ਚੰਡੀਗੜ੍ਹ (ਗੁਰਜੀਤ ਬਿੱਲਾ)
ਹਥਿਆਰਬੰਦ ਬਲਾਂ ਵਿੱਚ ਭਰਤੀ ਹੋਣ ਦੀਆਂ ਚਾਹਵਾਨ ਪੰਜਾਬ ਦੀਆਂ ਲੜਕੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਅਹਿਮ ਪਹਿਲਕਦਮੀ ਕਰਦਿਆਂ ਸੂਬਾ ਸਰਕਾਰ ਨੇ ਕਪੂਰਥਲਾ ਵਿਖੇ ਵਿਸ਼ੇਸ਼ ਤੌਰ ’ਤੇ ਲੜਕੀਆਂ ਲਈ ਸੈਂਟਰ ਫਾਰ ਟ੍ਰੇਨਿੰਗ ਐਂਡ ਇੰਪਲਾਇਮੈਂਟ ਆਫ਼ ਪੰਜਾਬ ਯੂਥ (ਸੀ-ਪਾਈਟ) ਕੈਂਪ ਖੋਲ੍ਹਣ ਦਾ ਫੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਇਸ ਕੈਂਪ ਨੂੰ ਮਹਿਲਾ ਸਟਾਫ ਵੱਲੋਂ ਹੀ ਚਲਾਇਆ ਜਾਵੇਗਾ। ਇਹ ਫੈਸਲਾ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ ਸੀ-ਪਾਈਟ ਦੇ ਐਗਜ਼ੀਕਿਊਟਵ ਬੋਰਡ ਦੀ 33ਵੀਂ ਮੀਟਿੰਗ ਵਿੱਚ ਲਿਆ ਗਿਆ। ਅਰੋੜਾ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿੱਚ ਥੇਹ ਕਾਂਝਲਾ ਵਿਖੇ ਸਥਿਤ ਮੌਜੂਦਾ ਸੀ-ਪਾਈਟ ਕੈਂਪ ਨੂੰ ਲੜਕੀਆਂ ਦੇ ਕੈਂਪ ਵਿੱਚ ਤਬਦੀਲ ਕੀਤਾ ਜਾਵੇਗਾ, ਜਿੱਥੇ ਉਨ੍ਹਾਂ ਨੂੰ ਹਥਿਆਰਬੰਦ ਬਲਾਂ, ਕੇਂਦਰੀ ਹਥਿਆਰਬੰਦ ਪੁਲਸ ਬਲਾਂ (ਸੀ ਏ ਪੀ ਐੱਫ) ਅਤੇ ਪੰਜਾਬ ਪੁਲਸ ਵਿੱਚ ਭਰਤੀ ਹੋਣ ਲਈ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਇਸ ਸੀ-ਪਾਈਟ ਕੈਂਪ ਵਿੱਚ ਸਿਰਫ ਲੜਕਿਆਂ ਨੂੰ ਹੀ ਸਿਖਲਾਈ ਦਿੱਤੀ ਜਾ ਰਹੀ ਸੀ। ਉਨ੍ਹਾ ਦੱਸਿਆ ਕਿ ਸੀ-ਪਾਈਟ ਵੱਲੋਂ ਹਥਿਆਰਬੰਦ ਬਲਾਂ ਵਿੱਚ ਅਫ਼ਸਰ ਵਜੋਂ ਭਰਤੀ ਹੋਣ ਲਈ ਐੱਨ ਡੀ ਏ ਜਾਂ ਸੀ ਡੀ ਐੱਸ ਦੀ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਪੰਜਾਬ ਦੇ ਨੌਜਵਾਨਾਂ ਲਈ ਸਰਵਿਸ ਸਿਲੈਕਸ਼ਨ ਬੋਰਡ (ਐੱਸ ਐੱਸ ਬੀ) ਦੀ ਟ੍ਰੇਨਿੰਗ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਨੌਜਵਾਨਾਂ ਲਈ ਸਕਿਉਰਿਟੀ ਅਤੇ ਫਾਇਰ-ਫਾਇਟਿੰਗ ਦੀ ਸਿਖਲਾਈ ਸ਼ੁਰੂ ਕਰਨ ਤੋਂ ਇਲਾਵਾ ਆਰਮਡ ਸਕਿਉਰਿਟੀ ਟ੍ਰੇਨਿੰਗ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ਦੇ ਸੀ-ਪਾਈਟ ਕੈਂਪਾਂ ਵਿੱਚ ਨੌਜਵਾਨਾਂ ਲਈ ਡਰਾਈਵਿੰਗ ਸਿਖਲਾਈ, ਜੇ ਸੀ ਬੀ/ ਪੋਕਲੇਨ ਅਤੇ ਡਰੋਨ ਨੂੰ ਅਪਰੇਟ ਕਰਨ ਦੀ ਸਿਖਲਾਈ ਵੀ ਸ਼ੁਰੂ ਕੀਤੀ ਜਾਵੇਗੀ। ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਰੁਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਜਸਪ੍ਰੀਤ ਤਲਵਾੜ, ਡਾਇਰੈਕਟਰ ਮਿਸ ਅੰਮਿ੍ਰਤ ਸਿੰਘ, ਡਾਇਰੈਕਟਰ ਜਨਰਲ ਸੀ-ਪਾਈਟ ਮੇਜਰ ਜਨਰਲ (ਸੇਵਾਮੁਕਤ) ਰਾਮਬੀਰ ਸਿੰਘ ਮਾਨ ਅਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।





