ਨਵੀਂ ਦਿੱਲੀ : ਦੋ ਬੰਦਿਆਂ ਨੇ ਬੁੱਧਵਾਰ ਬਾਅਦ ਦੁਪਹਿਰ ਲੋਕ ਸਭਾ ਦੀ ਵਿਜ਼ਟਰ ਗੈਲਰੀ ਵਿੱਚੋਂ ਹੇਠਾਂ ਛਾਲਾਂ ਮਾਰ ਕੇ ਪੀਲੀ ਗੈਸ ਛੱਡ ਕੇ ਸਨਸਨੀ ਫੈਲਾ ਦਿੱਤੀ। ਲੋਕ ਸਭਾ ਮੈਂਬਰਾਂ ਨੇ ਹਿੰਮਤ ਕਰਕੇ ਉਨ੍ਹਾਂ ਨੂੰ ਫੜ ਲਿਆ, ਜਦਕਿ ਸੰਸਦ ਦੇ ਬਾਹਰੋਂ ਵੀ ਪੁਲਸ ਨੇ ਇਕ ਮਰਦ ਤੇ ਇਕ ਮਹਿਲਾ ਨੂੰ ਕਾਬੂ ਕੀਤਾ। ਟੈਲੀਵਿਜ਼ਨ ਦੀ ਫੁਟੇਜ਼ ਤੋਂ ਨਜ਼ਰ ਆਇਆ ਕਿ ਬੈਂਚਾਂ ’ਤੇ ਛਾਲਾਂ ਮਾਰਦੇ ਸਾਗਰ ਸ਼ਰਮਾ (ਲਖਨਊ) ਤੇ ਮਨੋਰੰਜਨ (ਮੈਸੂਰ) ਨੂੰ ਸਾਂਸਦ ਫੜਨ ਦੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਨ੍ਹਾ ਇਕ ਨੌਜਵਾਨ ਨੂੰ ਸਭ ਤੋਂ ਪਹਿਲਾਂ ਫੜਿਆ ਤੇ ਗੈਸ ਵਾਲਾ ਗੋਲਾ ਚੁੱਕ ਕੇ ਬਾਹਰ ਸੁੱਟਿਆ। ਜੇ ਡੀ (ਯੂ) ਦੇ ਮੈਂਬਰ ਰਾਮਪ੍ਰੀਤ ਮੰਡਲ ਨੇ ਕਿਹਾ ਕਿ ਦੂਜੇ ਨੌਜਵਾਨ ਨੂੰ ਹਨੂੰਮਾਨ ਬੇਣੀਵਾਲ ਨੇ ਕਾਬੂ ਕੀਤਾ। ਇਕ ਨੌਜਵਾਨ ਨਾਅਰੇ ਲਾ ਰਿਹਾ ਸੀਤਾਨਾਸ਼ਾਹੀ ਨਹੀਂ ਚੱਲੇਗੀ।
ਸਾਗਰ ਮੈਸੂਰ ਤੋਂ ਭਾਜਪਾ ਸਾਂਸਦ ਪ੍ਰਤਾਪ ਸਿਮ੍ਹਾ ਦੇ ਗੈੱਸਟ ਵਜੋਂ ਗੈਲਰੀ ਵਿਚ ਆਇਆ ਸੀ।
ਇਸ ਘਟਨਾ ਤੋਂ ਬਾਅਦ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਕੁਝ ਸਮੇਂ ਲਈ ਉਠਾ ਦਿੱਤੀ ਗਈ। ਪੁਲਸ ਨੇ ਹਿਸਾਰ ਦੀ 42 ਸਾਲਾ ਨੀਲਮ ਤੇ ਮਹਾਰਾਸ਼ਟਰ ਦੇ ਲਾਤੂਰ ਇਲਾਕੇ ਦੇ 25 ਸਾਲਾ ਅਮੋਲ ਸ਼ਿੰਦੇ ਨੂੰ ਸੰਸਦ ਦੇ ਬਾਹਰ ਟਰਾਂਸਪੋਰਟ ਭਵਨ ਕੋਲੋਂ ਫੜਿਆ। ਉਹ ਵੀ ਪੀਲੇ ਧੂੰਏਂ ਨਾਲ ਪ੍ਰੋਟੈੱਸਟ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਜਥੇਬੰਦੀ ਨੇ ਨਹੀਂ ਭੇਜਿਆ, ਉਹ ਖੁਦ ਪੁੱਜੇ। ਪੁਲਸ ਇਨ੍ਹਾਂ ਤੋਂ ਇਲਾਵਾ ਗੁਰੂਗਰਾਮ ਦੇ ਲਲਿਤ ਝਾਅ ਤੇ ਇਕ ਹੋਰ ਦੀ ਭਾਲ ਕਰ ਰਹੀ ਹੈ। ਨੀਲਮ ਦੇ ਛੋਟੇ ਭਰਾ ਨੇ ਜੀਂਦ ’ਚ ਦੱਸਿਆ ਕਿ ਉਨ੍ਹਾਂ ਨੂੰ ਪਤਾ ਨਹੀਂ ਕਿ ਉਹ ਦਿੱਲੀ ਕਦੋਂ ਪਹੁੰਚੀ। ਉਹ ਤਾਂ ਸਮਝ ਰਹੇ ਸਨ ਕਿ ਉਹ ਪੜ੍ਹਨ ਲਈ ਹਿਸਾਰ ਵਿਚ ਹੈ। ਉਹ ਦੋ ਦਿਨ ਪਹਿਲਾਂ ਆਈ ਸੀ ਤੇ ਮੰਗਲਵਾਰ ਪਰਤ ਗਈ ਸੀ। ਉਹ ਬੀ ਏ, ਐੱਮ ਏ, ਬੀ ਐੱਡ, ਐੱਮ ਐੱਡ, ਸੀ ਟੀ ਈ ਟੀ, ਐੱਮ ਫਿਲ ਤੇ ਐੱਨ ਈ ਟੀ ਹੈ। ਉਸ ਨੇ ਕਈ ਵਾਰ ਬੇਰੁਜ਼ਗਾਰੀ ਦੇ ਮੁੱਦੇ ਚੁੱਕੇ ਅਤੇ ਉਹ ਕਿਸਾਨਾਂ ਦੇ ਪ੍ਰੋਟੈੱਸਟ ਵਿਚ ਵੀ ਸ਼ਾਮਲ ਹੋਈ ਸੀ।
ਪੁਲਸ ਨੇ ਦੱਸਿਆ ਕਿ ਇਹ ਸਾਰੇ ਆਨਲਾਈਨ ਮਿਲੇ ਸਨ। ਅਜਿਹਾ ਕੋਈ ਸਬੂਤ ਨਹੀਂ, ਜਿਸ ਤੋਂ ਇਨ੍ਹਾਂ ਦੇ ਦਹਿਸ਼ਤਗਰਦ ਜਥੇਬੰਦੀ ਨਾਲ ਸੰਬੰਧ ਹੋਣ ਦਾ ਅੰਦਾਜ਼ਾ ਲੱਗੇ।
ਲੋਕ ਸਭਾ ਵਿਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਦੱਸਿਆਦੋ ਨੌਜਵਾਨ ਗੈਲਰੀ ਵਿੱਚੋਂ ਕੁੱਦੇ ਤੇ ਅਜਿਹੀ ਚੀਜ਼ ਸੁੱਟੀ, ਜਿਸ ਵਿੱਚੋਂ ਗੈਸ ਨਿਕਲੀ। ਇਹ ਸੁਰੱਖਿਆ ਚੂਕ ਸੀ, ਕਿਉਕਿ ਅੱਜ ਹੀ 2001 ਵਿਚ ਸੰਸਦ ’ਤੇ ਹਮਲੇ ਦੌਰਾਨ ਸ਼ਹੀਦ ਹੋਣ ਵਾਲੇ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਸੀ। ਤਿ੍ਰਣਮੂਲ ਕਾਂਗਰਸ ਦੇ ਕਲਿਆਣਾ ਬੈਨਰਜੀ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਡੇ-ਵੱਡੇ ਬਿਆਨ ਦਿੰਦੇ ਹਨ, ਪਰ ਸੰਸਦ ਦੀ ਸੁਰੱਖਿਆ ਕਰ ਨਹੀਂ ਪਾਉਦੇ।




