27.9 C
Jalandhar
Sunday, September 8, 2024
spot_img

ਬਿ੍ਰਜ ਭੂਸ਼ਣ ਦਾ ਆੜੀ ਪ੍ਰਧਾਨ ਚੁਣੇ ਜਾਣ ’ਤੇ ਸਾਕਸ਼ੀ ਮਲਿਕ ਨੇ ਕੁਸ਼ਤੀ ਛੱਡੀ

ਨਵੀਂ ਦਿੱਲੀ : 11 ਮਹੀਨਿਆਂ ਤੋਂ ਵਿਵਾਦਾਂ ’ਚ ਘਿਰੀ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਵੀਰਵਾਰ ਹੋਈਆਂ ਚੋਣਾਂ ’ਚ ਸੰਜੈ ਸਿੰਘ ਨੇ ਪ੍ਰਧਾਨਗੀ ਜਿੱਤ ਲਈ। 12 ਸਾਲਾਂ ਬਾਅਦ ਫੈਡਰੇਸ਼ਨ ਨੂੰ ਨਵਾਂ ਪ੍ਰਧਾਨ ਮਿਲਿਆ ਹੈ। ਭਾਜਪਾ ਸਾਂਸਦ ਤੇ ਸਾਬਕਾ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ਇਸ ਵਾਰ ਚੋਣ ਨਹੀਂ ਲੜਿਆ। ਉਹ ਤਿੰਨ ਵਾਰ ਇਸ ਅਹੁਦੇ ਲਈ ਚੁਣਿਆ ਗਿਆ ਸੀ, ਪਰ ਇਸ ਵਾਰ ਪ੍ਰਧਾਨ ਦੇ ਅਹੁਦੇ ਲਈ ਉਸ ਨੇ ਆਪਣੇ ਵਫਾਦਾਰ ਸੰਜੈ ਸਿੰਘ ਨੂੰ ਲੜਾਇਆ ਸੀ। ਉਸ ਦਾ ਮੁਕਾਬਲਾ ਕਾਮਨਵੈਲਥ ਚੈਂਪੀਅਨ ਅਨੀਤਾ ਸ਼ਿਓਰਾਨ ਨਾਲ ਸੀ। ਸੰਜੈ, ਜੋ ਯੂ ਪੀ ਕੁਸ਼ਤੀ ਐਸੋਸੀਏਸਨ ਦਾ ਉਪ ਪ੍ਰਧਾਨ ਹੈ, ਨੇ 40 ਵੋਟਾਂ ਹਾਸਲ ਕੀਤੀਆਂ, ਜਦਕਿ ਅਨੀਤਾ ਨੂੰ ਸੱਤ ਵੋਟਾਂ ਮਿਲੀਆਂ। ਸੰਜੈ ਸਿੰਘ ਦੇ ਪੈਨਲ ਦੇ ਬੰਦੇ ਬਹੁਤੇ ਅਹੁਦੇ ਜਿੱਤਣ ਵਿਚ ਸਫਲ ਰਹੇ। ਇਸ ਤਰ੍ਹਾਂ ਬਿ੍ਰਜ ਭੂਸ਼ਣ ਦਾ ਫੈਡਰੇਸ਼ਨ ’ਤੇ ਅਸਿੱਧਾ ਕੰਟਰੋਲ ਹੋ ਜਾਵੇਗਾ। ਆਰ ਐੱਸ ਐੱਸ ਨਾਲ ਜੁੜਿਆ ਸੰਜੈ ਸਿੰਘ ਵਾਰਾਨਸੀ ਤੋਂ ਹੈ ਤੇ ਬਿ੍ਰਜ ਭੂਸ਼ਣ ਦੇ ਕਾਫੀ ਕਰੀਬ ਹੈ।
ਕਾਮਨਵੈਲਥ ਖੇਡਾਂ ਦੀ ਸੋਨ ਤਮਗਾ ਜੇਤੂ ਸ਼ਿਓਰਾਨ ਦਾ ਪੈਨਲ ਸਕੱਤਰ ਜਨਰਲ ਦਾ ਅਹੁਦਾ ਜਿੱਤਣ ’ਚ ਕਾਮਯਾਬ ਰਿਹਾ। ਇਸ ਅਹੁਦੇ ਲਈ ਪ੍ਰੇਮ ਚੰਦ ਲੋਛਬ ਨੇ ਦਰਸ਼ਨ ਲਾਲ ਨੂੰ 27-19 ਵੋਟਾਂ ਨਾਲ ਹਰਾਇਆ।
ਦਵਿੰਦਰ ਸਿੰਘ ਕਾਦੀਆਨ, ਜੋ ਨੈਸ਼ਨਲ ਹਾਈਵੇਜ਼ ’ਤੇ ਖਾਣ-ਪੀਣ ਦੀਆਂ ਕਈ ਦੁਕਾਨਾਂ ਚਲਾਉਦਾ ਹੈ ਤੇ ਪ੍ਰੋਟੈੱਸਟ ਕਰਨ ਵਾਲੇ ਭਲਵਾਨਾਂ ਦਾ ਕਰੀਬੀ ਸਮਝਿਆ ਜਾਂਦਾ ਹੈ, ਨੇ ਆਈ ਡੀ ਨਾਨਾਵਤੀ ਨੂੰ 32-15 ਵੋਟਾਂ ਨਾਲ ਹਰਾ ਕੇ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਜਿੱਤਿਆ ਹੈ। ਬਿ੍ਰਜ ਭੂਸ਼ਣ ਦੇ ਧੜੇ ਦੇ ਚਾਰ ਉਪ ਪ੍ਰਧਾਨ ਚੁਣੇ ਗਏ ਹਨ। ਦਿੱਲੀ ਦੇ ਜੈ ਪ੍ਰਕਾਸ਼ ਨੇ 37, ਪੱਛਮੀ ਬੰਗਾਲ ਦੇ ਅਸਿਤ ਕੁਮਾਰ ਸਾਹਾ ਨੇ 42, ਪੰਜਾਬ ਦੇ ਕਰਤਾਰ ਸਿੰਘ ਨੇ 44 ਤੇ ਮਨੀਪੁਰ ਦੇ ਐੱਨ ਫੋਨੀ ਨੇ 38 ਵੋਟਾਂ ਲੈ ਕੇ ਉਪ ਪ੍ਰਧਾਨਗੀ ਜਿੱਤੀ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ, ਜਿਹੜੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੁਸਤ ਹੋ ਗਏ, ਨੂੰ ਉਪ ਪ੍ਰਧਾਨ ਦੀ ਚੋਣ ਵਿਚ 5 ਵੋਟਾਂ ਮਿਲੀਆਂ। ਉੱਤਰਾਖੰਡ ਦੇ ਸੱਤਿਆਪਾਲ ਸਿੰਘ ਦੇਸ਼ਵਾਲ ਨੇ ਖਜ਼ਾਨਚੀ ਦੇ ਅਹੁਦੇ ਲਈ ਜੰਮੂ-ਕਸ਼ਮੀਰ ਦੇ ਦੁਸ਼ਯੰਤ ਸ਼ਰਮਾ ਨੂੰ 34-12 ਨਾਲ ਹਰਾਇਆ। ਉਹ ਵੀ ਬਿ੍ਰਜ ਭੂਸ਼ਣ ਧੜੇ ਦਾ ਹੈ। ਐਗਜ਼ੈਕਟਿਵ ਲਈ ਚੁਣੇ ਗਏ ਪੰਜ ਮੈਂਬਰ ਵੀ ਬਿ੍ਰਜ ਭੂਸ਼ਣ ਧੜੇ ਦੇ ਹਨ।
ਚੋਣਾਂ ਦਾ ਨਤੀਜਾ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਲਈ ਝਟਕਾ ਹੈ, ਕਿਉਂਕਿ ਬਿ੍ਰਜ ਭੂਸ਼ਣ ਵਿਰੁੱਧ ਉਨ੍ਹਾਂ ਦਾ ਵਿਰੋਧ ਬੇਕਾਰ ਹੋ ਗਿਆ ਹੈ। ਇਨ੍ਹਾਂ ਨੇ ਮਹਿਲਾ ਭਲਵਾਨਾਂ ਦੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਬਿ੍ਰਜ ਭੂਸ਼ਣ ਵਿਰੁੱਧ ਵੱਡਾ ਅੰਦੋਲਨ ਚਲਾਇਆ ਸੀ ਤੇ ਕੁਸ਼ਤੀ ਫੈਡਰੇਸ਼ਨ ਨੂੰ ਸਾਫ ਕਰਨ ਲਈ ਲੜਾਈ ਲੜੀ ਸੀ। ਨਤੀਜਿਆਂ ਦੇ ਐਲਾਨ ਤੋਂ ਬਾਅਦ ਉਲੰਪਿਕ ’ਚ ਕਾਂਸੀ ਤਮਗਾ ਜਿੱਤਣ ਵਾਲੀ ਸਾਕਸ਼ੀ ਮਲਿਕ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਬਿ੍ਰਜ ਭੂਸ਼ਣ ਦੇ ਵਿਸ਼ਵਾਸਪਾਤਰ ਦੀ ਅਗਵਾਈ ’ਚ ਨਹੀਂ ਖੇਡੇਗੀ। ਪ੍ਰੈੱਸ ਕਾਨਫਰੰਸ ’ਚ ਸਾਕਸ਼ੀ ਨੇ ਆਪਣੇ ਜੁੱਤੇ ਲਾਹ ਕੇ ਟੇਬਲ ’ਤੇ ਰੱਖੇ ਅਤੇ ਫਿਰ ਚੁੱਕ ਕੇ ਚਲੇ ਗਈ। ਸਾਕਸ਼ੀ ਨੇ ਕਿਹਾਅਸੀਂ ਬਿ੍ਰਜ ਭੂਸ਼ਣ ਵਿਰੁੱਧ ਕਾਫੀ ਹੌਸਲੇ ਨਾਲ ਲੜਾਈ ਲੜੀ, ਪਰ ਅੱਜ ਉਸ ਦੀ ਸੱਜੀ ਬਾਂਹ ਪ੍ਰਧਾਨ ਚੁਣੀ ਗਈ। ਅਸੀਂ ਮਹਿਲਾ ਪ੍ਰਧਾਨ ਚਾਹੁੰਦੇ ਸਾਂ, ਪਰ ਕਾਮਯਾਬ ਨਹੀਂ ਹੋਏ।
ਵਿਨੇਸ਼ ਫੋਗਾਟ ਨੇ ਕਿਹਾ ਕਿ ਬਦਕਿਸਮਤੀ ਦੀ ਗੱਲ ਹੈ ਕਿ ਦੇਸ਼ ਵਿਚ ਅਜਿਹੇ ਅਹੁਦਿਆਂ ’ਤੇ ਅਜਿਹੇ ਲੋਕ ਚੁਣੇ ਜਾ ਰਹੇ ਹਨ। ਹੁਣ ਕੁੜੀਆਂ ਨੂੰ ਵੀ ਸ਼ੋਸ਼ਣ ਦਾ ਸ਼ਿਕਾਰ ਹੋਣਾ ਪਵੇਗਾ। ਅਫਸੋਸ ਦੀ ਗੱਲ ਹੈ ਕਿ ਲੜਨ ਦੇ ਬਾਵਜੂਦ ਅਸੀਂ ਤਬਦੀਲੀ ਨਹੀਂ ਲਿਆ ਸਕੇ। ਮੈਨੂੰ ਪਤਾ ਨਹੀਂ ਕਿ ਆਪਣੇ ਦੇਸ਼ ਵਿਚ ਇਨਸਾਫ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ।
ਇਸ ਮੌਕੇ ਬਜਰੰਗ ਪੂਨੀਆ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਸਰਕਾਰ ਆਪਣੇ ਸਟੈਂਡ ’ਤੇ ਕਾਇਮ ਨਹੀਂ ਰਹੀ ਕਿ ਬਿ੍ਰਜ ਭੂਸ਼ਣ ਦਾ ਕੋਈ ਵੀ ਵਫਾਦਾਰ ਚੋਣਾਂ ਨਹੀਂ ਲੜੇਗਾ।

Related Articles

LEAVE A REPLY

Please enter your comment!
Please enter your name here

Latest Articles