ਭੁੱਖ ਹੜਤਾਲ ਦੇ ਸੱਦੇ ਨੂੰ ਨਰੇਗਾ ਮਜ਼ਦੂਰਾਂ ਦਾ ਭਰਵਾਂ ਹੁੰਗਾਰਾ

0
304

ਮੁਕਤਸਰ (ਸ਼ਮਿੰਦਰਪਾਲ, ਪੂਜਾ)
ਆਪਣੀਆਂ ਮੰਗਾਂ ’ਤੇ ਜ਼ੋਰ ਪਾਉਣ ਲਈ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ ਏਟਕ ਦੇ 13, 14 ਤੇ 15 ਦਸੰਬਰ ਨੂੰ ਭੁੱਖ ਹੜਤਾਲ ਕਰਨ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕਾਮੇ ਆਵਾਜ਼ ਬੁਲੰਦ ਕਰ ਰਹੇ ਹਨ ਕਿ ਪੰਜਾਬ ’ਚ ਨਰੇਗਾ ਦਿਹਾੜੀ ਰੇਟ 431 ਰੁਪਏ ਬਣਦਾ ਹੈ, ਪਰ 303 ਦਿੱਤਾ ਜਾ ਰਿਹਾ ਹੈ, ਇਹ ਸਹੀ ਕਰਕੇ 431 ਰੁਪਏ ਦਿੱਤਾ ਜਾਵੇ। ਮਹਿੰਗਾਈ ਨੂੰ ਮੁੱਖ ਰੱਖਦਿਆਂ ਇਸ ਨੂੰ ਵਧਾ ਕੇ 1000 ਰੁਪਏ ਕੀਤਾ ਜਾਵੇ ਅਤੇ 100 ਦਿਨ ਕੰਮ ਦੀ ਗਾਰੰਟੀ ਵਧਾ ਕੇ 200 ਦਿਨ ਕੀਤੀ ਜਾਵੇ। ਨਰੇਗਾ-2005 ਬਣਨ ਸਮੇਂ ਮਜ਼ਦੂਰਾਂ ਦੇ ਕੰਮ ਦਾ ਸਮਾਂ 6 ਘੰਟੇ ਸੀ, ਜੋ 14 ਫਰਵਰੀ 2008 ਵਿਚ 8 ਘੰਟੇ ਕਰ ਦਿੱਤਾ ਗਿਆ। ਇਹ ਮੁੜ 6 ਘੰਟੇ ਕੀਤਾ ਜਾਵੇ। ਨਰੇਗਾ ਫੰਡ ਰਾਸ਼ੀ ਦੀ ਵੰਡ ਅਨੁਪਾਤ (40:60) ਦੀ ਦੁਰਵਰਤੋਂ ਰੋਕੀ ਜਾਵੇ। ਕਾਮਿਆਂ ਨੂੰ ਕੋਈ ਕਹੀ, ਬੱਠਲ ਨਹੀਂ ਦਿੱਤਾ ਜਾਂਦਾ, ਉਹ ਦਿੱਤਾ ਜਾਵੇ। ਗਰਾਮ ਸੇਵਕ ਅਤੇ ਮੇਟ ਨਿਯਮਾਂ ਮੁਤਾਬਕ ਭਰਤੀ ਕੀਤੇ ਜਾਣ। ਉਨ੍ਹਾਂ ਦੇ ਕੰਮ ਅਤੇ ਜ਼ਿੰਮੇਵਾਰੀ ਦੇ ਬੋਰਡ ਲਿਖ ਕੇ ਲਾਏ ਜਾਣ। ਹਰ ਕਾਮੇ ਦੇ ਜਾਬ ਕਾਰਡ ’ਤੇ ਹਾਜ਼ਰੀ ਲਗਾਉਣੀ ਯਕੀਨੀ ਬਣਾਈ ਜਾਵੇ। ਕੰਮ ’ਤੇ ਹਾਜ਼ਰ ਵਿਅਕਤੀ ਦੀ ਹਾਜ਼ਰੀ ਕਾਰਡ ਉੱਤੇ ਨਾ ਲਾਉਣਾ ਆਰਥਕ ਅਪਰਾਧ ਮੰਨ ਕੇ ਅਮਲ ਹੋਵੇ। ਮਸਟਰੋਲ ’ਤੇ ਹਾਜ਼ਰੀ ਰੋਜ਼ਾਨਾ ਕੰਮ ਸਥਾਨ ’ਤੇ ਹੀ ਲੱਗੇ ਅਤੇ ਕਾਮੇ ਨੂੰ ਕਹਿਣ ’ਤੇ ਦਿਖਾਈ ਜਾਵੇ। ਆਨਲਾਈਨ ਹਾਜ਼ਰੀ ਦੀ ਰਿਪੋਰਟ 12 ਵਜੇ ਤੱਕ ਜ਼ਿਲ੍ਹਾ ਦਫਤਰ ਜ਼ਰੂਰ ਪੁੱਜੇ, ਇਸ ਦੀ ਜਾਣਕਾਰੀ ਯੂਨੀਅਨ ਦੇ ਆਗੂਆਂ ਨੂੰ ਮੰਗਣ ’ਤੇ ਦਿੱਤੀ ਜਾਵੇ। ਇਸ ਨਾਲ ਪਾਰਦਰਸ਼ਤਾ ਵਧੇਗੀ ਤੇ ਕੁਰੱਪਸ਼ਨ ਘਟੇਗੀ। ਜਾਬ ਕਾਰਡ ਉੱਪਰ ਉਹ ਸਾਰਾ ਕੁਝ ਦਰਜ ਹੋਵੇ, ਜੋ ਹਦਾਇਤ ਹੈ। ਇਸ ਲਈ ਗਰਾਮ ਸੇਵਕ ਜ਼ਿੰਮੇਵਾਰ ਹੋਵੇ। ਅਗਰ ਕਾਮੇ ਦੀ ਉਜਰਤ ਅਦਾਇਗੀ ’ਚ ਦੇਰੀ ਹੋਏ ਤਾਂ ਜ਼ਿੰਮੇਵਾਰ ’ਤੇ ਐਕਸ਼ਨ ਲਿਆ ਜਾਵੇ। ਕਾਨੂੰਨ ਅਨੁਸਾਰ ਹਰਜਾਨੇ ਸਮੇਤ ਅਦਾਇਗੀ ਹੋਵੇ। ਸਮੇਂ ਅਨੁਸਾਰ ਕੰਮ ਜਾਂ ਹਿੱਸੇ ਆਏ ਕੰਮ ਦਾ ਐਲਾਨ ਪਹਿਲਾਂ ਹੋਵੇ, ਦੋਵੇਂ ਨਿਯਮ ਇਕੱਠੇ ਨਾ ਲਾਗੂ ਕੀਤੇ ਜਾਣ। 100 ਦਿਨ ਦਾ ਕੰਮ, ਗਾਰੰਟੀ ਹੱਕ ਹੈ। ਇਹ ਕੰਮ ਇੱਛਾ ਅਤੇ ਲੋੜ ਅਨੁਸਾਰ ਲੈਣ ਦਾ ਹੱਕ ਹੈ, ਇਸ ਨੂੰ ਕੰਮ ਦੇਣ ਜਾਂ ਨਾ ਦੇਣ ਦੀ ਮਨਮਾਨੀ ਹੈਂਕੜ ਬਣਨਾ ਸਖਤੀ ਨਾਲ ਰੋਕਿਆ ਜਾਵੇ। ਕੰਮ ਦੀ ਮੰਗ 14 ਦਿਨ ਤੋਂ ਘੱਟ ਨਹੀਂ ਹੋ ਸਕਦੀ, ਫਿਰ 6 ਦਿਨ ਦਾ ਇੱਕ ਹੀ ਮਸਟਰੋਲ ਕੱਢ ਕੇ ਅਗਲਾ ਮਸਟਰੋਲ ਨਾ ਕੱਢਣ ’ਤੇ ਜ਼ਿੰਮੇਵਾਰੀ ਤੈਅ ਹੋਵੇ ਅਤੇ ਕਾਮੇ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਜਿਨ੍ਹਾਂ ਕਾਮਿਆਂ ਦੀ ਅਦਾਇਗੀ ਰੁਕੀ ਹੋਈ ਹੈ, ਤਰੁੰਤ ਜਾਰੀ ਹੋਵੇ। ਇਸ ਕਿਰਤੀ ਪੱਖੀ ਕਾਨੂੰਨ ਦੀ ਪਾਰਦਰਸ਼ਤਾ ਨੂੰ ਬਹਾਲ ਰੱਖਿਆ ਜਾਵੇ।
ਮੁਕਤਸਰ ਜ਼ਿਲ੍ਹੇ ਵਿਚ ਪਹਿਲਾ ਜਥਾ ਔਰਤ ਕਾਮਿਆਂ ਦਾ ਬੈਠਾ। ਦੂਜੇ ਦਿਨ ਵੀ ਔਰਤਾਂ ਨੇ ਹੀ ਕਮਾਨ ਸੰਭਾਲੀ। ਨੇੜਲੇ ਪਿੰਡ ਸੰਗੂਧੋਣ ਤੋਂ ਬੀਬੀ ਕੁਲਵੰਤ ਕੌਰ ਨੇ ਭੁੱਖ ਹੜਤਾਲ ਤੋਂ ਉਠਣ ਵਾਲੇ ਜਥੇ ਲਈ ਖਾਣੇ ਦੀ ਸੇਵਾ ਖੁਸ਼ੀ ਨਾਲ ਨਿਭਾਈ।

LEAVE A REPLY

Please enter your comment!
Please enter your name here