ਲੋਕ ਹਿੱਤੂ ਏਜੰਡੇ ਦੀ ਲੋੜ

0
152

ਲੰਮੀ ਉਡੀਕ ਬਾਅਦ ਇੰਡੀਆ ਗਠਜੋੜ ਦੀ ਮੀਟਿੰਗ ਹੋ ਰਹੀ ਹੈ। ਭਾਵੇਂ ਮੀਟਿੰਗ ਦਾ ਕੋਈ ਤੈਅਸ਼ੁਦਾ ਏਜੰਡਾ ਜਾਰੀ ਨਹੀਂ ਕੀਤਾ ਗਿਆ, ਪਰ ਸਪੱਸ਼ਟ ਤੌਰ ਉੱਤੇ ਹੁਣੇ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਨਿਰਾਸ਼ਾਜਨਕ ਹਾਰ ’ਤੇ ਚਰਚਾ ਜ਼ਰੂਰ ਹੋਵੇਗੀ। ਹੁਣ ਤੱਕ ਭਾਜਪਾ ਦੇ ਸਾਰੇ ਪਿੱਛਲੱਗ ਬੁੱਧੀਜੀਵੀ ਜ਼ੋਰ-ਸ਼ੋਰ ਨਾਲ ਇਹ ਪ੍ਰਚਾਰ ਕਰਨ ਵਿੱਚ ਲੱਗੇ ਹੋਏ ਹਨ ਕਿ ਮੋਦੀ ਦੇ �ਿਸ਼ਮੇ ਅੱਗੇ ਇੰਡੀਆ ਗਠਜੋੜ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਟਿਕਣ ਵਾਲਾ ਨਹੀਂ, ਪਰ ਅਸਲੀਅਤ ਇਹ ਹੈ ਕਿ ਇਨ੍ਹਾਂ ਰਾਜਾਂ ਵਿਚਲੀਆਂ ਲੋਕ ਸਭਾ ਸੀਟਾਂ ਵਿੱਚੋਂ ਕਾਂਗਰਸ ਕੋਲ ਤਾਂ ਪਹਿਲਾਂ ਹੀ ਤਿੰਨ ਹਨ, ਫਿਰ ਇਨ੍ਹਾਂ ਰਾਜਾਂ ਵਿੱਚ ਗਠਜੋੜ ਕੋਲ ਗੁਆਉਣ ਲਈ ਕੁਝ ਹੈ ਹੀ ਨਹੀਂ।
ਇਸੇ ਦੌਰਾਨ ਸੈਂਟਰ ਫਾਰ ਦੀ ਸਟੱਡੀ ਆਫ਼ ਡਿਵੈੱਲਪਿੰਗ ਸੁਸਾਇਟੀ (ਸੀ ਐੱਸ ਡੀ ਐੱਸ) ਨੇ ਪੋ�ਿਗ ਤੋਂ ਬਾਅਦ ਕੀਤੇ ਗਏ ਸਰਵੇ ਵਿੱਚ ਜਿਹੜੇ ਅੰਕੜੇ ਪੇਸ਼ ਕੀਤੇ ਹਨ, ਉਹ ਇੰਡੀਆ ਗਠਜੋੜ ਲਈ ਉਤਸ਼ਾਹਵਰਧਕ ਵੀ ਹਨ ਤੇ ਕਮਜ਼ੋਰੀਆਂ ਦੂਰ ਕਰਕੇ ਅੱਗੇ ਵਧਣ ਲਈ ਰਾਹ ਦਿਖਾਊ ਵੀ।
ਇਸ ਸਰਵੇ ਅਨੁਸਾਰ ਗਰੀਬ, ਦਲਿਤਾਂ ਤੇ ਘੱਟ ਗਿਣਤੀਆਂ ਵਿੱਚ ਹਾਲੇ ਵੀ ਕਾਂਗਰਸ ਭਾਜਪਾ ਉੱਤੇ ਭਾਰੂ ਹੈ। ਰਾਜਸਥਾਨ ਵਿੱਚ ਗਰੀਬ ਤਬਕੇ ਦੇ ਲੋਕ ਪਿਛਲੀ ਵਾਰ ਦੇ 40 ਫ਼ੀਸਦੀ ਦੇ ਮੁਕਾਬਲੇ ਇਸ ਵਾਰ 45 ਫ਼ੀਸਦੀ ਕਾਂਗਰਸ ਦੇ ਹੱਕ ਵਿੱਚ ਭੁਗਤੇ ਹਨ। ਭਾਜਪਾ ਵੱਲ ਜਾਣ ਵਾਲੇ ਗਰੀਬਾਂ ਦੀ ਗਿਣਤੀ ਪਿਛਲੀ ਵਾਰ 41 ਫ਼ੀਸਦੀ ਦੇ ਮੁਕਾਬਲੇ ਇਸ ਵਾਰ ਘਟ ਕੇ 36 ਫ਼ੀਸਦੀ ਉੱਤੇ ਪਹੁੰਚ ਗਈ ਹੈ। ਦਲਿਤਾਂ ਵਿੱਚ ਵੀ ਕਾਂਗਰਸ ਭਾਜਪਾ ਦੇ 33 ਫ਼ੀਸਦੀ ਦੇ ਮੁਕਾਬਲੇ 48 ਫ਼ੀਸਦੀ ਲੈ ਕੇ ਉਸ ਤੋਂ ਕਾਫ਼ੀ ਅੱਗੇ ਰਹੀ ਹੈ। ਘੱਟ ਗਿਣਤੀ ਤਬਕੇ ਦੀਆਂ ਤਾਂ ਕਾਂਗਰਸ ਨੇ 90 ਫ਼ੀਸਦੀ ਵੋਟਾਂ ਹਾਸਲ ਕਰਕੇ ਸਭ ਨੂੰ ਪਛਾੜ ਦਿੱਤਾ ਹੈ।
ਹੁਣ ਲਓ ਮੱਧ ਪ੍ਰਦੇਸ਼ ਦੇ ਅੰਕੜੇ। ਇਸ ਰਾਜ ਵਿੱਚ ਕਾਂਗਰਸ ਨੇ ਗਰੀਬ ਤਬਕੇ ਦੀਆਂ ਪਿਛਲੀ ਵਾਰ ਦੀਆਂ 44 ਫ਼ੀਸਦੀ ਦੇ ਮੁਕਾਬਲੇ 47 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਹਨ। ਇਸ ਦੇ ਮੁਕਾਬਲੇ ਭਾਜਪਾ ਨੂੰ 41 ਫ਼ੀਸਦੀ ਵੋਟਾਂ ਮਿਲੀਆਂ ਹਨ। ਦਲਿਤਾਂ ਵਿੱਚੋਂ ਕਾਂਗਰਸ ਨੇ 45 ਫ਼ੀਸਦੀ ਤੇ ਭਾਜਪਾ ਨੇ 39 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਹਨ। ਇੱਥੇ ਘੱਟ ਗਿਣਤੀ ਫਿਰਕੇ ਦੀਆਂ ਵੋਟਾਂ ਕਾਂਗਰਸ ਨੂੰ 85 ਫ਼ੀਸਦੀ ਮਿਲੀਆਂ ਹਨ।
ਛੱਤੀਸਗੜ੍ਹ ਵਿੱਚ ਭਾਜਪਾ ਗਰੀਬ ਤਬਕੇ ਅੰਦਰ ਬਾਜ਼ੀ ਮਾਰਨ ਵਿੱਚ ਕਾਮਯਾਬ ਰਹੀ ਹੈ। ਉਸ ਦਾ ਪਿਛਲੀ ਵਾਰ ਦੀ 34 ਫ਼ੀਸਦੀ ਦੇ ਮੁਕਾਬਲੇ ਵੋਟ ਵਧ ਕੇ 50 ਫ਼ੀਸਦੀ ਤੱਕ ਪੁੱਜ ਗਿਆ ਹੈ। ਕਾਂਗਰਸ ਦਾ 43 ਫ਼ੀਸਦੀ ਤੋਂ ਘਟ ਕੇ 40 ਫ਼ੀਸਦੀ ’ਤੇ ਪਹੁੰਚ ਗਿਆ ਸੀ। ਇਸ ਪਿੱਛੇ ਵੱਡਾ ਕਾਰਨ ਆਦਿਵਾਸੀਆਂ ਦਾ ਕਾਂਗਰਸ ਨੂੰ ਛੱਡ ਦੇਣਾ ਰਿਹਾ ਹੈ। ਦਲਿਤਾਂ ਵਿੱਚ ਕਾਂਗਰਸ ਭਾਜਪਾ ਦੇ 39 ਫ਼ੀਸਦੀ ਦੇ ਮੁਕਾਬਲੇ 48 ਫ਼ੀਸਦੀ ਹਾਸਲ ਕਰਨ ਵਿੱਚ ਕਾਮਯਾਬ ਰਹੀ ਹੈ। ਘੱਟ ਗਿਣਤੀਆਂ ਵਿੱਚੋਂ ਵੀ ਕਾਂਗਰਸ ਦੇ ਹੱਕ ਵਿੱਚ ਸਿਰਫ਼ 53 ਫ਼ੀਸਦੀ ਹੀ ਭੁਗਤੀਆਂ, ਜੋ ਦੂਜੇ ਰਾਜਾਂ ਦੇ ਮੁਕਾਬਲੇ ਬਹੁਤ ਘੱਟ ਹੈ।
ਇਸ ਸਰਵੇ ਰਿਪੋਰਟ ਵਿੱਚ ਸਭ ਤੋਂ ਵੱਧ ਹੈਰਾਨ ਕਰਨ ਵਾਲੇ ਅੰਕੜੇ ਓ ਬੀ ਸੀ ਬਾਰੇ ਹਨ। ਓ ਬੀ ਸੀ ਦੀਆਂ ਕਈ ਪਰਤਾਂ ਹਨ। ਇਨ੍ਹਾਂ ਵਿੱਚ ਅੱਤ ਦੇ ਗਰੀਬ ਵੀ ਹਨ, ਛੋਟੇ ਕਿਸਾਨ ਵੀ ਹਨ, ਖੇਤ ਮਜ਼ਦੂਰ ਹਨ ਤੇ ਇਨ੍ਹਾਂ ਵਰਗਾਂ ਦਾ ਖਾਂਦਾ-ਪੀਂਦਾ ਹਿੱਸਾ ਵੀ। ਬੇਸ਼ੱਕ ਕਾਂਗਰਸ ਨੇ ਚੋਣਾਂ ਦੌਰਾਨ ਜਾਤੀ ਜਨਗਣਨਾ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ, ਪਰ ਭਾਜਪਾ ਉਸ ਨਾਲੋਂ ਇਸ ਵਰਗ ਦੀਆਂ 10 ਤੋਂ 20 ਫ਼ੀਸਦੀ ਵੋਟਾਂ ਵੱਧ ਲੈਣ ਵਿੱਚ ਕਾਮਯਾਬ ਹੋਈ। ਸਪੱਸ਼ਟ ਤੌਰ ’ਤੇ ਕਿਸਾਨ ਨਿਧੀ ਯੋਜਨਾ ਤੇ ਮੁਫ਼ਤ ਰਾਸ਼ਨ ਨੇ ਇਸ ਲਈ ਭਾਜਪਾ ਨੂੰ ਲਾਭ ਪੁਚਾਇਆ।
ਇਸ ਵਰਗ ਵਿੱਚ ਰਾਜਸਥਾਨ ਵਿੱਚੋਂ ਭਾਜਪਾ ਨੂੰ ਪਿਛਲੀ ਵਾਰ ਦੇ 40 ਫ਼ੀਸਦੀ ਦੇ ਮੁਕਾਬਲੇ 45 ਫੀਸਦੀ, ਮੱਧ ਪ੍ਰਦੇਸ਼ ਵਿੱਚ 48 ਫ਼ੀਸਦੀ ਦੇ ਮੁਕਾਬਲੇ 55 ਫ਼ੀਸਦੀ ਤੇ ਛੱਤੀਸਗੜ੍ਹ ਵਿੱਚ 42 ਫ਼ੀਸਦੀ ਦੇ ਮੁਕਾਬਲੇ 49 ਫ਼ੀਸਦੀ ਵੋਟ ਮਿਲੇ ਹਨ। ਇਸ ਵਰਗ ਵਿੱਚ ਕਾਂਗਰਸ ਦਾ ਵੋਟ ਹਰ ਥਾਂ ਘਟਿਆ। ਰਾਜਸਥਾਨ ਵਿੱਚ ਪਿਛਲੀ ਵਾਰ ਦੇ 36 ਫ਼ੀਸਦੀ ਦੇ ਮੁਕਾਬਲੇ 33 ਫ਼ੀਸਦੀ, ਮੱਧ ਪ੍ਰਦੇਸ਼ ਵਿੱਚ 41 ਫ਼ੀਸਦੀ ਦੇ ਮੁਕਾਬਲੇ 35 ਫ਼ੀਸਦੀ ਤੇ ਛੱਤੀਸਗੜ੍ਹ ਵਿੱਚ 42 ਫ਼ੀਸਦੀ ਦੇ ਮੁਕਾਬਲੇ 39 ਫ਼ੀਸਦੀ ਵੋਟ ਮਿਲੇ ਹਨ।
ਇਸ ਦੇ ਬਾਵਜੂਦ ਕਾਂਗਰਸ ਜੇਕਰ ਆਦਿਵਾਸੀ ਵਰਗ ਨੂੰ ਨਰਾਜ਼ ਨਾ ਕਰਦੀ ਤਾਂ ਉਸ ਦੀ ਹਾਲਤ ਅੱਜ ਵਾਲੀ ਨਹੀਂ ਹੋਣੀ ਸੀ। ਹੋ ਸਕਦਾ ਉਹ ਰਾਜਸਥਾਨ ਤੇ ਛੱਤੀਸਗੜ੍ਹ ਵਿੱਚ ਸਰਕਾਰ ਬਚਾਉਣ ਵਿੱਚ ਕਾਮਯਾਬ ਹੋ ਜਾਂਦੀ। ਛੱਤੀਸਗੜ੍ਹ ਵਿੱਚ ਆਦਿਵਾਸੀ ਸਮਾਜ ਕਾਂਗਰਸ ਦੀ ਅਣਦੇਖੀ ਤੋਂ ਡਾਢੇ ਸਤੇ ਹੋਏ ਸਨ। ਇਸੇ ਕਾਰਨ ਇਸ ਵਰਗ ਵਿੱਚ ਭਾਜਪਾ ਦਾ ਵੋਟ ਪਿਛਲੀ ਵਾਰ ਦੇ 25 ਫ਼ੀਸਦੀ ਤੋਂ ਵਧ ਕੇ 46 ਫ਼ੀਸਦੀ ਹੋ ਗਿਆ, ਜਦੋਂ ਕਿ ਕਾਂਗਰਸ 47 ਫ਼ੀਸਦੀ ਤੋਂ 42 ਫ਼ੀਸਦੀ ਉੱਤੇ ਪਹੁੰਚ ਗਈ । ਇਸੇ ਤਰ੍ਹਾਂ ਹੀ ਰਾਜਸਥਾਨ ਵਿੱਚ ਕਾਂਗਰਸ ਦਾ ਆਦਿਵਾਸੀ ਪਾਰਟੀ ਨਾਲ ਗਠਜੋੜ ਨਾ ਹੋਣ ਕਾਰਨ ਉਸ ਦਾ ਵੋਟ ਬੈਂਕ ਪਿਛਲੀ ਵਾਰ ਨਾਲੋਂ 16 ਫ਼ੀਸਦੀ ਘੱਟ ਗਿਆ ਹੈ।
ਇਹ ਸਾਰੇ ਅੰਕੜੇ ਦੱਸਦੇ ਹਨ ਕਿ ਜਾਤੀ ਜਨਗਣਨਾ ਦਾ ਸਿਰਫ਼ ਨਾਅਰਾ ਵਿਰੋਧੀ ਧਿਰਾਂ ਦਾ ਕੋਈ ਫਾਇਦਾ ਨਹੀਂ ਕਰ ਸਕਦਾ। ਇਸ ਜਨਗਣਨਾ ਦੇ ਨਾਅਰੇ ਵਿੱਚ ਨਾ ਰੁਜ਼ਗਾਰ ਹੈ, ਨਾ ਸਿੱਖਿਆ ਤੇ ਨਾ ਸਿਹਤ। ਇਸ ਲਈ ‘ਇੰਡੀਆ’ ਗਠਜੋੜ ਨੂੰ ਜਾਤੀ ਜਨਗਣਨਾ ਦੇ ਨਾਲ-ਨਾਲ ਆਰਥਿਕ ਮੁੱਦਿਆਂ ਬਾਰੇ ਵੀ ਠੋਸ ਪ੍ਰੋਗਰਾਮ ਦੇਣਾ ਪਵੇਗਾ।
ਇਹ ਚੰਗੀ ਗੱਲ ਹੈ ਕਿ ਬੇਹੱਦ ਗਰੀਬ ਤੇ ਅਣਦੇਖੀ ਦੇ ਸ਼ਿਕਾਰ ਲੋਕ ਇੰਡੀਆ ਗਠਜੋੜ ਦੇ ਮਗਰ ਹਨ, ਪਰ ਇਹ ਸੋਚਣ ਦੀ ਜ਼ਰੂਰਤ ਹੈ ਕਿ ਇਨ੍ਹਾਂ ਵਿੱਚੋਂ ਜੋ ਹਾਲੇ ਵੀ ਭਾਜਪਾ ਨਾਲ ਖੜ੍ਹੇ ਹਨ, ਉਨ੍ਹਾਂ ਨੂੰ ਨਾਲ ਕਿਵੇਂ ਲੈਣਾ ਹੈ। ਇਸ ਦੇ ਨਾਲ ਹੀ ਆਦਿਵਾਸੀ ਪਾਰਟੀਆਂ ਨੂੰ ਆਪਣੇ ਗਠਜੋੜ ਦਾ ਹਿੱਸਾ ਬਣਾ ਕੇ ਆਦਿਵਾਸੀ ਵਰਗ ਨਾਲ ਨਾਤਾ ਪੀਢਾ ਕਰਨਾ ਪਵੇਗਾ। ਇਸ ਲਈ ਇੰਡੀਆ ਗਠਜੋੜ ਨੂੰ ਇੱਕ ਵਿਆਪਕ ਏਜੰਡਾ ਲੈ ਕੇ ਜਨਤਾ ਵਿੱਚ ਜਾਣਾ ਹੋਵੇਗਾ।
-ਚੰਦ ਫਤਿਹਪੁਰੀ

LEAVE A REPLY

Please enter your comment!
Please enter your name here