ਹੁਸ਼ਿਆਰਪੁਰ (ਬਲਵੀਰ ਸਿੰਘ ਸੈਣੀ, ਓ ਪੀ ਰਾਣਾ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰੀ ਦਫ਼ਤਰਾਂ ਦੀ ਅਚਨਚੇਤੀ ਜਾਂਚ ਦੀ ਕਾਰਵਾਈ ਨੂੰ ਜਾਰੀ ਰੱਖਦਿਆਂ ਵੀਰਵਾਰ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਲੋਕਾਂ ਨੂੰ ਨਾਗਰਿਕ ਕੇਂਦਰਤ ਸੇਵਾਵਾਂ ਨਿਰਵਿਘਨ ਮੁਹੱਈਆ ਕਰਵਾਉਣ ਲਈ ਚੈਕਿੰਗ ਕੀਤੀ। ਮੁੱਖ ਮੰਤਰੀ ਨੇ ਤਹਿਸੀਲ ਕੰਪਲੈਕਸ ਦਾ ਮੁਆਇਨਾ ਕੀਤਾ ਅਤੇ ਕੰਪਲੈਕਸ ਵਿੱਚ ਸਥਿਤ ਵੱਖ-ਵੱਖ ਦਫਤਰਾਂ ਦੀ ਚੈਕਿੰਗ ਕਰਨ ਤੋਂ ਇਲਾਵਾ ਲੋਕਾਂ ਨਾਲ ਗੱਲਬਾਤ ਵੀ ਕੀਤੀ। ਆਪਣੀ ਸੁਰੱਖਿਆ ਦੀ ਪ੍ਰਵਾਹ ਕੀਤੇ ਬਿਨਾਂ ਮਾਨ ਨੇ ਵੀ ਲੋਕਾਂ ਨਾਲ ਉਤਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਇਸ ਦੌਰਾਨ ਦਫਤਰਾਂ ਵਿੱਚ ਸਟਾਫ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਮਿਸ਼ਨਰੀ ਭਾਵਨਾ ਨਾਲ ਲੋਕਾਂ ਦੀ ਸੇਵਾ ਕਰਨ ਦਾ ਸੱਦਾ ਦਿੱਤਾ। ਉਨ੍ਹਾ ਡੀ ਸੀ ਅਤੇ ਐੱਸ ਐੱਸ ਪੀ ਨੂੰ ਕਿਹਾ ਕਿ ਉਹ ਲੋਕਾਂ ਦੇ ਮਸਲੇ ਹੱਲ ਕਰਨ ਲਈ ਤਹਿਸੀਲ ਕੰਪਲੈਕਸ ਵਿੱਚ ਆਪਣੇ ਕੈਂਪ ਦਫਤਰ ਸਥਾਪਤ ਕਰਨ। ਉਨ੍ਹਾ ਕਿਹਾ ਕਿ ਉਹ ਪੁਰਾਣੇ ਆਗੂਆਂ ਦੇ ਉਲਟ ਆਮ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਜ਼ਮੀਨੀ ਪੱਧਰ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਲਗਾਤਾਰ ਸੂਬੇ ਦਾ ਦੌਰਾ ਕਰ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਆਰ ਡੀ ਐੱਫ, ਐੱਨ ਐੱਚ ਐੱਮ ਅਤੇ ਹੋਰ ਫੰਡਾਂ ਵਿੱਚ ਸੂਬੇ ਦੇ ਬਣਦੇ ਹਿੱਸੇ ਨੂੰ ਰੋਕਣ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾ ਕਿਹਾ ਕਿ ਕੇਂਦਰ ਵੱਲੋਂ ਸੂਬੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ, ਜੋ ਕਿ ਪੂਰੀ ਤਰ੍ਹਾਂ ਗਲਤ ਹੈ। ਕੇਂਦਰ ਸਰਕਾਰ ਨੂੰ ਵੱਡੀ ਗਲਤਫਹਿਮੀ ਹੈ, ਕਿਉਂਕਿ ਉਹ ਸਮਝਦੀ ਹੈ ਕਿ ਉਹ ਫੰਡਾਂ ਨੂੰ ਰੋਕ ਕੇ ਸੂਬੇ ਦੇ ਵਿਕਾਸ ਨੂੰ ਰੋਕ ਸਕਦੀ ਹੈ।
ਇਸ ਗੱਲ ਨੂੰ ਦੁਹਰਾਉਂਦਿਆਂ ਕਿ ਪੰਜਾਬ ਕੋਲ ਦੂਜੇ ਸੂਬਿਆਂ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ, ਮੁੱਖ ਮੰਤਰੀ ਨੇ ਕਿਹਾ ਕਿ ਉਹ ਐੱਸ ਵਾਈ ਐੱਲ ਮੁੱਦੇ ’ਤੇ ਕੇਂਦਰੀ ਜਲ ਸਰੋਤ ਮੰਤਰੀ ਵੱਲੋਂ ਬੁਲਾਈ ਗਈ ਮੀਟਿੰਗ ਵਿੱਚ ਜ਼ਰੂਰ ਸ਼ਾਮਲ ਹੋਣਗੇ। ਉਹ ਮੀਟਿੰਗ ਵਿੱਚ ਸੂਬੇ ਦਾ ਮਾਮਲਾ ਦਿ੍ਰੜ੍ਹਤਾ ਨਾਲ ਕੇਂਦਰ ਸਰਕਾਰ ਅੱਗੇ ਰੱਖਣਗੇ। ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਕੋਈ ਵਾਧੂ ਪਾਣੀ ਨਹੀਂ ਅਤੇ ਮੀਟਿੰਗ ਵਿੱਚ ਇਹ ਮੁੱਦਾ ਠੋਸ ਰੂਪ ਨਾਲ ਪੇਸ਼ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਵਿਅੰਗ ਕੱਸਦਿਆਂ ਕਿਹਾ ਕਿ ਉਹ ਕਿਸੇ ਤੋਂ ਨਹੀਂ ਡਰਦੇ ਅਤੇ ਸੂਬੇ ਦਾ ਇਹ ਮਾਮਲਾ ਕੇਂਦਰ ਸਰਕਾਰ ਅੱਗੇ ਠੋਸ ਰੂਪ ਵਿੱਚ ਪੇਸ਼ ਕਰਨਗੇ।
ਮਾਨ ਨੇ ਕਿਹਾ ਕਿ ਨਾ ਤਾਂ ਉਨ੍ਹਾ ਐੱਸ ਵਾਈ ਐੱਲ ਬਾਰੇ ਸਰਵੇ ਦੀ ਮੰਗ ਕੀਤੀ ਸੀ ਅਤੇ ਨਾ ਹੀ ਉਹ ਇਸ ਨਹਿਰ ਦੇ ਚਾਂਦੀ ਦੀ ਕਹੀ ਨਾਲ ਨੀਂਹ ਪੱਥਰ ਰੱਖਣ ਸੰਬੰਧੀ ਸਮਾਗਮ ਵਿੱਚ ਸ਼ਾਮਲ ਸਨ, ਇਸ ਲਈ ਉਹ ਸੂਬੇ ਦੇ ਹਿੱਤਾਂ ਦੀ ਪੁਰਜ਼ੋਰ ਵਕਾਲਤ ਕਰਨਗੇ। ਜਿਨ੍ਹਾਂ ਨੇ ਇਹ ਪਾਪ ਕੀਤੇ ਹਨ, ਉਹ 1 ਨਵੰਬਰ ਨੂੰ ਬਹਿਸ ਤੋਂ ਭੱਜ ਗਏ ਸਨ, ਕਿਉਂਕਿ ਉਹ ਸੂਬੇ ਨੂੰ ਢਾਹ ਲਾਉਣ ਵਾਲੀਆਂ ਘਿਨਾਉਣੀਆਂ ਹਰਕਤਾਂ ਦਾ ਹਿੱਸਾ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ’ਤੇ ਨਿਸ਼ਾਨਾ ਸੇਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕ ਸਭਾ ਮੈਂਬਰ ਵੱਲੋਂ ਸਿਆਸੀ ਤੌਰ ’ਤੇ ਮਾਫੀ ਮੰਗਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਗਲਤੀਆਂ ਮੁਆਫ ਹੋ ਸਕਦੀਆਂ ਹਨ, ਪਰ ਅਪਰਾਧ ਨਹੀਂ। ਪੰਜਾਬ ਦੇ ਲੋਕ ਬਾਦਲ ਪਰਵਾਰ ਨੂੰ ਸੂਬੇ ਅਤੇ ਇਸ ਦੇ ਲੋਕਾਂ ਵਿਰੁੱਧ ਕੀਤੇ ਬੱਜਰ ਗੁਨਾਹਾਂ ਲਈ ਕਦੇ ਵੀ ਮੁਆਫ ਨਹੀਂ ਕਰਨਗੇ। ਬਾਦਲ ਪਰਵਾਰ ਨੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਸੱਤਾ ਦੀ ਦੁਰਵਰਤੋਂ ਕਰਦਿਆਂ ਸੂਬੇ ਨੂੰ ਬਰਬਾਦੀ ਵੱਲ ਧੱਕਿਆ ਹੈ।





