ਚੰਡੀਗੜ੍ਹ (ਗੁਰਜੀਤ ਬਿੱਲਾ)-ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ ਜੀ ਟੀ ਐੱਫ) ਨੇ ਵੱਡੀ ਕਾਰਵਾਈ ਕਰਦਿਆਂ ਮਾਂ-ਧੀ ਦੇ ਦੋਹਰੇ ਕਤਲ ਸਮੇਤ ਘੱਟੋ-ਘੱਟ ਛੇ ਕਤਲ ਕੇਸਾਂ ’ਚ ਸ਼ਾਮਲ ਖ਼ਤਰਨਾਕ ਗੈਂਗਸਟਰ ਕਰਨਜੀਤ ਸਿੰਘ ਉਰਫ਼ ਜੱਸਾ ਹੈਪੋਵਾਲ ਵੱਲੋਂ ਜ਼ੀਰਕਪੁਰ ਦੇ ਪੀਰਮੁਛੱਲਾ ਇਲਾਕੇ ’ਚ ਪੁਲਸ ਦੀ ਹਿਰਾਸਤ ’ਚੋਂ ਭੱਜਣ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਜਿਸ ਦੌਰਾਨ ਉਸ ਦੀਆਂ ਲੱਤਾਂ ’ਤੇ ਗੋਲੀਆਂ ਵੱਜੀਆਂ।
ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਦੱਸਿਆ ਕਿ 30 ਨਵੰਬਰ ਨੂੰ ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਟੀਮ ਵੱਲੋਂ ਵਿਦੇਸ਼ ’ਚ ਰਹਿੰਦੇ ਫਰਾਰ ਗੈਂਗਸਟਰ ਰਾਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਅਤੇ ਅੱਤਵਾਦੀ ਹਰਵਿੰਦਰ ਰਿੰਦਾ ਦੇ ਮੁੱਖ ਸ਼ੂਟਰ ਗੈਂਗਸਟਰ ਜੱਸਾ ਹੈਪੋਵਾਲ ਨੂੰ ਜਲੰਧਰ ਦੇ ਬਾਹਰੀ ਇਲਾਕੇ ਤੋਂ ਗਿ੍ਰਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਜੱਸੇ ਨੂੰ ਮੈਟਰੋ ਪਲਾਜ਼ਾ ਗੋਲੀਬਾਰੀ ਮਾਮਲੇ, ਜਿਸ ਵਿੱਚ ਉਸ ਨੇ ਆਪਣੇ ਦੋ ਸਾਥੀਆਂ ਨਾਲ 21 ਜੁਲਾਈ ਨੂੰ ਇੱਕ ਵਿਅਕਤੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਵਿੱਚ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਸੀ।
ਯਾਦਵ ਨੇ ਦੱਸਿਆ ਕਿ ਉਨ੍ਹਾਂ ਦੇ ਖੁਲਾਸਿਆਂ ਤੋਂ ਬਾਅਦ ਏ ਡੀ ਜੀ ਪੀ ਪ੍ਰਮੋਦ ਬਾਨ ਦੀ ਸਮੁੱਚੀ ਨਿਗਰਾਨੀ ਹੇਠ ਏ ਜੀ ਟੀ ਐੱਫ ਦੀ ਪੁਲਸ ਟੀਮ ਜੱਸਾ ਹੈਪੋਵਾਲ ਨੂੰ ਪੀਰਮੁਛੱਲਾ ਸਥਿਤ ਬਣੇ ਹੋਟਲ ਮਿਡ ਟਾਊਨ ਨੇੜੇ ਸੁੰਨਸਾਨ ਥਾਂ ’ਤੇ ਲੈ ਕੇ ਜਾ ਰਹੀ ਸੀ, ਜਿੱਥੇ ਕਿ ਉਕਤ ਗੈਂਗਸਟਰ ਨੇ ਕਥਿਤ ਤੌਰ ’ਤੇ ਮੈਟਰੋ ਗੋਲੀਬਾਰੀ ਘਟਨਾ ਵਿੱਚ ਵਰਤੇ ਚੀਨੀ ਪਿਸਤੌਲ ਨੂੰ ਲੁਕਾਉਣ ਦਾ ਦਾਅਵਾ ਕੀਤਾ ਸੀ।
ਉਹਨਾ ਦੱਸਿਆ ਕਿ ਨਿਰਧਾਰਤ ਸਥਾਨ ’ਤੇ ਪਹੁੰਚਣ ਤੋਂ ਬਾਅਦ ਗੈਂਗਸਟਰ ਨੇ ਪੁਲਸ ਕਰਮਚਾਰੀ ਨੂੰ ਧੱਕਾ ਦੇ ਕੇ ਪੁਲਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਏ ਜੀ ਟੀ ਅੱੈਫ ਦੀ ਟੀਮ ਨੂੰ ਉਸ ਨੂੰ ਭੱਜਣ ਤੋਂ ਰੋਕਣ ਲਈ ਗੋਲੀਆਂ ਚਲਾਉਣੀਆਂ ਪਈਆਂ, ਜਿਸ ਦੇ ਨਤੀਜੇ ਵਜੋਂ ਉਹ ਜ਼ਖਮੀ ਹੋ ਗਿਆ। ਉਹਨਾ ਨਾਲ ਹੀ ਦੱਸਿਆ ਕਿ ਇਸ ਪੂਰੇ ਘਟਨਾਕ੍ਰਮ ਦੌਰਾਨ ਏ ਜੀ ਟੀ ਐੱਫ ਦਾ ਕਰਮਚਾਰੀ ਏ ਐੱਸ ਆਈ ਦਰਸ਼ਨ ਸਿੰਘ ਵੀ ਜ਼ਖਮੀ ਹੋ ਗਿਆ, ਜੋ ਉਸ ਨੂੰ ਭੱਜਣ ਤੋਂ ਰੋਕ ਰਿਹਾ ਸੀ। ਦੋਵਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ।
ਡੀ ਜੀ ਪੀ ਨੇ ਦੱਸਿਆ ਕਿ ਪੁਲਸ ਟੀਮਾਂ ਨੇ ਉਸ ਦੇ ਦੱਸੇ ਹੋਏ ਪਤੇ ਤੋਂ ਉਕਤ ਚੀਨੀ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਘਟਨਾ ਦੀ ਫੋਰੈਂਸਿਕ ਅਤੇ ਵਿਗਿਆਨਕ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ, ਜਦਕਿ ਫੋਰੈਂਸਿਕ ਟੀਮਾਂ ਪਹਿਲਾਂ ਹੀ ਮੌਕੇ ’ਤੇ ਪਹੁੰਚ ਚੁੱਕੀਆਂ ਹਨ।