ਮੋਗਾ, (ਅਮਰਜੀਤ ਬੱਬਰੀ)-ਐਤਵਾਰ ਸਵੇਰੇ ਪੁਲਸ ਤੇ ਗੈਂਗਸਟਰਾਂ ਵਿਚਾਲੇ ਫਾਇਰਿੰਗ ਦੌਰਾਨ ਪਟਿਆਲ ਗਰੁੱਪ ਦੇ ਤਿੰਨ ਗੈਂਗਸਟਰਾਂ ਨੂੰ ਕਾਬੂ ਲਿਆ ਗਿਆ। ਮੁਕਾਬਲਾ ਮੋਗਾ ਜ਼ਿਲ੍ਹੇ ਦੇ ਪਿੰਡ ਦੌਧਰ ਤੋਂ ਲੋਪੋ ਰੋਡ ’ਤੇ ਇਕ ਪੈਟਰੋਲ ਪੰਪ ਕੋਲ ਹੋਇਆ। ਪੁਲਸ ਦੇ ਗੈਂਗਸਟਰਾਂ ਨਾਲ ਹੋਏ ਮੁਕਾਬਲੇ ’ਚ ਅਸਲਾ ਵੀ ਬਰਾਮਦ ਹੋਇਆ ਹੈ।
ਡੀ ਐੱਸ ਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਨਾਕਾ ਲਾ ਕੇ ਚੈਕਿੰਗ ਕਰ ਰਹੇ ਸਨ ਤਾਂ ਤਿੰਨ ਲੋਕ ਮੋਟਰਸਾਈਕਲ ’ਤੇ ਆਏ। ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ। ਆਪਣੇ ਆਪ ਨੂੰ ਖਤਰੇ ਵਿਚ ਦੇਖ ਕੇ ਉਨ੍ਹਾਂ ਮੋਟਰਸਾਇਕਲ ਸੁੱਟ ਦਿੱਤਾ ਤੇ ਖੇਤਾਂ ਵੱਲ ਭੱਜ ਗਏ। ਪੁਲਸ ਨੇ ਪਿੱਛਾ ਕੀਤਾ ਤਾਂ ਉਨ੍ਹਾਂ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਸ ਵੱਲੋਂ ਜਵਾਬੀ ਫਾਇਰਿੰਗ ’ਚ ਤਿੰਨਾਂ ਨੇ ਸਰੰਡਰ ਕਰ ਦਿੱਤਾ। ਤਿੰਨਾਂ ਦੀ ਪਛਾਣ ਸ਼ੰਕਰ ਰਾਜਪੂਤ, ਜਸ਼ਵ ਵਾਸੀ ਮੋਗਾ ਤੇ ਨਵਦੀਪ ਵਾਸੀ ਧਰਮਕੋਟ ਵਜੋਂ ਹੋਈ ਹੈ। ਇਹ ਤਿੰਨੋਂ ਮਨਦੀਪ ਧਾਲੀਵਾਲ ਤੇ ਲੱਕੀ ਪਟਿਆਲ ਵੱਲੋਂ ਚਲਾਏ ਜਾ ਰਹੇ ਬੰਬੀਹਾ ਗੈਂਗ ਗਰੁੱਪ ਦੇ ਮੈਂਬਰ ਹਨ। ਇਕ ਮੁਲਜ਼ਮ ਤੇ ਕੁਝ ਪੁਲਸ ਮੁਲਾਜ਼ਮਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਗੈਂਗਸਟਰਾਂ ਨੂੰ ਸੀ ਆਈ ਏ ਸਟਾਫ ਮੋਗਾ ਦੇ ਇੰਚਾਰਜ ਦਲਜੀਤ ਸਿੰਘ ਤੇ ਬੱਧਨੀ ਪੁਲਸ ਨੇ ਕਾਬੂ ਕੀਤਾ।





