ਡਰੀ ਭਾਜਪਾ ਦਾ ਡਰਾਮਾ

0
146

ਭਾਰਤ ਦਾ ਸੰਸਦੀ ਲੋਕਤੰਤਰ ਇਸ ਵੇਲੇ ਸਭ ਤੋਂ ਬੁਰੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਅਨੁਸ਼ਾਸਨ ਦੇ ਨਾਂਅ ’ਤੇ ਜਿਸ ਤਰ੍ਹਾਂ ਵਿਰੋਧੀ ਧਿਰ ਦੇ ਲੱਗਭੱਗ ਸਾਰੇ ਸਾਂਸਦਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਉਹ ਹੈਰਾਨ ਕਰਨ ਵਾਲਾ ਹੈ। ਜਾਪਦਾ ਹੈ ਕਿ ਭਾਜਪਾ ਜਦੋਂ ਦੇਸ਼ ਨੂੰ ਕਾਂਗਰਸ-ਮੁਕਤ ਬਣਾ ਦੇਣ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਅਸਫ਼ਲ ਹੋ ਗਈ ਤਾਂ ਉਸ ਨੇ ਸੰਸਦ ਨੂੰ ਵਿਰੋਧੀ ਧਿਰ ਮੁਕਤ ਕਰ ਦੇਣ ਦਾ ਹੀ ਸੰਕਲਪ ਲੈ ਲਿਆ ਹੈ, ਤਾਂ ਜੋ ਉਹ ਕਿਸੇ ਅੜਚਨ ਤੇ ਵਿਰੋਧ ਦੇ ਬਗੈਰ ਆਪਣੇ ਮਨਚਾਹੇ ਬਿੱਲ ਪਾਸ ਕਰ ਸਕੇ।
ਵਿਰੋਧੀ ਧਿਰ ਚਾਹੁੰਦੀ ਕੀ ਸੀ, ਇਹੋ ਹੀ ਕਿ ਸੰਸਦ ਦੀ ਸੁਰੱਖਿਆ ਵਿੱਚ ਕੁਝ ਨੌਜਵਾਨਾਂ ਵੱਲੋਂ ਲਾਈ ਸੰਨ੍ਹ ਬਾਰੇ ਗ੍ਰਹਿ ਮੰਤਰੀ ਸੰਸਦ ਵਿੱਚ ਆ ਕੇ ਬਿਆਨ ਦੇ ਦੇਵੇ। ਗ੍ਰਹਿ ਮੰਤਰੀ ਦੋ ਫਿਕਰੇ ਹੀ ਬੋਲ ਸਕਦਾ ਸੀ ਕਿ ਹਾਂ, ਮਸਲਾ ਗੰਭੀਰ ਹੈ, ਇਸ ਦੀ ਜਾਂਚ ਕਰਾਈ ਜਾ ਰਹੀ ਹੈ। ਇਹ ਉਹੋ ਫਿਕਰਾ ਹੈ, ਜੋ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਸੰਸਦ ਦੇ ਬਾਹਰ ਬੋਲ ਚੁੱਕੇ ਹਨ।
ਅਸਲ ਵਿੱਚ ਗੱਲ ਉਨ੍ਹਾਂ ਨੌਜਵਾਨਾਂ ਦੀ ਨਹੀਂ, ਜਿਨ੍ਹਾਂ ਸੁਰੱਖਿਆ ਉਲੰਘੀ ਸੀ, ਉਹ ਤਾਂ ਗਿ੍ਰਫ਼ਤਾਰ ਹੋ ਚੁੱਕੇ ਹਨ ਤੇ ਧਾਰਾਵਾਂ ਵੀ ਸਖ਼ਤ ਲੱਗੀਆਂ ਹਨ, ਸਜ਼ਾਵਾਂ ਵੀ ਹੋਣਗੀਆਂ, ਪਰ ਸਚਾਈ ਇਹ ਹੈ ਕਿ ਵੱਡਾ ਦੋਸ਼ੀ ਹੋਰ ਹੈ, ਜਿਸ ਨੂੰ ਬਚਾਉਣ ਲਈ ਸੱਤਾਧਾਰੀ ਸਾਰਾ ਨਾਟਕ ਕਰ ਰਹੇ ਹਨ। ਉਹ ਹੈ ਭਾਜਪਾ ਦਾ ਮੈਸੂਰ ਤੋਂ ਸਾਂਸਦ ਪ੍ਰਤਾਪ ਸਿਮਹਾ, ਜਿਸ ਦੇ ਦਸਤਖਤਾਂ ਨਾਲ ਨੌਜਵਾਨਾਂ ਨੇ ਸੰਸਦ ਵਿੱਚ ਘੁਸਪੈਠ ਕੀਤੀ ਸੀ।
ਜਦੋਂ ਸੰਸਦ ਦੀ ਸੁਰੱਖਿਆ ਵਿੱਚ ਲੱਗੀ ਸੰਨ੍ਹ ਬਾਰੇ ਗੱਲ ਚੱਲੇਗੀ ਤਾਂ ਇਹ ਸਾਹਮਣੇ ਆਵੇਗਾ ਹੀ ਕਿ ਉਹ ਨੌਜਵਾਨ ਅੰਦਰ ਪਹੁੰਚੇ ਕਿਵੇਂ। ਫਿਰ ਪ੍ਰਤਾਪ ਸਿਮਹਾ ਨੂੰ ਉਹ ਬਿਆਨ, ਜੋ ਉਹ ਸੰਸਦ ਦੇ ਬਾਹਰ ਦੇ ਰਿਹਾ ਹੈ ਕਿ ਉਹ ਇਨ੍ਹਾਂ ਨੌਜਵਾਨਾਂ ਨੂੰ ਨਹੀਂ ਜਾਣਦਾ, ਸੰਸਦ ਦੇ ਅੰਦਰ ਦੇਣਾ ਪਵੇਗਾ। ਸੰਸਦ ਦੀ ਸੁਰੱਖਿਆ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਸਾਂਸਦਾਂ ਦੀ ਹੁੰਦੀ ਹੈ। ਜੇਕਰ ਕੋਈ ਸਾਂਸਦ ਉਸ ਵਿਅਕਤੀ ਨੂੰ ਪਾਸ ਦੇ ਦਿੰਦਾ ਹੈ, ਜਿਸ ਨੂੰ ਉਹ ਜਾਣਦਾ ਨਹੀਂ ਤਾਂ ਉਹ ਸੰਸਦ ਦੀ ਸੁਰੱਖਿਆ ਨਾਲ ਖਿਲਵਾੜ ਕਰ ਰਿਹਾ ਹੁੰਦਾ ਹੈ। ਇਸ ਲਈ ਪ੍ਰਤਾਪ ਸਿਮਹਾ, ਵਿਰੁੱਧ ਉਹੀ ਕਾਰਵਾਈ ਹੋਣੀ ਚਾਹੀਦੀ ਹੈ, ਜੋ ਪਾਸਵਰਡ ਸਾਂਝਾ ਕਰਨ ਲਈ ਮਹੂਆ ਵਿਰੁੱਧ ਹੋਈ ਸੀ। ਪ੍ਰਤਾਪ ਸਿਮਹਾ ਕਿਉਂਕਿ ਸੱਤਾਧਾਰੀ ਧਿਰ ਦਾ ਹੈ, ਇਸ ਲਈ ਬੇਫਿਕਰ ਸੰਸਦ ਦੀ ਕਾਰਵਾਈ ਵਿੱਚ ਭਾਗ ਲੈ ਰਿਹਾ ਹੈ।
ਸੋਚੋ, ਜੇਕਰ ਪਾਸ ਜਾਰੀ ਕਰਨ ਵਾਲਾ ਸਾਂਸਦ ਕਾਂਗਰਸ, ਸਮਾਜਵਾਦੀ ਪਾਰਟੀ ਜਾਂ ਟੀ ਐਮ ਸੀ ਦਾ ਹੁੰਦਾ ਤਾਂ ਹੁਣ ਤੱਕ ਉਸ ਦੀ ਸਾਂਸਦੀ ਖ਼ਤਮ ਹੋ ਚੁੱਕੀ ਹੁੰਦੀ। ਇਸ ਤੋਂ ਵੀ ਅੱਗੇ ਜੇਕਰ ਉਹ ਸਾਂਸਦ ਮੁਸਲਿਮ ਹੁੰਦਾ ਤਾਂ ਹੁਣ ਤੱਕ ਉਸ ਉਤੇ ਅੱਤਵਾਦੀ ਤੇ ਦੇਸ਼ ਤੋੜਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੀ ਤੁਹਮਤ ਲੱਗ ਚੁੱਕੀ ਹੁੰਦੀ। ਅਜਿਹੀ ਸਥਿਤੀ ਵਿੱਚ ਖੁਦ ਭਾਜਪਾ ਨੇ ਬਹਿਸ ਦੀ ਮੰਗ ਕਰਨੀ ਸੀ, ਪਰ ਹੁਣ ਕਸੂਰਵਾਰ ਉਸ ਦਾ ਆਪਣਾ ਸਾਂਸਦ ਹੈ, ਇਸ ਲਈ ਉਸ ਨੂੰ ਬਚਾਉਣ ਲਈ ਉਸ ਨੇ ਆਪਣਾ ਮੂੰਹ ਬੰਦ ਕਰ ਲਿਆ ਹੈ, ਤੇ ਵਿਰੋਧੀ ਧਿਰ ਦੇ ਸਾਂਸਦਾਂ ਦਾ ਵੀ ਮੂੰਹ ਬੰਦ ਕਰ ਦਿੱਤਾ ਹੈ।
ਭਾਜਪਾ ਨੇ ਹੁਣ ਮੁੱਦੇ ਨੂੰ ਨਵਾਂ ਮੋੜ ਦੇਣਾ ਸ਼ੁਰੂ ਕਰ ਦਿੱਤਾ ਹੈ। ਸੰਸਦ ਵਿੱਚੋਂ ਮੁਅੱਤਲ ਕੀਤੇ ਸਾਂਸਦਾਂ ਨੇ ਬਾਹਰ ਆ ਕੇ ਹਲਕੇ ਮੂਡ ਵਿੱਚ ਉਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ਮੁਅੱਤਲੀ ਸਮੇਂ ਪ੍ਰਗਟ ਕੀਤੀਆਂ ਅਦਾਵਾਂ ਦੀ ਨਕਲ ਲਾ ਦਿੱਤੀ ਸੀ। ਹਮੇਸ਼ਾ ਚੋਣ ਮੂਡ ਵਿੱਚ ਰਹਿਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਚੋਣਾਂ ਵਿੱਚ ਲਾਹਾ ਲੈਣ ਲਈ ਇਸ ਨੂੰ ਜਾਤੀਵਾਦੀ ਰੰਗ ਦੇ ਦਿੱਤਾ। ਜਗਦੀਪ ਧਨਖੜ ਨੇ ਵੀ ਕਹਿ ਦਿੱਤਾ ਕਿ ਉਹ ਆਪਣੇ ਜੱਟ ਭਾਈਚਾਰੇ ਦੀ ਬੇਇੱਜ਼ਤੀ ਸਹਿਣ ਨਹੀਂ ਕਰਨਗੇ।
ਅਸਲ ਵਿੱਚ ਕਿਸਾਨੀ ਅੰਦੋਲਨ ਤੋਂ ਬਾਅਦ ਭਾਜਪਾ ਜੱਟ ਜਾਂ ਜਾਟ ਭਾਈਚਾਰੇ ਵਿੱਚੋਂ ਆਪਣਾ ਪ੍ਰਭਾਵ ਗੁਆ ਚੁੱਕੀ ਹੈ। ਰਾਜਸਥਾਨ ਵਿੱਚ ਹਾਰ ਜਾਣ ਦੇ ਬਾਵਜੂਦ ਕਾਂਗਰਸ ਨੇ ਜਾਟ ਭਾਈਚਾਰੇ ਵਾਲੇ ਸ਼ੇਖਾਵਟੀ ਖੇਤਰ ਦੀਆਂ 15 ਵਿੱਚੋਂ 10 ਸੀਟਾਂ ਜਿੱਤੀਆਂ ਹਨ। ਧਨਖੜ ਦੇ ਝੁਨਝਨੂੰ ਜ਼ਿਲ੍ਹੇ ਦੀਆਂ ਤਾਂ ਕਾਂਗਰਸ 7 ਵਿੱਚ 5 ਸੀਟਾਂ ਜਿੱਤ ਗਈ ਸੀ। ਇਸ ਲਈ ਭਾਜਪਾ ਧਨਖੜ ਦੀ ਨਕਲ ਨੂੰ ਮੁੱਦਾ ਬਣਾ ਕੇ ਇੱਕ ਪਾਸੇ ਆਪਣੇ ਦੋਸ਼ੀ ਸਾਂਸਦ ਨੂੰ ਬਚਾਉਣਾ ਚਾਹੁੰਦੀ ਹੈ ਤੇ ਦੂਜੇ ਪਾਸੇ ਜੱਟਾਂ ਵਿੱਚ ਪੈਰ ਲਾਉਣਾ ਚਾਹੁੰਦੀ ਹੈ। ਇਹ ਦਾਅ ਭਾਜਪਾ ਦਾ ਚੱਲਣ ਵਾਲਾ ਨਹੀਂ, ਕਿਉਂਕਿ ਪ੍ਰਧਾਨ ਮੰਤਰੀ ਤਾਂ ਖੁਦ ਸਾਂਸਦ ਵਿੱਚ ਵਿਰੋਧੀ ਧਿਰ ਦੇ ਮੈਂਬਰਾਂ ਦੀਆਂ ਨਕਲਾਂ ਲਾਉਂਦੇ ਰਹੇ ਹਨ, ਜਿਨ੍ਹਾਂ ਦਾ ਹੁਣ ਸੋਸ਼ਲ ਮੀਡੀਆ ਉੱਤੇ ਹੜ੍ਹ ਆਇਆ ਹੋਇਆ ਹੈ। ਇਹ ਸਾਰਾ ਘਟਨਾਕ੍ਰਮ ਦੱਸਦਾ ਹੈ ਕਿ ਭਾਜਪਾ ‘ਇੰਡੀਆ’ ਗੱਠਜੋੜ ਦੀ ਮਜ਼ਬੂਤੀ ਤੋਂ ਬੁਰੀ ਤਰ੍ਹਾਂ ਡਰੀ ਹੋਈ ਹੈ।
-ਚੰਦ ਫਤਿਹਪੁਰੀ

LEAVE A REPLY

Please enter your comment!
Please enter your name here