ਫਰੀਦਕੋਟ, (ਐਲਿਗਜ਼ੈਂਡਰ ਡਿਸੂਜਾ)-ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਕੌਂਸਲ ਫਰੀਦਕੋਟ ਦੀ ਮੀਟਿੰਗ ਸਾਬਕਾ ਸਰਪੰਚ ਜਗਤਾਰ ਸਿੰਘ ਭਾਣਾ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਕਾਮਰੇਡ ਅਮੋਲਕ ਭਵਨ ਵਿੱਚ ਹੋਈ। ਜ਼ਿਲ੍ਹਾ ਸਕੱਤਰ ਅਸ਼ੋਕ ਕੌਸ਼ਲ ਨੇ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਕੇਰਲਾ ਦੇ ਸੂਬਾ ਸਕੱਤਰ ਕਾਮਰੇਡ ਰਾਜਿੰਦਰਨ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਸਾਥੀ ਭਗਵਾਨ ਦਾਸ ਬਹਾਦਰਕੇ ਬਾਬਤ ਸ਼ੋਕ ਮਤਾ ਪੇਸ਼ ਕੀਤਾ ਅਤੇ ਸਭ ਨੇ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਦੇਸ਼ ਦੇ ਸਿਆਸੀ ਹਾਲਾਤ ਅਤੇ ਭਵਿੱਖ ਦੀਆਂ ਚੁਣੌਤੀਆਂ ਬਾਰੇ ਜਾਗਰੂਕ ਕਰਦੇ ਹੋਏ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਹਾ ਕਿ 13 ਦਸੰਬਰ ਨੂੰ ਸੰਸਦ ਦੇ ਅੰਦਰ ਦੋ ਨੌਜਵਾਨਾਂ ਵੱਲੋਂ ਕੀਤਾ ਗਿਆ ਐਕਸ਼ਨ ਸ਼ਹੀਦ ਭਗਤ ਸਿੰਘ ਅਤੇ ਬੀ ਕੇ ਦੱਤ ਵੱਲੋਂ ਬਰਤਾਨਵੀ ਹਕੂਮਤ ਦੌਰਾਨ ਕੀਤੇ ਰੋਸ ਐਕਸ਼ਨ ਤੋਂ ਪ੍ਰੇਰਿਤ ਲੱਗਦਾ ਹੈ, ਜੋ ਅਜ਼ਾਦੀ ਦੀ ਪੌਣੀ ਸਦੀ ਬਾਅਦ ਵੀ ਗਰੀਬੀ, ਬੇਰੁਜ਼ਗਾਰੀ ਅਤੇ ਦਿਨੋ-ਦਿਨ ਵਧ ਰਹੇ ਆਰਥਕ ਪਾੜੇ ਕਾਰਨ ਨੌਜਵਾਨਾਂ ਅੰਦਰ ਉਬਾਲੇ ਮਾਰ ਰਹੀ ਬੇਚੈਨੀ ਦਾ ਚਿੰਨ੍ਹ ਹੈ। ਇਸ ਹਾਲਤ ਦੀਆਂ ਜ਼ਿੰਮੇਵਾਰ ਕਾਰਪੋਰੇਟ ਘਰਾਣਿਆਂ ਦੀਆਂ ਪਿੱਠੂ, ਫਿਰਕੂ ਅਤੇ ਫਾਸ਼ੀਵਾਦੀ ਸ਼ਕਤੀਆਂ ਨੂੰ ਤੀਜੀ ਵਾਰ ਦੇਸ਼ ਦੀ ਰਾਜ-ਸੱਤਾ ’ਤੇ ਕਾਬਜ਼ ਹੋਣ ਤੋਂ ਰੋਕਣਾ ਸਭ ਦੇਸ਼ ਭਗਤ ਅਤੇ ਅੱਗੇਵਧੂ ਸ਼ਕਤੀਆਂ ਦਾ ਪਹਿਲਾ ਫਰਜ਼ ਹੋਣਾ ਚਾਹੀਦਾ ਹੈ। ਉਨ੍ਹਾ ਪਿਛਲੇ ਦਿਨੀਂ ਪੰਜਾਬ ਖੇਤ ਮਜ਼ਦੂਰ ਸਭਾ ਦੀ ਸਫਲ ਸੂਬਾ ਕਾਨਫਰੰਸ ਦੀ ਮੇਜ਼ਬਾਨੀ ਕਰਨ ਲਈ ਜ਼ਿਲ੍ਹਾ ਫਰੀਦਕੋਟ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਉਤਸ਼ਾਹ ਨਾਲ ਕੰਮ ਕਰਨ ਦੀ ਲੋੜ ਹੈ। ਮੀਟਿੰਗ ਵਿੱਚ ਗੁਰਨਾਮ ਸਿੰਘ, ਬਲਵੀਰ ਔਲਖ਼, ਸੁਖਦਰਸ਼ਨ ਰਾਮ, ਹਰਪਾਲ ਮਚਾਕੀ, ਸੁਖਜਿੰਦਰ ਸਿੰਘ, ਪ੍ਰਦੀਪ ਬਰਾੜ, ਭਲਵਿੰਦਰ ਸਿੰਘ, ਗੋਰਾ ਪਿਪਲੀ, ਦਰਸ਼ਨ ਜਿਊਣਵਾਲਾ, ਚਰਨਜੀਤ ਚੰਬੇਲੀ, ਮਨਜੀਤ ਕੌਰ ਅਤੇ ਸ਼ਸ਼ੀ ਸ਼ਰਮਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਨਵੇਂ ਸਾਲ ਦੌਰਾਨ ਮਿਹਨਤਕਸ਼ ਜਮਾਤ ਦੇ ਹੱਕਾਂ ਦੀ ਰਾਖੀ ਲਈ ਹੋਰ ਦਿ੍ਰੜ੍ਹਤਾ ਨਾਲ ਸੰਘਰਸ਼ ਕਰਨ ਦਾ ਪ੍ਰਣ ਕੀਤਾ। ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਫਰੀਦਕੋਟ ਦਫਤਰ ਵਿਖੇ 26 ਦਸੰਬਰ ਨੂੰ ਪਾਰਟੀ ਦਾ 98ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ ਜਾਵੇਗਾ, ਘਰਾਂ ’ਤੇ ਦੀਪਮਾਲਾ ਕੀਤੀ ਜਾਵੇਗੀ ਅਤੇ ਪਾਰਟੀ ਦੇ ਝੰਡੇ ਵੀ ਲਹਿਰਾਏ ਜਾਣਗੇ। ਇਸ ਮੌਕੇ ਮੁਖਤਿਆਰ ਸਿੰਘ ਭਾਣਾ, ਜਗਤਾਰ ਸਿੰਘ ਰਾਜੋਵਾਲਾ, ਉੱਤਮ ਸਿੰਘ ਸਾਦਿਕ, ਗੁਰਦੀਪ ਸਿੰਘ ਦੀਪ ਸਿੰਘ ਵਾਲਾ ਅਤੇ ਵੀਰਪਾਲ ਕੌਰ ਬੱਗੇਆਣਾ ਵੀ ਹਾਜ਼ਰ ਸਨ।





