ਮੋਗਾ (ਅਮਰਜੀਤ ਬੱਬਰੀ)-ਸ਼ੁੱਕਰਵਾਰ ਬਾਅਦ ਦੁਪਹਿਰ ਮੋਗਾ-ਬਰਨਾਲਾ ਰੋਡ ’ਤੇ ਬੁੱਟਰ ਕਲਾਂ ਨੇੜੇ ਪੱਥਰਾਂ ਦਾ ਭਰਿਆ ਟਿੱਪਰ ਕਾਰ ਉੱਪਰ ਪਲਟ ਗਿਆ, ਜਿਸ ਕਾਰਨ 2 ਔਰਤਾਂ ਅਤੇ ਦੋ ਪੁਰਸ਼ਾਂ ਦੀ ਮੌਤ ਹੋ ਗਈ। ਪੰਜ ਸਾਲਾ ਬੱਚੀ ਬਚ ਗਈ। ਦੌਧਰ ਪਿੰਡ ਦੀ ਕੁੜੀ, ਜੋ ਹਨੰੂਮਾਨਗੜ੍ਹ ਵਿਆਹੀ ਹੋਈ ਸੀ, ਆਪਣੇ ਪਤੀ, ਜੇਠ ਅਤੇ ਜਠਾਣੀ ਨਾਲ ਦੌਧਰ ਆ ਰਹੀ ਸੀ। ਇਸ ਦੌਰਾਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਟਿੱਪਰ ਥੱਲੇ ਦੱਬ ਗਈ ਗੱਡੀ ਨੂੰ ਅੱਗ ਲੱਗ ਗਈ। ਕੁੜੀ ਦਾ 15 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਮਿ੍ਰਤਕਾਂ ਦੀ ਪਛਾਣ ਸੋਹਾਵਤ ਸਿੰਘ ਪੁੱਤਰ ਰਤਨ ਸਿੰਘ, ਲਵਪ੍ਰੀਤ ਕੌਰ ਪਤਨੀ ਸੋਹਾਵਤ ਸਿੰਘ, ਕਰਮਨ ਸਿੰਘ ਪੁੱਤਰ ਰਤਨ ਸਿੰਘ ਅਤੇ ਇਕ ਹੋਰ ਮਹਿਲਾ ਵਜੋਂ ਹੋਈ ਹੈ। ਇਹ ਦੌਧਰ ਵਿਖੇ ਵਿਆਹ ਸਮਾਗਮ ਵਿਚ ਸ਼ਿਰਕਤ ਕਰਨ ਆ ਰਹੇ ਸਨ। ਰਾਤ ਨੂੰ ਵਿਆਹ ਦੀ ਜਾਗੋ ਸੀ। ਪੁਲਸ ਤੇ ਲੋਕਾਂ ਨੇ ਕਰੇਨ ਦੀ ਮਦਦ ਨਾਲ ਭਾਰੀ ਜੱਦੋ ਜਹਿਦ ਤੋਂ ਬਾਅਦ ਕਾਰ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਿਆ।