ਸੁਖਬੀਰ ਨੇ ਬੇਅਦਬੀਆਂ ਲਈ ਸਿੱਖ ਪੰਥ ਤੋਂ ਮੁਆਫ਼ੀ ਮੰਗੀ, ਰੁੱਸਿਆਂ ਨੂੰ ਵਾਪਸੀ ਦੀ ਅਪੀਲ

0
222

ਅੰਮਿ੍ਰਤਸਰ : ਸ਼ੋ੍ਰਮਣੀ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਮੌਕੇ ਜਥੇਬੰਦੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਸਰਕਾਰ ਵੇਲੇ 2015 ’ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਘਟਨਾਵਾਂ ਦੇ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ’ਚ ਅਸਫਲ ਰਹਿਣ ਲਈ ਸਿੱਖ ਪੰਥ ਕੋਲੋਂ ਮੁਆਫੀ ਮੰਗੀ ਹੈ।
ਸਥਾਪਨਾ ਦਿਵਸ ਦੇ ਸੰਬੰਧ ’ਚ ਹਰਿਮੰਦਰ ਸਾਹਿਬ ਕੰਪਲੈਕਸ ਵਿਖੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੇ ਅਸਥਾਨ ’ਤੇ ਰੱਖੇ ਅਖੰਡ ਪਾਠ ਦੇ ਭੋਗ ਮਗਰੋਂ ਸੰਗਤ ਨੂੰ ਸੰਬੋਧਨ ਕਰਦਿਆਂ ਸੁਖਬੀਰ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਸਰਪ੍ਰਸਤ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਆਖਰੀ ਸਮੇਂ ਤੱਕ ਇਸ ਗੱਲ ਦਾ ਦੁੱਖ ਰਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਵੇਲੇ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਉਹ ਗਿ੍ਰਫਤਾਰ ਨਹੀਂ ਕਰ ਸਕੇ। ਪੰਥਕ ਸਰਕਾਰ ਦੇ ਵੇਲੇ ਵਾਪਰੀਆਂ ਇਹ ਘਟਨਾਵਾਂ ਅਤੀ ਦੁਖਦਾਈ ਸਨ। ਉਨ੍ਹਾ ਖੁਲਾਸਾ ਕੀਤਾ ਕਿ ਉਸ ਵੇਲੇ ਪਏ ਦਬਾਅ ਕਾਰਨ ਅਕਾਲੀ ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਸੀ ਬੀ ਆਈ ਨੂੰ ਦੇ ਦਿੱਤੀ ਗਈ ਸੀ। ਉਸ ਤੋਂ ਬਾਅਦ ਆਈਆਂ ਹੁਣ ਤੱਕ ਦੀਆਂ ਸਰਕਾਰਾਂ ਵੀ ਬੇਅਦਬੀ ਦੇ ਦੋਸ਼ੀਆਂ ਨੂੰ ਗਿ੍ਰਫਤਾਰ ਨਹੀਂ ਕਰ ਸਕੀਆਂ ਹਨ, ਪਰ ਉਨ੍ਹਾਂ ਨੇ ਸਿਆਸਤ ਕੀਤੀ। ਇਸ ਲਈ ਸਮੁੱਚੇ ਪੰਥ ਕੋਲੋਂ ਮੁਆਫੀ ਮੰਗਦਿਆਂ ਉਨ੍ਹਾ ਵਾਅਦਾ ਕੀਤਾ ਕਿ ਜੇ ਮੁੜ ਮੌਕਾ ਮਿਲਿਆ ਤਾਂ ਅਕਾਲੀ ਦਲ ਇਨ੍ਹਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਨਾ ਸਿਰਫ ਗਿ੍ਰਫਤਾਰ ਕਰੇਗਾ ਸਗੋਂ ਇਸ ਮੁੱਦੇ ’ਤੇ ਸਿਆਸਤ ਕਰਨ ਵਾਲਿਆਂ ਨੂੰ ਵੀ ਬੇਨਕਾਬ ਕਰੇਗਾ। ਉਨ੍ਹਾ ਬਿਨਾਂ ਕਿਸੇ ਦਾ ਨਾਂਅ ਲਏ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਅਤੇ ਰੁੱਸੇ ਅਕਾਲੀ ਆਗੂਆਂ ਕੋਲੋਂ ਵੀ ਮੁਆਫੀ ਮੰਗੀ। ਉਨ੍ਹਾ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਪੰਥ ਨੂੰ ਦਰਪੇਸ਼ ਚੁਣੌਤੀਆਂ ਦਾ ਇਕੱਠੇ ਹੋ ਕੇ ਸਾਹਮਣਾ ਕੀਤਾ ਜਾਵੇ। ਉਨ੍ਹਾ 20 ਦਸੰਬਰ ਨੂੰ ਦਿੱਲੀ ਵਿਖੇ ਬੰਦੀ ਸਿੱਖਾਂ ਦੀ ਰਿਹਾਈ ਲਈ ਕੀਤੇ ਜਾਣ ਵਾਲੇ ਪੰਥਕ ਪ੍ਰਦਰਸ਼ਨ ’ਚ ਵੀ ਸ਼ਾਮਲ ਹੋਣ ਦੀ ਸਾਰਿਆਂ ਨੂੰ ਅਪੀਲ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਅਨਿਲ ਜੋਸ਼ੀ ਵੀ ਮੌਜੂਦ ਸਨ।

LEAVE A REPLY

Please enter your comment!
Please enter your name here