ਨਵੀਂ ਦਿੱਲੀ : ਸੋਮਵਾਰ ਸੰਸਦ ਵਿਚ ਹੱਦ ਹੋ ਗਈ, ਜਦੋਂ ਰਾਜ ਸਭਾ ਦੇ 45 ਤੇ ਲੋਕ ਸਭਾ ਦੇ 33 ਆਪੋਜ਼ੀਸ਼ਨ ਮੈਂਬਰ ਮੁਅੱਤਲ ਕਰ ਦਿੱਤੇ ਗਏ। ਉਹ ਸੰਸਦ ਦੀ ਸੁਰੱਖਿਆ ਵਿਚ ਸੰਨ੍ਹ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਮੰਗ ਕਰ ਰਹੇ ਸਨ। ਰਾਜ ਸਭਾ ਦੇ ਮੁਅੱਤਲ ਕੀਤੇ ਗਏ 45 ਵਿੱਚੋਂ 34 ਨੂੰ ਰਹਿੰਦੇ ਸਰਦ ਰੁੱਤ ਅਜਲਾਸ ਤੱਕ ਲਈ ਮੁਅੱਤਲ ਕੀਤਾ ਗਿਆ, ਜਦਕਿ 11 ਮਰਿਆਦਾ ਕਮੇਟੀ ਦੀ ਰਿਪੋਰਟ ਮਿਲਣ ਤੱਕ ਮੁਅੱਤਲ ਰਹਿਣਗੇ।
ਇਸੇ ਤਰ੍ਹਾਂ ਲੋਕ ਸਭਾ ਵਿਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਸਣੇ 30 ਰਹਿੰਦੇ ਅਜਲਾਸ ਲਈ ਮੁਅੱਤਲ ਕੀਤੇ ਗਏ, ਜਦਕਿ ਤਿੰਨ ਮਰਿਆਦਾ ਕਮੇਟੀ ਦੀ ਰਿਪੋਰਟ ਮਿਲਣ ਤੱਕ ਮੁਅੱਤਲ ਰਹਿਣਗੇ। ਲੋਕ ਸਭਾ ਵਿੱਚੋਂ ਮੁਅੱਤਲ ਕੀਤੇ ਗਏ ਸਾਂਸਦਾਂ ’ਚ ਕਾਂਗਰਸ ਦੇ 11, ਤਿ੍ਰਣਮੂਲ ਕਾਂਗਰਸ ਦੇ 9, ਡੀ ਐੱਮ ਕੇ 9 ਸਾਂਸਦ ਸ਼ਾਮਲ ਹਨ। ਸੰਸਦ ਦਾ ਅਜਲਾਸ 22 ਦਸੰਬਰ ਤੱਕ ਚੱਲਣਾ ਹੈ। ਇਸ ਤੋਂ ਪਹਿਲਾਂ 14 ਦਸੰਬਰ ਨੂੰ ਲੋਕ ਸਭਾ ਦੇ 13 ਤੇ ਰਾਜ ਸਭਾ ਦੇ ਇਕ ਮੈਂਬਰ ਨੂੰ ਮੁਅੱਤਲ ਕੀਤਾ ਗਿਆ ਸੀ। ਰਾਜ ਸਭਾ ਵਿਚ ਸਾਂਸਦਾਂ ਦੀ ਗਿਣਤੀ 245 ਹੈ। ਇਨ੍ਹਾਂ ਵਿਚ ਭਾਜਪਾ ਤੇ ਉਸ ਦੇ ਸਹਿਯੋਗੀਆਂ ਦੇ 105, ਇੰਡੀਆ ਗੱਠਜੋੜ ਦੇ 64 ਅਤੇ ਹੋਰਨਾਂ ਪਾਰਟੀਆਂ ਦੇ 76 ਮੈਂਬਰ ਹਨ। ਇਨ੍ਹਾਂ ਵਿੱਚੋਂ ਆਪੋਜ਼ੀਸ਼ਨ ਦੇ 46 ਮੈਂਬਰ ਮੁਅੱਤਲ ਕੀਤੇ ਜਾ ਚੁੱਕੇ ਹਨ। ਲੋਕ ਸਭਾ ਵਿਚ ਇਸ ਵੇਲੇ 538 ਮੈਂਬਰ ਹਨ। ਇਨ੍ਹਾਂ ਵਿਚ ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੇ 329 ਹਨ, ਜਦਕਿ ਇੰਡੀਆ ਦੇ 142 ਹਨ। ਹੋਰਨਾਂ ਪਾਰਟੀਆਂ ਦੇ 67 ਹਨ। ਇਨ੍ਹਾਂ ਵਿੱਚੋਂ 46 ਰਹਿੰਦੇ ਅਜਲਾਸ ਲਈ ਮੁਅੱਤਲ ਕਰ ਦਿੱਤੇ ਗਏ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪਹਿਲਾਂ ਘੁਸਪੈਠੀਆਂ ਨੇ ਸੰਸਦ ’ਤੇ ਹਮਲਾ ਕੀਤਾ, ਹੁਣ ਮੋਦੀ ਸਰਕਾਰ ਸੰਸਦ ਤੇ ਜਮਹੂਰੀਅਤ ’ਤੇ ਹਮਲਾ ਕਰ ਰਹੀ ਹੈ। ਨਿਰੰਕੁਸ਼ ਮੋਦੀ ਸਰਕਾਰ ਜਮਹੂਰੀ ਰਵਾਇਤਾਂ ਨੂੰ ਕੂੜੇਦਾਨ ਵਿਚ ਸੁੱਟ ਰਹੀ ਹੈ। ਲੋਕ ਸਭਾ ਵਿਚ ਮੈਂਬਰ ਤਖਤੀਆਂ ਲੈ ਕੇ ਆਏ ਸਨ ਤੇ ਉਨ੍ਹਾਂ ਸਪੀਕਰ ਕੋਲ ਪੁੱਜ ਕੇ ਨਾਅਰੇ ਲਾਏ। ਇਹ ਸਪੀਕਰ ਨੂੰ ਚੰਗਾ ਨਹੀਂ ਲੱਗਾ। ਰਾਜ ਸਭਾ ਵਿਚ ਵੀ ਇਹੋ ਜਿਹੇ ਹਾਲਾਤ ਰਹੇ।





