਤ ਸਰਟੀਫਿਕੇਟ ਦੀ ਦੇਰੀ ਨਾਲ ਰਜਿਸਟਰੇਸ਼ਨ, ਮੌਤ ਦੇ ਸਰਟੀਫਿਕੇਟ (ਸਿਹਤ) ਵਿੱਚ ਸੋਧ, ਆਮਦਨ ਦਾ ਸਰਟੀਫਿਕੇਟ, ਹਲਫੀਆ ਬਿਆਨ ਤਸਦੀਕ ਕਰਨਾ, ਮਾਲ ਰਿਕਾਰਡ ਦੀ ਜਾਂਚ, ਰਜਿਸਟਰਡ ਅਤੇ ਗੈਰ-ਰਜਿਸਟਰਡ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ (ਨਕਲ ਪ੍ਰਦਾਨ ਕਰਨਾ), ਭਾਰ-ਮੁਕਤ ਸਰਟੀਫਿਕੇਟ, ਗਿਰਵੀਨਾਮੇ ਦੀ ਇਕੁਇਟੀ ਐਂਟਰੀ, ਫਰਦ ਤਿਆਰ ਕਰਨ, ਦਸਤਾਵੇਜ਼ਾਂ ਦੇ ਕਾਊਂਟਰ ਸਾਈਨ, ਮੁਆਵਜ਼ੇ ਸੰਬੰਧੀ ਬਾਂਡ, ਬਾਰਡਰ ਏਰੀਏ ਸੰਬੰਧੀ ਸਰਟੀਫਿਕੇਟ, ਬੈਕਵਰਡ ਏਰੀਆ ਸਰਟੀਫਿਕੇਟ, ਜ਼ਮੀਨ ਦੀ ਹੱਦਬੰਦੀ, ਐੱਨ ਆਰ ਆਈ ਦੇ ਦਸਤਾਵੇਜ਼ਾਂ ਦੇ ਕਾਊਂਟਰ ਸਾਈਨ, ਪੁਲਸ ਕਲੀਅਰੈਂਸ ਸਰਟੀਫਿਕੇਟ ਅਤੇ ਕੰਢੀ ਖੇਤਰ ਸਰਟੀਫਿਕੇਟ (ਮਾਲ) ਦੇ ਕਾਊਂਟਰ ਸਾਈਨ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫਾ, ਉਸਾਰੀ ਕਾਮੇ ਦੀ ਰਜਿਸਟ੍ਰੇਸ਼ਨ ਅਤੇ ਉਸਾਰੀ ਮਜ਼ਦੂਰ (ਲੇਬਰ) ਦੀ ਰਜਿਸਟਰੇਸ਼ਨ ਦਾ ਨਵੀਨੀਕਰਨ, ਰਿਹਾਇਸ਼ੀ ਸਰਟੀਫਿਕੇਟ (ਪ੍ਰਸੋਨਲ), ਅਨੁਸੂਚਿਤ ਜਾਤੀ ਸਰਟੀਫਿਕੇਟ ਅਤੇ ਬੀ ਸੀ ਸਰਟੀਫਿਕੇਟ, ਜਨਰਲ ਜਾਤੀ ਸਰਟੀਫਿਕੇਟ, ਹੋਰ ਪਛੜੀ ਸ਼੍ਰੇਣੀਆਂ ਸੰਬੰਧੀ ਸਰਟੀਫਿਕੇਟ (ਓ ਬੀ ਸੀ), ਆਮਦਨ ਅਤੇ ਸੰਪਤੀ ਦਾ ਸਰਟੀਫਿਕੇਟ (ਈ ਡਬਲਿਊ ਐੱਸ) ਅਤੇ ਸ਼ਗਨ ਸਕੀਮ (ਕੇਸ ਨੂੰ ਮਨਜ਼ੂਰੀ ਲਈ) (ਸਮਾਜਿਕ ਨਿਆਂ), ਬਜ਼ੁਰਗਾਂ ਨੂੰ ਪੈਨਸ਼ਨ, ਵਿਧਵਾ/ ਬੇਸਹਾਰਾ ਨਾਗਰਿਕਾਂ ਨੂੰ ਪੈਨਸ਼ਨ, ਅਪਾਹਜ ਨਾਗਰਿਕਾਂ ਨੂੰ ਪੈਨਸ਼ਨ, ਅਪੰਗਤਾ ਸਰਟੀਫਿਕੇਟ ਯੂ ਡੀ ਆਈ ਡੀ ਕਾਰਡ ਲਈ ਅਰਜ਼ੀ ਅਤੇ ਨਿਰਭਰ ਬੱਚਿਆਂ ਲਈ ਪੈਨਸ਼ਨ (ਸਮਾਜਿਕ ਸੁਰੱਖਿਆ), ਬਿਜਲੀ ਦੇ ਬਿੱਲ ਦਾ ਭੁਗਤਾਨ (ਪਾਵਰ), ਵਿਆਹ ਦੀ ਰਜਿਸਟ੍ਰੇਸ਼ਨ (ਲਾਜ਼ਮੀ), ਵਿਆਹ (ਆਨੰਦ), (ਘਰ) ਦੀ ਰਜਿਸਟ੍ਰੇਸ਼ਨ ਅਤੇ ਪੇਂਡੂ ਖੇਤਰ ਦਾ ਸਰਟੀਫਿਕੇਟ ਸ਼ਾਮਲ ਹਨ।
‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਸਕੀਮ ਤਹਿਤ ਦਰ ’ਤੇ ਜਾ ਕੇ ਸੇਵਾਵਾਂ ਪ੍ਰਦਾਨ ਕਰਨ (ਡੋਰ ਸਟੈੱਪ ਡਲਿਵਰੀ) ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨਾਲ ਸਰਕਾਰ ਤੋਂ ਨਾਗਰਿਕ ਤੱਕ ਸੇਵਾਵਾਂ (ਗਵਰਮੈਂਟ-ਟੂ-ਸਿਟੀਜ਼ਨ) ਨਿਰਵਿਘਨ ਮੁਹੱਈਆ ਹੋਣਗੀਆਂ। ਇਹ ਪਹਿਲਕਦਮੀ ਸੂਬਾ ਦੇ ਨਾਗਰਿਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ ’ਤੇ ਸਾਰੀਆਂ 43 ਮਹੱਤਵਪੂਰਨ ਜੀ 2 ਸੀ ਸੇਵਾਵਾਂ-ਜਿਵੇਂ ਜਨਮ ਅਤੇ ਮੌਤ ਦੇ ਸਰਟੀਫਿਕੇਟ, ਆਮਦਨ, ਰਿਹਾਇਸ਼, ਜਾਤੀ, ਪੈਨਸ਼ਨ, ਬਿਜਲੀ ਬਿੱਲ ਭੁਗਤਾਨ ਅਤੇ ਹੋਰ ਸੇਵਾਵਾਂ ਪ੍ਰਦਾਨ ਕਰੇਗੀ। ਸੂਬੇ ਦੇ ਨਾਗਰਿਕ ਇੱਕ ਸਮਰਪਿਤ ਹੈੱਲਪਲਾਈਨ ਨੰਬਰ 1076 ’ਤੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਪੂਰਵ-ਮੁਲਾਕਾਤ ਦਾ ਸਮਾਂ ਤੈਅ ਕਰਕੇ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਨਾਗਰਿਕਾਂ ਨੂੰ ਸੇਵਾ ਪ੍ਰਾਪਤ ਕਰਨ ਲਈ ਲੋੜੀਂਦੇ ਦਸਤਾਵੇਜ਼ਾਂ, ਤੈਅ ਫੀਸਾਂ ਅਤੇ ਹੋਰਨਾਂ ਜ਼ਰੂਰਤਾਂ ਬਾਰੇ ਸੂਚਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਨਾਗਰਿਕਾਂ ਨੂੰ ਲੋੜੀਂਦੇ ਦਸਤਾਵੇਜ਼ਾਂ ਦੀ ਸੂਚੀ ਅਤੇ ਮੁਲਾਕਾਤ ਦੀ ਮਿਤੀ/ ਸਮੇਂ ਬਾਰੇ ਐੱਸ ਐੱਮ ਐੱਸ (ਮੋਬਾਇਲ ਸੰਦੇਸ਼) ਪ੍ਰਾਪਤ ਹੋਵੇਗਾ। ਇਸ ਤੋਂ ਬਾਅਦ ਵਿਸ਼ੇਸ਼ ਤੌਰ ’ਤੇ ਸਿਖਲਾਈ ਪ੍ਰਾਪਤ ਕਰਮਚਾਰੀ ਟੈਬਲੈੱਟ ਦੇ ਨਾਲ ਨਿਰਧਾਰਤ ਸਮੇਂ ’ਤੇ ਉਨ੍ਹਾਂ ਦੇ ਘਰ/ ਦਫਤਰ ਆਉਣਗੇ ਅਤੇ ਜ਼ਰੂਰੀ ਕਾਗਜ਼ੀ ਕਾਰਵਾਈ ਨੂੰ ਪੂਰਾ ਕਰਨਗੇ ਅਤੇ ਫੀਸ ਲੈ ਕੇ ਰਸੀਦ ਦੇਣਗੇ। ਇਸ ਰਸੀਦ ਨਾਲ ਨਾਗਰਿਕ ਆਪਣੀ ਅਰਜ਼ੀ ਨੂੰ ਟਰੈਕ ਕਰ ਸਕਦੇ ਹਨ। ਇਸ ਸਕੀਮ ਨਾਲ ਨਾ ਸਿਰਫ ਲੋਕਾਂ ਦੀ ਸਹੂਲਤ ਵਿੱਚ ਵਾਧਾ ਹੋਵੇਗਾ, ਸਗੋਂ ਵਿਚੋਲਿਆਂ ਦੀ ਭੂਮਿਕਾ ਵੀ ਖਤਮ ਹੋਵੇਗੀ, ਜਿਸ ਨਾਲ ਪਾਰਦਰਸ਼ਤਾ, ਕੁਸ਼ਲਤਾ ਅਤੇ ਨਾਗਰਿਕ-ਕੇਂਦਰਤ ਸ਼ਾਸਨ ਯਕੀਨੀ ਬਣਾਇਆ ਜਾਵੇਗਾ। ਨਾਗਰਿਕ ਅੱਜ ਭਾਵ 10 ਦਸੰਬਰ ਤੋਂ ਸੇਵਾ ਕੇਂਦਰਾਂ ਅਤੇ ਸਮਰਪਿਤ ਹੈੱਲਪਲਾਈਨ ਨੰਬਰ 1076 ਦੋਵਾਂ ਰਾਹੀਂ ਡੀ ਐੱਸ ਡੀ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਇਹ ਸਕੀਮ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨ ਸੰਬੰਧੀ ਸੂਬਾ ਸਰਕਾਰ ਦੇ ਉਪਰਾਲਿਆਂ ਦੇ ਹਿੱਸੇ ਵਜੋਂ ਸ਼ੁਰੂ ਕੀਤੀ ਗਈ ਹੈ, ਤਾਂ ਜੋ ਨਾਗਰਿਕ ਆਪਣੇ ਰੋਜ਼ਾਨਾ ਦੇ ਪ੍ਰਸ਼ਾਸਕੀ ਕੰਮ ਆਸਾਨੀ ਨਾਲ ਅਤੇ ਨਿਰਵਿਘਨ ਢੰਗ ਨਾਲ ਕਰਵਾ ਸਕਣ। ਇਸ ਦੌਰਾਨ ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਇਸ ਸਕੀਮ ਦਾ ਲਾਭ ਲੈਣ ਵਾਲੇ ਲੋਕਾਂ ਦੀ ਸਹੂਲਤ ਲਈ ਮੋਬਾਇਲ ਸਹਾਇਕਾਂ ਨੂੰ ਵੀ ਹਰੀ ਝੰਡੀ ਦਿੱਤੀ।

LEAVE A REPLY

Please enter your comment!
Please enter your name here