ਗੁਰੂ ਹਰਸਹਾਏ (ਦੀਪਕ ਵਧਾਵਨ)
ਕੰਪੀਟੈਂਟ ਅਥਾਰਟੀ ਐਡਮਨਿਸਟ੍ਰੇਟਰ ਦਿੱਲੀ ਦੇ ਹੁਕਮਾਂ ’ਤੇ ਕਾਰਵਾਈ ਕਰਦੇ ਹੋਏ ਪੰਜਾਬ ਪੁਲਸ ਗੁਰੂ ਹਰਸਹਾਏ ਦੇ ਡੀ ਐੱਸ ਪੀ ਭੁਪਿੰਦਰ ਸਿੰਘ ਅਤੇ ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਨੇ ਕਾਰਵਾਈ ਕਰਦੇ ਹੋਏ ਨਸ਼ਾ ਸਮਗਲਰਾਂ ਵੱਲੋਂ ਨਸ਼ੇ ਦੀ ਕਮਾਈ ਨਾਲ ਬਣਾਈਆਂ ਦੋ ਕੋਠੀਆਂ ਨੂੰ ਫਰੀਜ਼ ਕਰ ਦਿੱਤਾ ਅਤੇ ਉੱਥੇ ਪ੍ਰਾਪਰਟੀ ਫਰੀਜ਼ਿੰਗ ਦਾ ਆਰਡਰ ਬੋਰਡ ਲਗਾ ਦਿੱਤਾ ਹੈ। ਇਸ ਕਾਰਵਾਈ ਕਰਨ ਲਈ ਪੁੱਜੇ ਡੀ ਐੱਸ ਪੀ ਅਤੇ ਥਾਣਾ ਮੁਖੀ ਨੇ ਦੱਸਿਆ ਕਿ ਰਾਣੀ ਪਤਨੀ ਮਰਹੂਮ ਅਸ਼ਵਨੀ ਕੁਮਾਰ ਨੇ ਨਸ਼ੇ ਦੀ ਕਮਾਈ ਨਾਲ ਸ਼ਹਿਰ ਅੰਦਰ ਦੋ ਕੋਠੀਆਂ ਬਣਾਈਆਂ ਸਨ, ਜਿਸ ਦੀ ਰਿਪੋਰਟ ਬਣਾ ਕੇ ਦਿੱਲੀ ਭੇਜੀ ਗਈ ਸੀ ਅਤੇ ਕੰਪੀਟੈਂਟ ਅਥਾਰਟੀ ਐਡਮਨਿਸਟ੍ਰੇਟਰ ਦਿੱਲੀ ਵੱਲੋਂ ਆਏ ਹੁਕਮਾਂ ’ਤੇ ਉਕਤ ਕੋਠੀਆਂ ਨੂੰ ਫਰੀਜ਼ ਕਰ ਦਿੱਤਾ ਗਿਆ । ਡੀ ਐੱਸ ਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਰਾਣੀ ਖਿਲਾਫ ਐੱਨ ਡੀ ਪੀ ਐੱਸ ਐਕਟ ਦੇ ਤਹਿਤ 8 ਪਰਚੇ ਦਰਜ ਹਨ ਅਤੇ ਉਸ ਨੇ ਨਸ਼ੇ ਦੀ ਕਮਾਈ ਨਾਲ ਇਹ ਕੋਠੀਆਂ ਬਣਾਈਆਂ ਸਨ। ਇਹਨਾਂ ਦੋਵਾਂ ਕੋਠੀਆਂ ਦੀ ਕੀਮਤ ਕਰੀਬ 60 ਲੱਖ ਰੁਪਏ ਬਣਦੀ ਹੈ। ਡੀ ਐੱਸ ਪੀ ਨੇ ਦੱਸਿਆ ਕਿ ਗੁਰੂ ਹਰਸਾਏ ਇਲਾਕੇ ਅੰਦਰ ਸਭ ਤੋਂ ਪਹਿਲਾਂ ਇਸ ਪਰਵਾਰ ਨੇ ਹੀ ਨਸ਼ੇ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਚਾਰ ਨਸ਼ਾ ਸਮਗਲਰਾਂ ਦੀਆਂ ਜਾਇਦਾਦਾਂ ਨੂੰ ਫਰੀਜ਼ ਕੀਤਾ ਜਾ ਚੁੱਕਾ ਹੈ।





