‘ਇੰਡੀਆ’ ਗੱਠਜੋੜ ਦੀ ਮੀਟਿੰਗ 19 ਦਸੰਬਰ ਦੀ ਤੈਅ ਹੋ ਚੁੱਕੀ ਹੈ। ਇਸ ਦੌਰਾਨ ਗੱਠਜੋੜ ਦੇ ਆਗੂਆਂ ਵੱਲੋਂ ਧਾਰੀ ਗਈ ਚੁੱਪ ਧਰਮ-ਨਿਰਪੱਖ ਤਾਕਤਾਂ ਦੇ ਸਮਰਥਕਾਂ ਲਈ ਪੀੜਾਦਾਇਕ ਹੋ ਰਹੀ ਹੈ। ਹਾਲੀਆ ਵਿਧਾਨ ਸਭਾ ਚੋਣਾਂ ਵਿੱਚ ਤਿੰਨ ਰਾਜਾਂ ਅੰਦਰ ਕਾਂਗਰਸ ਦੀ ਹਾਰ ਤੋਂ ਪੈਦਾ ਹੋਈ ਨਿਰਾਸ਼ਾ ਵਿੱਚੋਂ ਹਾਲੇ ਤੱਕ ਵੀ ਗੱਠਜੋੜ ਦੇ ਆਗੂ ਬਾਹਰ ਨਹੀਂ ਨਿਕਲ ਸਕੇ। ਹਾਲਾਂਕਿ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿੱਚ ਕਾਂਗਰਸ ਦੀ ਹਾਰ ਉਸ ਦੇ ਗਲਤ ਦਾਅ-ਪੇਚਾਂ ਕਾਰਨ ਹੋਈ ਸੀ। ਸੱਚਾਈ ਇਹ ਹੈ ਕਿ ਇਨ੍ਹਾਂ ਤਿੰਨਾਂ ਹੀ ਰਾਜਾਂ ਵਿੱਚ ਕਾਂਗਰਸ ਲੱਗਭੱਗ ਆਪਣਾ ਵੋਟ ਬੈਂਕ ਬਚਾਉਣ ਵਿੱਚ ਸਫਲ ਰਹੀ, ਪਰ ਭਾਜਪਾ ਨੇ ਆਪਣਾ ਵੋਟ ਪ੍ਰਤੀਸ਼ਤ ਵਧਾ ਕੇ ਬਾਜ਼ੀ ਮਾਰ ਲਈ। ਭਾਜਪਾ ਦਾ ਵਧਿਆ ਵੋਟ ਆਇਆ ਕਿੱਥੋਂ, ਬਸ ਇਹੀ ਸਮਝਣ ਦੀ ਲੋੜ ਹੈ। 2018 ਵਿੱਚ ਮੱਧ ਪ੍ਰਦੇਸ਼ ਵਿੱਚ ਭਾਜਪਾ ਨੂੰ 41 ਫ਼ੀਸਦੀ ਵੋਟਾਂ ਮਿਲੀਆਂ ਸਨ ਤੇ ਹੁਣ 48 ਫ਼ੀਸਦੀ ਮਿਲੀਆਂ ਹਨ। ਤੀਜੀ ਧਿਰ, ਜਿਸ ਵਿੱਚ ਵੱਖ-ਵੱਖ ਛੋਟੀਆਂ ਪਾਰਟੀਆਂ ਤੇ ਅਜ਼ਾਦ ਸ਼ਾਮਲ ਸਨ, ਨੂੰ 2018 ਵਿੱਚ 18 ਫ਼ੀਸਦੀ ਤੇ ਇਸ ਵਾਰ 11 ਫ਼ੀਸਦੀ ਵੋਟਾਂ ਮਿਲੀਆਂ ਹਨ। ਇਹੋ 7 ਫ਼ੀਸਦੀ ਵੋਟਾਂ ਭਾਜਪਾ ਵੱਲ ਚਲੀਆਂ ਗਈਆਂ। ਰਾਜਸਥਾਨ ਵਿੱਚ ਭਾਜਪਾ ਦੀਆਂ ਵੋਟਾਂ 2018 ਦੇ ਮੁਕਾਬਲੇ 3 ਫ਼ੀਸਦੀ ਵਧੀਆਂ ਹਨ ਤੇ ਤੀਜੀ ਧਿਰ ਦੀਆਂ 3 ਫ਼ੀਸਦੀ ਘਟੀਆਂ ਹਨ। ਇਸੇ ਤਰ੍ਹਾਂ ਛੱਤੀਸਗੜ੍ਹ ਵਿੱਚ ਭਾਜਪਾ ਦੀਆਂ ਵੋਟਾਂ ਪਿਛਲੀਆਂ ਚੋਣਾਂ ਦੇ ਮੁਕਾਬਲੇ 13 ਫ਼ੀਸਦੀ ਵਧੀਆਂ ਹਨ ਤੇ ਤੀਜੀ ਧਿਰ ਵਾਲਿਆਂ ਦੀਆਂ 13 ਫ਼ੀਸਦੀ ਘਟੀਆਂ ਹਨ। ਅਸਲ ਵਿੱਚ ਇਹੋ ਤੀਜੀ ਧਿਰ ਵਾਲੀਆਂ ਵੋਟਾਂ ਵਿੱਚ ਵੱਡਾ ਹਿੱਸਾ ਕਾਂਗਰਸ ਤੋਂ ਬਾਹਰਲੇ ਇੰਡੀਆ ਗੱਠਜੋੜ ਦੇ ਭਾਈਵਾਲਾਂ ਦਾ ਸੀ, ਜਿਹੜਾ ਕਾਂਗਰਸ ਦੇ ਹੰਕਾਰੀ ਰਵੱਈਏ ਕਾਰਨ ਉਸ ਨੂੰ ਸਬਕ ਸਿਖਾਉਣ ਲਈ ਭਾਜਪਾ ਵੱਲ ਚਲਾ ਗਿਆ। ਕਾਂਗਰਸ ਨੇ ਇਹ ਵੀ ਨਾ ਸੋਚਿਆ ਕਿ ਇਨ੍ਹਾਂ ਬੀ ਟੀ ਪੀ ਤੇ ਸੀ ਪੀ ਆਈ (ਐੱਮ) ਵਰਗੀਆਂ ਪਾਰਟੀਆਂ ਦੀ ਹਮਾਇਤ ਨਾਲ ਹੀ ਉਸ ਨੇ ਪਿਛਲੇ ਪੰਜ ਸਾਲ ਰਾਜਸਥਾਨ ਵਿੱਚ ਰਾਜ ਕੀਤਾ ਸੀ।
ਜੋ ਵੀ ਹੋਇਆ, ਉਸ ਤੋਂ ਸਬਕ ਸਿੱਖ ਕੇ ਅੱਗੇ ਵਧਣ ਦੀ ਲੋੜ ਹੈ। ਸਭ ਤੋਂ ਪਹਿਲਾ ਕੰਮ ਇਹ ਹੋਣਾ ਚਾਹੀਦਾ ਕਿ ਵੱਖ-ਵੱਖ ਰਾਜਾਂ ਵਿਚਲੀਆਂ ਛੋਟੀਆਂ ਪਾਰਟੀਆਂ ਨੂੰ ਨਾਲ ਜੋੜ ਕੇ ਗੱਠਜੋੜ ਦਾ ਵਿਸਥਾਰ ਕੀਤਾ ਜਾਵੇ।
ਰਾਜਸਥਾਨ ਵਿੱਚ ਨਵੀਂ ਬਣੀ ਭਾਰਤ ਆਦਿਵਾਸੀ ਪਾਰਟੀ ਨੇ ਆਪਣੀ ਤਾਕਤ ਦਿਖਾਈ ਹੈ। ਉਸ ਦੇ ਵਿਦਿਆਰਥੀ ਵਿੰਗ ਨੇ ਪਿਛਲੇ ਸਾਲ 35 ਕਾਲਜਾਂ ਦੀਆਂ ਚੋਣਾਂ ਵਿੱਚ ਜਿੱਤ ਦਰਜ ਕੀਤੀ ਸੀ। ਇਸੇ ਤਰ੍ਹਾਂ ਚੰਦਰ ਸ਼ੇਖਰ ਅਜ਼ਾਦ ਦੀ ਸਮਾਜ ਪਾਰਟੀ ਦਾ ਮੁੱਖ ਅਧਾਰ ਭਾਵੇਂ ਯੂ ਪੀ ਵਿੱਚ ਹੈ, ਪਰ ਰਾਜਸਥਾਨ ਦੀਆਂ ਚੋਣਾਂ ਵਿੱਚ ਉਸ ਦੇ ਦੋ ਉਮੀਦਵਾਰ ਦੂਜੇ ਥਾਂ ਉੱਤੇ ਆਏ ਹਨ। ਇਹ ਪਾਰਟੀ ਦਲਿਤਾਂ ਵਿੱਚ ਭਾਜਪਾ ਦੀ ਪਿੱਛਲੱਗੂ ਬਣ ਚੁੱਕੀ ਬਸਪਾ ਦਾ ਬਦਲ ਬਣਨ ਲਈ ਅੱਗੇ ਵਧ ਰਹੀ ਹੈ। ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਵਿੱਚ ਗੋਡਵਾਨਾ ਗਣਤੰਤਰ ਪਾਰਟੀ ਉੱਭਰ ਕੇ ਸਾਹਮਣੇ ਆਈ ਹੈ। ਮੱਧ ਪ੍ਰਦੇਸ਼ ਵਿੱਚ ਇੱਕ ਸੀਟ ਬੀ ਏ ਪੀ ਨੇ ਵੀ ਜਿੱਤੀ ਹੈ।
ਮਹਾਰਾਸ਼ਟਰ ਵਿੱਚ ਪ੍ਰਕਾਸ਼ ਅੰਬੇਡਕਰ ਦੀ ਵੰਚਿਤ ਬਹੁਤਜਨ ਅਗਾੜੀ ਨੇ ਪਿਛਲੀਆਂ ਦੋ ਚੋਣਾਂ ਵਿੱਚ ਆਪਣੀ ਤਾਕਤ ਦਿਖਾਈ ਸੀ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਕਾਸ਼ ਦੀ ਪਾਰਟੀ ਨੇ 7 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਸਨ। ਉਸ ਦੇ ਉਮੀਦਵਾਰ ਭਾਵੇਂ ਜਿੱਤ ਨਹੀਂ ਸਕੇ, ਪਰ ਡੇਢ ਦਰਜਨ ਸੀਟਾਂ ’ਤੇ ਕਾਂਗਰਸ ਤੇ ਐੱਨ ਸੀ ਪੀ ਗੱਠਜੋੜ ਦੇ ਉਮੀਦਵਾਰਾਂ ਦੀ ਹਾਰ ਦਾ ਕਾਰਨ ਬਣੇ ਸਨ। ਉਸ ਦੇ ਉਮੀਦਵਾਰਾਂ ਨੂੰ 17 ਸੀਟਾਂ ਉੱਤੇ 80 ਹਜ਼ਾਰ ਜਾਂ ਉਸ ਤੋਂ ਵੱਧ ਵੋਟ ਮਿਲੇ ਸਨ।
ਉਸੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਬੀ ਏ ਨੇ ਕਾਂਗਰਸ ਦੀਆਂ 16 ਤੇ ਐੱਨ ਸੀ ਪੀ ਦੀਆਂ 9 ਸੀਟਾਂ ਹਰਾ ਦਿੱਤੀਆਂ ਸਨ। ਕਾਂਗਰਸ ਪਾਰਟੀ ਪ੍ਰਕਾਸ਼ ਅੰਬੇਡਕਰ ਦੀ ਪਾਰਟੀ ਨੂੰ ਭਾਜਪਾ ਦੀ ਬੀ ਟੀਮ ਕਹਿੰਦੀ ਆ ਰਹੀ ਹੈ। ਇਸ ਵੇਲੇ ਪ੍ਰਕਾਸ਼ ਅੰਬੇਡਕਰ ਇੰਡੀਆ ਗੱਠਜੋੜ ਨਾਲ ਜੁੜਨ ਲਈ ਪੂਰੀ ਵਾਹ ਲਾ ਰਿਹਾ ਹੈ। 25 ਨਵੰਬਰ ਨੂੰ ਉਸ ਨੇ ‘ਸੰਵਿਧਾਨ ਸਨਮਾਨ ਮਹਾਂ ਸਭਾ’ ਦੇ ਨਾਂਅ ਹੇਠ ਕਰਵਾਏ ਗਏ ਸੰਮੇਲਨ ਵਿੱਚ ਰਾਹੁਲ ਗਾਂਧੀ ਨੂੰ ਸੱਦਿਆ ਸੀ, ਪਰ ਚੋਣਾਂ ਕਾਰਨ ਜਾਂ ਜਾਣਬੁੱਝ ਕੇ ਉਹ ਗਏ ਨਹੀਂ। ਪ੍ਰਕਾਸ਼ ਅੰਬੇਡਕਰ ਨੇ ਕਾਂਗਰਸ ਪ੍ਰਧਾਨ ਖੜਗੇ ਨੂੰ ਵੀ ਗੱਠਜੋੜ ਵਿੱਚ ਸ਼ਾਮਲ ਕੀਤੇ ਜਾਣ ਦੀ ਇੱਛਾ ਪ੍ਰਗਟ ਕਰਦਿਆਂ ਖਤ ਲਿਖਿਆ ਸੀ, ਪਰ ਉਸ ਨੇ ਜਵਾਬ ਨਹੀਂ ਦਿੱਤਾ।
ਚੋਣਾਂ ਤੱਕ ਕਾਂਗਰਸੀ ਘੁਮੰਡ ਦੇ ਘੋੜੇ ਉੱਤੇ ਚੜ੍ਹੇ ਹੋਏ ਸਨ, ਸ਼ਾਇਦ ਹੁਣ ਉੱਤਰ ਗਏ ਹੋਣ। ਸਾਡੀ ਸਮਝ ਮੁਤਾਬਕ ਤਿੰਨ ਰਾਜਾਂ ਵਿੱਚ ਕਾਂਗਰਸ ਦੀ ਹਾਰ ਇੰਡੀਆ ਗੱਠਜੋੜ ਦੀ ਸਿਹਤ ਲਈ ਚੰਗੀ ਰਹੇਗੀ। ‘ਇੰਡੀਆ’ ਗੱਠਜੋੜ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਭਾਜਪਾ ਕੋਲ ਬਹੁਗਿਣਤੀ ਤੋਂ 32 ਸੀਟਾਂ ਹੀ ਵੱਧ ਹਨ। ਪਿਛਲੀਆਂ ਲੋਕ ਸਭਾ ਚੋਣਾਂ ‘ਸਰਜੀਕਲ ਸਟਰਾਈਕ’ ਦੀ ਬੱਲੇ-ਬੱਲੇ ਦੇ ਪ੍ਰਭਾਵ ਹੇਠ ਹੋਈਆਂ ਸਨ। ਇਸ ਦੇ ਬਾਵਜੂਦ ਵਿਰੋਧੀ ਪਾਰਟੀਆਂ ਨੂੰ ਮਿਲੀਆਂ ਵੋਟਾਂ ਭਾਜਪਾ ਨਾਲੋਂ ਵੱਧ ਸਨ। ਉਸ ਸਮੇਂ ਵਿਰੋਧੀ ਖਿੰਡੇ ਹੋਏ ਸਨ, ਤੇ ਹੁਣ ਇੱਕਮੁੱਠ ਹਨ। ਇਸ ਏਕਤਾ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਏਕਤਾ ਲਈ ਹਰ ਝੀਥ ਬੰਦ ਕਰਨੀ ਹੋਵੇਗੀ।
ਹਾਲੀਆ ਚੋਣਾਂ ਨੇ ਦਿਖਾ ਦਿੱਤਾ ਹੈ ਕਿ ਹੁਣ ਨਾ ਮੰਦਰ ਦਾ ਮੁੱਦਾ ਕੰਮ ਆਇਆ ਤੇ ਨਾ ਹੀ ਨਫ਼ਰਤੀ ਮੁਹਿੰਮ। ਮੋਦੀ ਜਿਨ੍ਹਾਂ ਨੂੰ ਰਿਓੜੀਆਂ ਕਹਿੰਦਾ ਹੁੰਦਾ ਸੀ, ਉਹ ਉਸ ਨੂੰ ਖੁਦ ਵੰਡਣੀਆਂ ਪਈਆਂ ਸਨ। ਜਾਤੀ ਜਨਗਣਨਾ ਦਾ ਭੈਅ ਭਾਜਪਾ ਨੂੰ ਕੰਬਣੀ ਛੇੜ ਰਿਹਾ ਹੈ। ਤਿੰਨਾਂ ਰਾਜਾਂ ਵਿੱਚ ਮੁੱਖ ਮੰਤਰੀਆਂ, ਉਪ ਮੁੱਖ ਮੰਤਰੀਆਂ ਤੇ ਸਪੀਕਰਾਂ ਦੀ ਚੋਣ ਉੱਤੇ ਇਸੇ ਦਾ ਪ੍ਰਛਾਵਾਂ ਨਜ਼ਰ ਆਉਂਦਾ ਹੈ। ਇਸ ਲਈ ਸਿਰ ਉੱਤੇ ਆ ਚੁੱਕੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਉਣਾ ਔਖਾ ਨਹੀਂ ਹੈ। ‘ਇੰਡੀਆ’ ਗੱਠਜੋੜ ਦੀ ਮਜ਼ਬੂਤ ਏਕਤਾ ਇਸ ਦੀ ਜ਼ਾਮਨੀ ਹੋਵੇਗੀ।
– ਚੰਦ ਫਤਿਹਪੁਰੀ



