ਭੋਪਾਲ : ਮੋਹਨ ਯਾਦਵ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਹੋਣਗੇ। 58 ਸਾਲਾ ਯਾਦਵ ਉਜੈਨ-ਦੱਖਣੀ ਤੋਂ ਵਿਧਾਇਕ ਹਨ।
ਭਾਜਪਾ ਵਿਧਾਇਕ ਦਲ ਦੇ ਆਗੂ ਵਜੋਂ ਉਨ੍ਹਾ ਦੀ ਚੋਣ ਪਾਰਟੀ ਹੈੱਡਕੁਆਰਟਰ ’ਚ ਵਿਧਾਇਕਾਂ ਦੀ ਮੀਟਿੰਗ ਵਿਚ ਕੀਤੀ ਗਈ। ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ, ਜਿਨ੍ਹਾ ਵਿਧਾਇਕ ਚੁਣੇ ਜਾਣ ਤੋਂ ਬਾਅਦ ਲੋਕ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ, ਨਵੇਂ ਅਸੰਬਲੀ ਸਪੀਕਰ ਹੋਣਗੇ। ਪਿਛਲੀ ਸਰਕਾਰ ਵਿਚ ਵਿੱਤ ਮੰਤਰੀ ਤੇ ਮੱਦਸੌਰ ਤੋਂ ਦੋ ਵਾਰ ਦੇ ਵਿਧਾਇਕ ਜਗਦੀਸ਼ ਦੇਵੜਾ ਅਤੇ ਪਿਛਲੀ ਸਰਕਾਰ ਵਿਚ ਲੋਕ ਸੰਪਰਕ ਮੰਤਰੀ ਰਹੇ ਰੀਵਾ ਦੇ ਵਿਧਾਇਕ ਰਜਿੰਦਰ ਸ਼ੁਕਲਾ ਉਪ-ਮੁੱਖ ਮੰਤਰੀ ਹੋਣਗੇ।
ਹਾਈਕਮਾਨ ਵੱਲੋਂ ਅਬਜ਼ਰਵਰ ਦੇ ਤੌਰ ’ਤੇ ਪੁੱਜੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਪਾਰਟੀ ਦੇ ਓ ਬੀ ਸੀ ਮੋਰਚਾ ਦੇ ਪ੍ਰਧਾਨ ਕੇ ਲਕਸ਼ਮਣ ਤੇ ਕੌਮੀ ਸਕੱਤਰ ਆਸ਼ਾ ਲਾਕੜਾ ਨੇ ਵਿਧਾਇਕਾਂ ਦੀ ਰਾਇ ਤੋਂ ਬਾਅਦ ਉਪਰੋਕਤ ਫੈਸਲਾ ਕੀਤਾ। ਆਰ ਐੱਸ ਐੱਸ ਦੀ ਹਮਾਇਤ ਹਾਸਲ ਮੋਹਨ ਯਾਦਵ ਸ਼ਿਵਰਾਜ ਚੌਹਾਨ ਮੰਤਰੀ ਮੰਡਲ ਵਿਚ ਉੱਚ ਸਿੱਖਿਆ ਮੰਤਰੀ ਹੁੰਦੇ ਸਨ। ਯਾਦਵ ਸੁੰਦਰ ਲਾਲ ਪਟਵਾ, ਉਮਾ ਭਾਰਤੀ, ਬਾਬੂ ਲਾਲ ਗੌਰ ਤੇ ਸ਼ਿਵਰਾਜ ਚੌਹਾਨ ਤੋਂ ਬਾਅਦ ਭਾਜਪਾ ਦੇ ਪੰਜਵੇਂ ਮੁੱਖ ਮੰਤਰੀ ਬਣੇ ਹਨ। ਚੌਹਾਨ ਸਭ ਤੋਂ ਵੱਧ 16 ਸਾਲ ਮੰਤਰੀ ਰਹੇ।
ਕਿਹਾ ਜਾ ਰਿਹਾ ਸੀ ਕਿ ਚੌਹਾਨ ਨੂੰ ਲਾਂਭੇ ਕਰਨਾ ਔਖਾ ਹੋਵੇਗਾ, ਪਰ ਚਮਤਕਾਰ ਕਰਨ ਲਈ ਮਸ਼ਹੂਰ ਮੋਦੀ-ਸ਼ਾਹ ਦੀ ਜੋੜੀ ਨੇ ਆਪਣੇ ਏਨੇ ਤਜਰਬੇਕਾਰ ਮੁੱਖ ਮੰਤਰੀ ਨੂੰ ਲਾਂਭੇ ਕਰ ਦਿੱਤਾ ਹੈ। ਰਾਜਸਥਾਨ ਦੇ ਮੁੱਖ ਮੰਤਰੀ ਦੀ ਚੋਣ ਲਈ ਮੰਗਲਵਾਰ ਬੈਠਕ ਹੋਣੀ ਹੈ। ਜਿੱਥੇ ਕਿ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਰਹੀ ਹੈ, ਪਰ ਉਹ ਹਾਈਕਮਾਨ ਨੂੰ ਸਿਖਾਉਦੀ ਨਹੀਂ। ਦੇਖਣ ਵਾਲੀ ਗੱਲ ਹੋਵੇਗੀ ਕਿ ਹਾਈਕਮਾਨ ਵਸੁੰਧਰਾ ਦਾ ਦਬਾਅ ਝੱਲਦੀ ਹੈ ਕਿ ਨਹੀਂ। ਉਜ ਛੱਤੀਸਗੜ੍ਹ ਵਿਚ ਆਦਿਵਾਸੀ ਵਿਸ਼ਣੂ ਦਿਓ ਸਾਏ ਨੂੰ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਮੱਧ ਪ੍ਰਦੇਸ਼ ਵਿਚ ਓ ਬੀ ਸੀ ਮੋਹਨ ਯਾਦਵ ਨੂੰ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਰਾਜਸਥਾਨ ਵਿਚ ਰਾਜਪੂਤ ਦਾ ਦਾਅ ਲੱਗ ਸਕਦਾ ਹੈ।





