ਚੰਡੀਗੜ੍ਹ : ਪੰਜਾਬ ਸਰਕਾਰ ਦੇ ਸੱਭਿਆਚਾਰਕ ਅਤੇ ਸੈਰ-ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਪੰਜਾਬ ਤੋਂ ਕਾਸ਼ੀ (ਵਾਰਾਨਸੀ) ਲਈ ਵਿਸ਼ੇਸ਼ ਰੇਲ ਗੱਡੀਆਂ ਤੁਰੰਤ ਅਲਾਟ ਕੀਤੀਆਂ ਜਾਣ।
ਉਨ੍ਹਾ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਇਸ ਪਵਿੱਤਰ ਅਵਸਰ ਨੂੰ ਫਰਵਰੀ 2026 ਤੋਂ ਫਰਵਰੀ 2027 ਤੱਕ ਬਹੁਤ ਹੀ ਸ਼ਾਨਦਾਰ ਪੱਧਰ ‘ਤੇ ਮਨਾ ਰਹੀ ਹੈ। ਸਾਲ ਭਰ ਚੱਲਣ ਵਾਲੇ ਸਮਾਗਮਾਂ ਤਹਿਤ ਦੇਸ਼-ਵਿਦੇਸ਼ ਅਤੇ ਉਨ੍ਹਾਂ ਸਾਰੀਆਂ ਥਾਵਾਂ ‘ਤੇ ਕੀਰਤਨ ਦਰਬਾਰ ਅਤੇ ਸ਼ੋਭਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ, ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਸਨ।ਦੀਪਕ ਬਾਲੀ ਨੇ ਕਿਹਾ ਕਿ ਸੰਗਤਾਂ ਨੂੰ ਗੁਰੂ ਸਾਹਿਬ ਦੀ ਜਨਮ ਭੂਮੀ ਅਤੇ ਤਪ ਅਸਥਾਨ ਕਾਸ਼ੀ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਨੇ ਪੂਰੇ ਇੱਕ ਸਾਲ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਯੋਜਨਾ ਬਣਾਈ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਬੀਤੀ 30 ਮਾਰਚ ਨੂੰ ਹੀ ਆਈ ਆਰ ਸੀ ਟੀ ਸੀ ਨੂੰ ਪੱਤਰ ਲਿਖ ਕੇ ਟਰੇਨ ਚਲਾਉਣ ਦੀ ਮੰਗ ਕੀਤੀ ਗਈ ਸੀ। ਹਾਲਾਂਕਿ ਕਰੀਬ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਕੇਂਦਰ ਸਰਕਾਰ ਜਾਂ ਰੇਲਵੇ ਵਿਭਾਗ ਵੱਲੋਂ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ।ਉਨ੍ਹਾ ਕਿਹਾ ਕਿ ਉਹਨਾ ਨਿੱਜੀ ਤੌਰ ‘ਤੇ ਵੀ ਰੇਲਵੇ ਨਾਲ ਇਸ ਸਬੰਧ ਵਿਚ ਗੱਲ ਕੀਤੀ ਹੈ, ਪਰ ਅਜੇ ਤੱਕ ਸਿਰਫ਼ ‘ਵਿਚਾਰ ਕਰ ਰਹੇ ਹਾਂ’ ਵਰਗੇ ਜਵਾਬ ਹੀ ਮਿਲ ਰਹੇ ਹਨ, ਜੋ ਕਿ ਗੁਰੂ ਜੀ ਦੀ ਸੰਗਤ ਪ੍ਰਤੀ ਉਚਿਤ ਵਿਹਾਰ ਨਹੀਂ। ਉਹਨਾ ਕੇਂਦਰ ਸਰਕਾਰ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਨਾਲ-ਨਾਲ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਵੀ ਅਪੀਲ ਕੀਤੀ ਕਿ ਇਸ ਪਵਿੱਤਰ ਕਾਰਜ ਨੂੰ ਰਾਜਨੀਤੀ ਦੀ ਭੇਟ ਨਾ ਚੜ੍ਹਾਇਆ ਜਾਵੇ।ਉਨ੍ਹਾ ਕਿਹਾ ਕਿ ਇਹ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮੰਗ ਨਹੀਂ, ਸਗੋਂ ਇਹ ਲੱਖਾਂ ਗੁਰੂ ਪ੍ਰੇਮੀ ਸੰਗਤਾਂ ਦੀ ਆਸਥਾ ਦਾ ਸਵਾਲ ਹੈ। ਕੇਂਦਰ ਸਰਕਾਰ ਨੂੰ ਇਸ ਨੂੰ ਸਿਆਸੀ ਚਸ਼ਮੇ ਤੋਂ ਨਹੀਂ ਦੇਖਣਾ ਚਾਹੀਦਾ ਕਿ ਇਹ ਰੇਲ ਗੱਡੀਆਂ ਪੰਜਾਬ ਸਰਕਾਰ ਨੇ ਮੰਗੀਆਂ ਹਨ।ਪੰਜਾਬ ਦੇ ਨੁਮਾਇੰਦੇ ਹੋਣ ਦੇ ਨਾਤੇ ਖਾਸ ਤੌਰ ‘ਤੇ ਰਵਨੀਤ ਬਿੱਟੂ ਨੂੰ ਅਪੀਲ ਕਰਦਿਆਂ ਬਾਲੀ ਨੇ ਕਿਹਾ ਕਿ ਉਹ ਗੁਰੂ ਦੇ ਨਿਮਰ ਸੇਵਕ ਬਣ ਕੇ ਇਨ੍ਹਾਂ ਰੇਲ ਗੱਡੀਆਂ ਦੀ ਜਲਦੀ ਮਨਜ਼ੂਰੀ ਦਿਵਾਉਣ। ਉਹਨਾ ਸਮੂਹ ਸੰਤ ਸਮਾਜ ਨੂੰ ਵੀ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਅਤੇ ਸੰਬੰਧਤ ਮੰਤਰੀਆਂ ‘ਤੇ ਦਬਾਅ ਬਣਾਉਣ, ਤਾਂ ਜੋ ਪੰਜਾਬ ਦੀ ਸੰਗਤ ਜਲਦ ਤੋਂ ਜਲਦ ਗੁਰਧਾਮਾਂ ਦੇ ਦਰਸ਼ਨ ਕਰ ਸਕੇ। ਧਾਰਮਿਕ ਆਸਥਾ ਦੇ ਕਾਰਜਾਂ ਵਿੱਚ ਦੇਰੀ ਕਰਨਾ ਜਾਇਜ਼ ਨਹੀਂ। ਕੇਂਦਰ ਨੂੰ ਆਈ ਆਰ ਸੀ ਟੀ ਸੀ ਕੋਲ ਪੈਂਡਿੰਗ ਪੱਤਰ ‘ਤੇ ਤੁਰੰਤ ਕਾਰਵਾਈ ਕਰਕੇ ਰੇਲ ਗੱਡੀਆਂ ਦਾ ਸ਼ਡਿਊਲ ਜਾਰੀ ਕਰਨਾ ਚਾਹੀਦਾ ਹੈ।




