ਮਾਛੀਵਾੜਾ ਸਾਹਿਬ
(ਸ਼ੈਂਕੀ ਸ਼ਰਮਾ, ਜਗਦੀਸ਼ ਰਾਏ)
ਬੇਟ ਇਲਾਕੇ ਦੇ ਪਿੰਡ ਸਲਾਣਾ ਬੇਟ ਵਿਖੇ ਸਵੇਰੇ ਵਾਪਰੇ ਹਾਦਸੇ ‘ਚ ਕਣਕ ਨੂੰ ਅੱਗ ਬੁਝਾਉਂਦਿਆਂ ਟਰੈਕਟਰ ਸਵਾਰ ਨੌਜਵਾਨ ਕਿਸਾਨ ਮਨਦੀਪ ਸਿੰਘ (42) ਦੀ ਮੌਤ ਹੋ ਗਈ, ਜਿਸ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਸਵੇਰੇ 8.30 ਵਜੇ ਸ਼ਾਟ ਸਰਕਟ ਕਾਰਨ ਖੇਤਾਂ ਵਿਚ ਖੜੇ ਨਾੜ ਨੂੰ ਅੱਗ ਲੱਗ ਗਈ। ਇਹ ਅੱਗ ਕਿਸਾਨ ਮਨਦੀਪ ਸਿੰਘ ਦੀ ਖੜ੍ਹੀ ਕਣਕ ਫਸਲ ਵੱਲ ਵਧਦੀ ਜਾ ਰਹੀ ਸੀ, ਜਿਸ ਕਾਰਨ ਉਹ ਟਰੈਕਟਰ ਲੈ ਕੇ ਹੋਰ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ਨੂੰ ਬੁਝਾਉਣ ਵਿਚ ਲੱਗ ਗਿਆ। ਅੱਗ ਬੁਝਾਉਂਦਿਆਂ ਟ੍ਰੈਕਟਰ ਸਵਾਰ ਮਨਦੀਪ ਸਿੰਘ ਨੇ ਜਦੋਂ ਆਪਣੀ ਕਣਕ ਨੂੰ ਲਪੇਟ ਵਿਚ ਆਉਂਦਿਆਂ ਦੇਖਿਆ ਤਾਂ ਉਹ ਧੂੰਏਂ ਦੀ ਪ੍ਰਵਾਹ ਕੀਤੇ ਬਿਨਾਂ ਉਸ ਨੂੰ ਬੁਝਾਉਣ ਲੱਗ ਪਿਆ। ਧੂੰਏਂ ਦੀ ਲਪੇਟ ਵਿਚ ਆਉਣ ਕਾਰਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਪਿੰਡ ਵਾਸੀਆਂ ਵੱਲੋਂ ਮੌਕੇ ‘ਤੇ ਮਨਦੀਪ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਲਾਜ ਲਈ ਤੁਰੰਤ ਹਸਪਤਾਲ ਲਿਆਂਦਾ ਗਿਆ, ਪਰ ਉਸ ਦੀ ਮੌਤ ਹੋ ਚੁੱਕੀ ਸੀ। ਇਸ ਦੌਰਾਨ ਨਾਇਬ ਤਹਿਸੀਲਦਾਰ ਰਾਜੇਸ਼ ਕੁਮਾਰ ਅਹੂਜਾ ਵੀ ਖ਼ਬਰ ਮਿਲਦੇ ਹੀ ਮੌਕੇ ‘ਤੇ ਪੁੱਜੇ। ਉਨ੍ਹਾ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੀ ਸਾਰੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ ਅਤੇ ਡਿਪਟੀ ਕਮਿਸ਼ਨਰ ਵੱਲੋਂ ਜੋ ਵੀ ਹਦਾਇਤਾਂ ਆਉਣਗੀਆਂ, ਉਸ ਦੇ ਅਧਾਰ ‘ਤੇ ਪੀੜਤ ਪਰਵਾਰ ਨੂੰ ਮੁਆਵਜਾ ਦਿੱਤਾ ਜਾਵੇਗਾ।




