ਸ਼ਾਹ ਦੇ ਬਿਆਨ ਦੀ ਮੰਗ ਕਰਨ ’ਤੇ 15 ਆਪੋਜ਼ੀਸ਼ਨ ਸਾਂਸਦ ਸਸਪੈਂਡ

0
224

ਨਵੀਂ ਦਿੱਲੀ : ਆਪੋਜ਼ੀਸ਼ਨ ਪਾਰਟੀਆਂ ਦੇ 14 ਮੈਂਬਰਾਂ ਨੂੰ ਵੀਰਵਾਰ ਲੋਕ ਸਭਾ ਦੀ ਕਾਰਵਾਈ ’ਚ ਵਿਘਨ ਪਾਉਣ ਅਤੇ ਚੇਅਰ ਦੀ ਬੇਇੱਜ਼ਤੀ ਕਰਨ ਦੇ ਦੋਸ਼ ’ਚ ਮੌਜੂਦਾ ਅਜਲਾਸ ਦੀ ਬਾਕੀ ਮਿਆਦ ਲਈ ਮੁਅੱਤਲ ਕਰ ਦਿੱਤਾ ਗਿਆ। ਰਾਜ ਸਭਾ ਵਿਚ ਤਿ੍ਰਣਮੂਲ ਕਾਂਗਰਸ ਦੇ ਡੈਰੇਕ ਓ’ਬ੍ਰਾਇਨ ਨੂੰ ਵੀ ਹੰਗਾਮਾ ਕਰਨ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਗਿਆ। ਆਪੋਜ਼ੀਸ਼ਨ ਮੈਂਬਰ ਬੁੱਧਵਾਰ ਸੰਸਦ ਦੀ ਸੁਰੱਖਿਆ ਵਿਚ ਸੰਨ੍ਹ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਿਆਨ ਦੀ ਮੰਗ ਕਰ ਰਹੇ ਸਨ। ਇਸ ਦੌਰਾਨ ਕਾਫੀ ਹੰਗਾਮਾ ਹੋਇਆ, ਮੈਂਬਰ ਚੇਅਰ ਦੇ ਲਾਗੇ ਪੁੱਜ ਗਏ। ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਲਾਦ ਜੋਸ਼ੀ ਨੇ ਦੋ ਮਤੇ ਰੱਖ ਕੇ 14 ਮੈਂਬਰਾਂ ਨੂੰ ਮੁਅੱਤਲ ਕਰਾ ਦਿੱਤਾ। ਰੌਲੇ ਕਾਰਨ ਜ਼ੀਰੋ ਆਵਰ ਦੌਰਾਨ ਸਦਨ ਉਠਾ ਦਿੱਤਾ ਗਿਆ। ਜਦੋਂ ਦੋ ਵਜੇ ਮੁੜ ਜੁੜਿਆ ਤਾਂ ਫਿਰ ਵੀ ਰੌਲਾ ਸ਼ੁਰੂ ਹੋ ਗਿਆ। ਜੋਸ਼ੀ ਨੇ ਸਰਕਾਰ ਵੱਲੋਂ ਬਿਆਨ ਪੜ੍ਹਿਆ ਕਿ ਸੰਸਦ ਦੀ ਅੰਦਰੂਨੀ ਸੁਰੱਖਿਆ ਸਪੀਰਕ ਦੇ ਅਧਿਕਾਰ ਖੇਤਰ ਵਿਚ ਹੈ। ਫਿਰ ਉਨ੍ਹਾਂ ਹੰਗਾਮੇ ਦੌਰਾਨ ਕਾਂਗਰਸ ਦੇ ਪੰਜ ਮੈਂਬਰਾਂ ਦੀ ਮੁਅੱਤਲੀ ਦਾ ਮਤਾ ਪੇਸ਼ ਕਰ ਦਿੱਤਾ। ਇਨ੍ਹਾਂ ਵਿਚ ਟੀ ਐੱਨ ਪ੍ਰਥੱਪਨ, ਹੀਬੀ ਏਡਨ, ਜੋਤੀਮਣੀ, ਰਾਮਯ ਹਰੀਦਾਸ ਤੇ ਡੀਨ ਕੁਰੀਆਕੋਸ ਸ਼ਾਮਲ ਸਨ। ਹੰਗਾਮੇ ਕਾਰਨ ਸਦਨ ਫਿਰ ਉਠਾ ਦਿੱਤਾ ਗਿਆ। ਜਦੋਂ ਤਿੰਨ ਵਜੇ ਮੁੜ ਜੁੜਿਆ ਤਾਂ ਜੋਸ਼ੀ ਨੇ 9 ਹੋਰ ਮੈਂਬਰਾਂਵੀ ਕੇ ਸ੍ਰੀਕੰਦਨ, ਬੈਨੀ ਬਹਿਨਾਨ, ਮੁਹੰਮਦ ਜਾਵੇਦ, ਮਨੀਕਮ ਟੈਗੋਰ (ਸਾਰੇ ਕਾਂਗਰਸੀ), ਪੀ ਆਰ ਨਟਰਾਜਨ ਤੇ ਐੱਸ ਵੈਂਕਟੇਸ਼ਨ (ਸੀ ਪੀ ਆਈ-ਐੱਮ), ਕਨੀਮੋਜ਼ੀ ਤੇ ਐੱਸ ਆਰ ਪ੍ਰਤੀਬਨ (ਡੀ ਐੱਮ ਕੇ), ਕੇ ਸੁੱਬਰਾਯਨ (ਸੀ ਪੀ ਆਈ) ਨੂੰ ਮੁਅੱਤਲ ਕਰਨ ਦਾ ਮਤਾ ਰੱਖ ਦਿੱਤਾ। ਇਕ ਸਾਂਸਦ ਨੇ ਕਿਹਾ ਕਿ ਪ੍ਰਤੀਬਨ ਤਾਂ ਦਿੱਲੀ ਵਿਚ ਹੀ ਨਹੀਂ ਸਨ ਤੇ ਚੇਨਈ ਵਿਚ ਸਨ, ਪਰ ਫਿਰ ਵੀ ਉਨ੍ਹਾ ਨੂੰ ਮੁਅੱਤਲ ਕਰ ਦਿੱਤਾ ਗਿਆ। ਚਾਰ ਦਸੰਬਰ ਨੂੰ ਸ਼ੁਰੂ ਹੋਇਆ ਸਰਦ ਰੁੱਤ ਅਜਲਾਸ 22 ਦਸੰਬਰ ਤੱਕ ਚੱਲਣਾ ਹੈ। ਮੁਅੱਤਲ ਹੋਣ ਵਾਲਿਆਂ ਵਿਚ ਸ਼ਾਮਲ ਕਨੀਮੋਜ਼ੀ ਨੇ ਕਿਹਾ ਕਿ ਮੁੰਡਿਆਂ ਨੂੰ ਵਿਜ਼ਟਰ ਪਾਸ ਦੇਣ ਵਾਲੇ ਭਾਜਪਾ ਸਾਂਸਦ ਪ੍ਰਤਾਪ ਸਿਮ੍ਹਾ ਨੂੰ ਸਰਕਾਰ ਨੇ ਬਖਸ਼ ਦਿੱਤਾ ਹੈ, ਜਦਕਿ ਮਹੂਆ ਮੋਇਤਰਾ ਨੂੰ ਜਾਂਚ ਮੁਕੰਮਲ ਹੋਣ ਤੋਂ ਬਿਨਾਂ ਲੋਕ ਸਭਾ ਵਿੱਚੋਂ ਕੱਢ ਦਿੱਤਾ ਗਿਆ। ਜਨਤਾ ਦਲ (ਯੂ) ਦੇ ਰਾਜੀਵ ਰੰਜਨ ਸਿੰਘ ਨੇ ਕਿਹਾ ਕਿ ਸਰਕਾਰ ਨਾਕਾਮੀਆਂ ਲੁਕੋਣਾ ਚਾਹੁੰਦੀ ਹੈ ਅਤੇ ਆਪੋਜ਼ੀਸ਼ਨ ਨੂੰ ਡਰਾ ਰਹੀ ਹੈ। ਜੇ ਮੁੰਡੇ ਮੁਸਲਮ ਹੁੰਦੇ ਜਾਂ ਕਾਂਗਰਸ ਸਾਂਸਦ ਨੇ ਪਾਸ ਜਾਰੀ ਕੀਤੇ ਹੁੰਦੇ ਤਾਂ ਸਰਕਾਰ ਦਾ ਐਕਸ਼ਨ ਦੇਖਣ ਵਾਲਾ ਹੋਣਾ ਸੀ। ਸਾਂਸਦ ਕਪਿਲ ਸਿੱਬਲ ਨੇ ਕਿਹਾ ਕਿ ਜੇ ਆਪੋਜ਼ੀਸ਼ਨ ਦੀ ਲੋੜ ਨਹੀਂ ਤਾਂ ਸਾਰੀ ਆਪੋਜ਼ੀਸ਼ਨ ਨੂੰ ਹੀ ਸਦਨ ਵਿੱਚੋਂ ਕੱਢ ਦਿਓ।

LEAVE A REPLY

Please enter your comment!
Please enter your name here