ਈ ਵੀ ਰਾਮਾਸਾਮੀ ਇੱਕ ਕਰਮਯੋਗੀ ਸੀ : ਡਾਕਟਰ ਅਟਵਾਲ

0
199

ਜਲੰਧਰ, (ਗਿਆਨ ਸੈਦਪੁਰੀ)-‘ਤਰਕਹੀਣਤਾ ਵਿੱਚੋਂ ਗੁਲਾਮੀ ਨਿਕਲਦੀ ਹੈ ਤੇ ਗੁਲਾਮੀ ਗ਼ਰੀਬੀ ਅਤੇ ਸ਼ੋਸ਼ਣ ਦਾ ਕਾਰਨ ਬਣਦੀ ਹੈ। ਪੇਰੀਆਰ ਤਰਕਹੀਣਤਾ, ਕਿਸਮਤਵਾਦ ਤੇ ਜੋਤਿਸ਼ ਦਾ ਕੱਟੜ ਵਿਰੋਧੀ ਸੀ। ਕਿਹਾ ਜਾ ਸਕਦਾ ਹੈ ਕਿ ਪੇਰੀਆਰ ਕਰਮਯੋਗੀ ਸੀ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਡਾ. ਹਰਜਿੰਦਰ ਸਿੰਘ ਅਟਵਾਲ ਸਾਹਿਤ ਸੰਪਾਦਕ ‘ਨਵਾਂ ਜ਼ਮਾਨਾ’ ਨੇ ਬੁੱਧਵਾਰ ਸ਼ਹੀਦ ਵਿਸ਼ਣੂ ਗਣੇਸ਼ ਪਿੰਗਲੇ ਹਾਲ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਕੀਤਾ। ਉਹ ਨਵੇਂ ਯੁੱਗ ਦੇ ਸੁਕਰਾਤ ਵਜੋਂ ਜਾਣੇ ਜਾਂਦੇ ਈ ਵੀ ਰਾਮਾਸਾਮੀ ਪੇਰੀਆਰ ਦੀ ਸਮੁੱਚੀ ਰਚਨਾ ਦੀ ਅਨੁਵਾਦਤ ਕਿਤਾਬ ਦੇ ਲੋਕ ਅਰਪਣ ਸਮਾਗਮ ਅਤੇ ਵਿਚਾਰ-ਗੋਸ਼ਟੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਕਿਹਾ ਕਿ ਜਦੋਂ ਸਾਡਾ ਦੇਸ਼ ਗੁਲਾਮ ਸੀ ਤਾਂ ਪੇਰੀਆਰ ਉਸ ਵੇਲੇ ਮਨੁੱਖ ਦੇ ਸਵੈਮਾਣ ਅਤੇ ਔਰਤ ਦੀ ਆਜ਼ਾਦੀ ਦੀ ਗੱਲ ਕਰਦੇ ਹਨ। ਪੇਰੀਆਰ ਦੇ ਸੰਘਰਸ਼ ਵਿੱਚ ਰੂਸ ਦੇ ਮਨੁੱਖਵਾਦੀ ਪ੍ਰਬੰਧ ਦੀ ਉਤਸ਼ਾਹਜਨਕ ਭੂਮਿਕਾ ਨਿਭਾਉਣ ਦੀ ਗੱਲ ਕਰਦਿਆਂ ਡਾ. ਅਟਵਾਲ ਨੇ ਕਿਹਾ ਕਿ ਪੇਰੀਆਰ ਜਦੋਂ ਰੂਸ ਗਏ ਤਾਂ ਉੱਥੋਂ ਦੇ ਲੋਕਾਂ ਦੀ ਜ਼ਿੰਦਗੀ ਵੇਖ ਕੇ ਉਨ੍ਹਾ ਦੇ ਦਿਲੋ-ਦਿਮਾਗ਼ ’ਤੇ ਇਹ ਗੱਲ ਘਰ ਕਰ ਗਈ ਕਿ ਭਾਰਤੀਆਂ ਦੀ ਜ਼ਿੰਦਗੀ ਵੀ ਰੂਸੀਆਂ ਵਰਗੀ ਹੋਣੀ ਚਾਹੀਦੀ ਹੈ।
ਸੰੰਬੰਧਤ ਕਿਤਾਬ ਦੀ ਗੱਲ ਕਰਦਿਆਂ ਡਾਕਟਰ ਅਟਵਾਲ ਨੇ ਕਿਹਾ ਕਿ ਡਾ. ਜਸਵੰਤ ਰਾਏ ਨੇ ਨਿੱਠ ਕੇ ਕੰਮ ਕੀਤਾ ਹੈ। ਉਨ੍ਹਾ ਕਿਹਾ ਕਿ ਕਿਤਾਬ ਦੇ ਹਰ ਚੈਪਟਰ ਦੇ ਸ਼ੁਰੂ ਵਿੱਚ ਇੱਕ ਢੁਕਵਾਂ ਸ਼ੇਅਰ ਦਰਜ ਹੈ। ਇਹ ਸ਼ੇਅਰ ਪੜ੍ਹਨ ਉਪਰੰਤ ਜਦੋਂ ਚੈਪਟਰ ਪੜ੍ਹਦੇ ਹਾਂ ਤਾਂ ਅਰਥ ਹੋਰ ਸਪੱਸ਼ਟ ਹੋ ਕੇ ਉੱਘੜਦੇ ਹਨ। ਡਾ. ਅਟਵਾਲ ਨੇ ਗੋਸ਼ਟੀ ਦੇ ਹਵਾਲੇ ਨਾਲ ਪੇਰੀਆਰ ਦੀ ਮਹਾਨਤਾ ਦੀ ਗੱਲ ਕਰਦਿਆਂ ਕਿਹਾ ਕਿ ਕੰਮ ਕਰਨ ਵਾਲੇ ਮਹਾਨ ਬੰਦਿਆਂ ਨੂੰ ਆਪਣਾ ਕੰਮ ਪ੍ਰਚਾਰਨ ਤੇ ਪ੍ਰਸਾਰਨ ਦੀ ਲੋੜ ਨਹੀਂ ਹੁੰਦੀ। ਉਨ੍ਹਾ ਕਿਹਾ ਕਿ ਪੇਰੀਆਰ ਸਮਝਦੇ ਸਨ ਕਿ ਜਦੋਂ ਤੱਕ ਤਰਕ ਦੇ ਆਧਾਰ ’ਤੇ ਵਿਗਿਆਨਕ ਸੋਚ ਨਹੀਂ ਅਪਣਾਈ ਜਾਂਦੀ, ਓਦੋਂ ਤੱਕ ਲੋਕਾਈ ਲਈ ਉਹ ਕੁਝ ਨਹੀਂ ਹੋ ਸਕਦਾ, ਜੋ ਕੁਝ ਅਸੀਂ ਲੋਚਦੇ ਹਾਂ।
ਕਿਤਾਬ ਦੇ ਅਨੁਵਾਦਕ ਡਾ. ਜਸਵੰਤ ਰਾਏ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਨੇ ਅਨੁਵਾਦ ਦੇ ਅਨੁਭਵਾਂ ਦੀ ਗੱਲ ਕਰਦਿਆਂ ਕਿਹਾ ਕਿ ਮੈਂ ਪੇਰੀਆਰ ਦੇ ਸੰਘਰਸ਼ ਨੂੰ ਮੰਗੂ ਰਾਮ ਮੁੱਗੋਵਾਲੀਆ, ਡਾਕਟਰ ਅੰਬੇਡਕਰ ਅਤੇ ਗ਼ਦਰੀ ਬਾਬਿਆਂ ਦੇ ਅੰਦੋਲਨ ਨਾਲ ਜੋੜ ਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾ ਕਿਤਾਬ ਦੀ ਵੰਨ-ਸੁਵੰਨਤਾ ਦੀ ਗੱਲ ਕਰਦਿਆਂ ਕਿਹਾ ਕਿ ਇਸ ਵਿੱਚ ਅਨੇਕਾਂ ਵਿਸ਼ੇ ਹਨ। ਆਤਮ ਸਨਮਾਨ, ਤਰਕਸ਼ੀਲਤਾ, ਮਾਤ ਭਾਸ਼ਾ, ਜੋਤਿਸ਼, ਪਦਾਰਥਵਾਦ, ਸਮਾਜਵਾਦ, ਵਿਆਹ ਪ੍ਰਣਾਲੀ, ਅੰਧ-ਵਿਸ਼ਵਾਸ, ਚਰਿੱਤਰ ਅਤੇ ਔਰਤ ਦੇ ਅਧਿਕਾਰ ਆਦਿ ਵਿਸ਼ਿਆਂ ਦਾ ਬਾਕਮਾਲ ਵਰਣਨ ਹੈ। ਡਾ. ਜਸਵੰਤ ਰਾਏ ਨੇ ਕਿਹਾ ਕਿ ਪੇਰੀਆਰ ਨੂੰ ਸਭ ਤੋਂ ਵੱਧ ਰੂਸ ਦੀ ਤਰਜ਼-ਏ-ਜ਼ਿੰਦਗੀ ਨੇ ਟੁੰਭਿਆ ਸੀ। ਉਹਨਾ ਪੇਰੀਆਰ ਦੀ ਇੱਕੋ-ਇੱਕ ਧੀ ਦੇ ਬਚਪਨ ਵਿੱਚ ਹੀ ਵਿੱਛੜ ਜਾਣ ਦੇ ਹਵਾਲੇ ਨਾਲ ਕਿਹਾ ਕਿ ਉਹ ਸਮਝਦੇ ਸਨ ਕਿ ਉਨ੍ਹਾ ਦੇ ਸ਼ਬਦ ਤੇ ਵਿਚਾਰ ਹੀ ਉਨ੍ਹਾ ਦੇ ਵਾਰਸ ਹੋਣਗੇ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਨੇ ਕਿਹਾ ਕਿ ਵਿਚਾਰ-ਚਰਚਾ ਸੁਣ ਕੇ 1920 ਤੋਂ 1930 ਦੇ ਦਹਾਕੇ ਦਾ ਦਿ੍ਰਸ਼ ਸਾਹਮਣੇ ਆ ਗਿਆ ਹੈ। ਕੰਗਣੀਵਾਲ ਨੇ ਛੂਤ-ਛਾਤ ਤੇ ਜਾਤ-ਪਾਤ ਦੇ ਦਰਦ ਨੂੰ ਭਾਵਪੂਰਤ ਸ਼ਬਦਾਂ ਵਿੱਚ ਬਿਆਨ ਕਰਦਿਆਂ ਸਵਾਲ ਉਠਾਇਆ ਕਿ ਇਹ ਅਜੇ ਤੱਕ ਖ਼ਤਮ ਕਿਉਂ ਨਹੀਂ ਹੋ ਸਕਿਆ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਜਨਰਲ ਸਕੱਤਰ ਡਾ. ਕਰਮਜੀਤ ਸਿੰਘ ਨੇ ਭਾਰਤ ਵਿਚਲੀ ਨਸਲਪ੍ਰਸਤੀ ਨੂੰ ਬਿਆਨ ਕਰਦਿਆਂ ਕਿਹਾ ਕਿ ਦੱਖਣ ਵਿੱਚ ਇੱਕ ਵਿਸ਼ੇਸ਼ ਪਸ਼ੂ ਹੈ ਤੇ ਉੱਤਰ ਵਿੱਚ ਇੱਕ ਦੂਜਾ ਪਸ਼ੂ ਵਿਸ਼ੇਸ਼ ਰੂਪ ਨਾਲ ਸਨਮਾਨਿਆ ਜਾਂਦਾ ਹੈ। ਇਹੀ ਸੋਚਣ ਦਾ ਵਿਸ਼ਾ ਹੈ।
‘ਸੰਗਰਾਮੀ ਲਹਿਰ’ ਦੇ ਸੰਪਾਦਕ ਕਾਮਰੇਡ ਮੰਗਤ ਰਾਮ ਪਾਸਲਾ ਨੇ ਧੰਨਵਾਦੀ ਸ਼ਬਦ ਬੋਲਦਿਆਂ ਕਿਹਾ ਕਿ ਸਮਾਜ ਲਈ ਬਿਹਤਰ ਕਰਨਾ ਲੋਚਦੇ ਵੱਖ-ਵੱਖ ਵਰਗਾਂ ਨੂੰ ਇਕੱਠੇ ਹੋ ਕੇ ਸੰਵਾਦ ਰਚਾਉਣ ਦੀ ਲੋੜ ਹੈ। ਸਾਰੀਆਂ ਧਿਰਾਂ ਨੂੰ ਸਾਂਝ ਵਧਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾ ਕਿਤਾਬ ’ਤੇ ਹੋਈ ਚਰਚਾ ਦੀ ਗੱਲ ਕਰਦਿਆਂ ਕਿਹਾ ਕਿ ਇਸ ਬਾਰੇ ਜੋ ਸਪੱਸ਼ਟਤਾ ਸਾਹਮਣੇ ਆਈ ਹੈ, ਉਸ ਤੋਂ ਸਮਾਗਮ ਦੀ ਸਾਰਥਿਕਤਾ ’ਤੇ ਤਸੱਲੀ ਹੋਈ ਹੈ। ਉਨ੍ਹਾ ਇਹ ਵੀ ਸਪੱਸ਼ਟ ਕੀਤਾ ਕਿ ਸਮਾਜਕ ਲੜਾਈ ਦੀ ਸਫ਼ਲਤਾ ਸਿਆਸੀ ਲੜਾਈ ਦੀ ਸਾਂਝ ਨਾਲ ਹੀ ਸੰਭਵ ਹੈ।
ਇਸ ਮੌਕੇ ਕਿਤਾਬ ਦੇ ਲੋਕ ਅਰਪਣ ਕਰਨ ਦੀ ਰਸਮ ਵੀ ਅਦਾ ਕੀਤੀ ਗਈ।
ਦਰਸ਼ਕਾਂ ਵਿੱਚੋਂ ਵੀ ਕਈਆਂ ਨੇ ਕਿਤਾਬ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾ ਵਿੱਚ ਸੁਰਿੰਦਰ ਕੌਰ, ਜਸਵੰਤ ਬੋਧ, ਮੰਗਲ ਸਿੰਘ ਟਾਂਡਾ, ਜੈਪਾਲ ਸਿੰਘ, ਮੋਹਣ ਲਾਲ ਰਾਹੀ, ਮਲਕੀਤ ਬਾਹੋਵਾਲ, ਡਾ. ਸਤਨਾਮ ਸਿੰਘ ਅਜਨਾਲਾ ਸ਼ਾਮਲ ਸਨ। ਇਸ ਮੌਕੇ ਮਾਸਟਰ ਹਰਕੰਵਲ ਸਿੰਘ, ਕਹਾਣੀਕਾਰ ਭਗਵੰਤ ਰਸੂਲਪੁਰੀ, ਸ਼ਾਇਰ ਮਦਨ ਵੀਰਾ, ਕਾਮਰੇਡ ਪਰਮਜੀਤ ਸਿੰਘ, ਕਾਮਰੇਡ ਗੁਰਨਾਮ ਸਿੰਘ ਦਾਊਦ ਆਦਿ ਵੀ ਹਾਜ਼ਰ ਸਨ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਕਾਮਰੇਡ ਮਹੀਪਾਲ ਹੁਰਾਂ ਬਾਖੂਬੀ ਨਿਭਾਈ।

LEAVE A REPLY

Please enter your comment!
Please enter your name here