25.4 C
Jalandhar
Friday, October 18, 2024
spot_img

ਸਰਬ ਭਾਰਤ ਨੌਜਵਾਨ ਸਭਾ ਵੱਲੋਂ ‘ਵਾਇਸ ਆਫ ਯੰਗ ਇੰਡੀਆ’ ਕੌਮੀ ਕਨਵੈਨਸ਼ਨ

ਨਵੀਂ ਦਿੱਲੀ : ਸਥਾਨਕ ਜਵਾਹਰ ਲਾਲ ਭਵਨ ਵਿਖੇ ਸਰਬ ਭਾਰਤ ਨੌਜਵਾਨ ਸਭਾ ਦੀ ਕੌਮੀ ਕਮੇਟੀ ਵੱਲੋਂ ਦੇਸ਼ ਦੇ ਨੌਜਵਾਨਾਂ ਦੇ ਮੁੱਖ ਮੁੱਦਿਆਂ ’ਤੇ ਡੂੰਘਾਈ ਨਾਲ ਚਰਚਾ ਕਰਨ ਲਈ ‘ਵਾਇਸ ਆਫ ਯੰਗ ਇੰਡੀਆ’ ਕੌਮੀ ਕਨਵੈਨਸ਼ਨ ਕੀਤੀ ਗਈ, ਜਿਸ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਚੁਨਿੰਦਾ ਡੈਲੀਗੇਟ ਨੌਜਵਾਨਾਂ ਨੇ ਹਿੱਸਾ ਲਿਆ। ਕਨਵੈਨਸ਼ਨ ਦੀ ਪ੍ਰਧਾਨਗੀ ਸੁਖਜਿੰਦਰ ਮਹੇਸਰੀ, ਟੀ ਟੀ ਜਿਸਮਨ, ਵਲੀ ਉੱਲਾ ਖਾਦਰੀ, ਅੰਮਿ੍ਰਤਾ ਪਾਠਕ ਤੇ ਦਿਨੇਸ਼ ਰੰਗਰਾਜ ਨੇ ਕੀਤੀ।
ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਕੌਮੀ ਆਗੂ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ ਰਾਜਾ, ਸਭਾ ਦੇ ਸਾਬਕਾ ਕੌਮੀ ਸਕੱਤਰ ਅਤੇ ਕੇਰਲਾ ਤੋਂ ਮੈਂਬਰ ਪਾਰਲੀਮੈਂਟ ਪੀ ਸੰਦੋਸ਼ ਕੁਮਾਰ ਅਤੇ ਸਾਬਕਾ ਕੌਮੀ ਪ੍ਰਧਾਨ ਆਫਤਾਬ ਆਲਮ ਖਾਂ ਨੇ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ। ਇਸ ਵਿਚ ਭਾਜਪਾ ਨੂੰ ਛੱਡ ਕੇ ਇੰਡੀਆ ਗਠਜੋੜ ਵਿੱਚ ਸ਼ਾਮਲ ਸਾਰੀਆਂ ਪਾਰਟੀਆਂ ਨਾਲ ਸੰਬੰਧਤ ਨੌਜਵਾਨ ਸਭਾਵਾਂ ਦੇ ਕੌਮੀ ਆਗੂਆਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਅਤੇ ਆਪਣੇ ਵਿਚਾਰ ਰੱਖੇ। ਕਨਵੈਨਸ਼ਨ ਦਾ ਉਦਘਾਟਨ ਕਰਦਿਆਂ ਡੀ ਰਾਜਾ ਨੇ ਕਿਹਾ ਕਿ ਦੇਸ਼ ਵਿਚ ਨੌਜਵਾਨ ਹੀ ਸਭ ਤੋਂ ਵੱਡੀ ਤਾਕਤ ਹੈ, ਪਰ ਏਨੀ ਵੱਡੀ ਜਨਸੰਖਿਆ ਅੱਜ ਸਭ ਤੋਂ ਵੱਧ ਮੁਸ਼ਕਲਾਂ ਨਾਲ ਜੂਝ ਰਹੀ ਹੈ। ਉਹਨਾਂ ਲਈ ਰੁਜ਼ਗਾਰ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਬੇਰੁਜ਼ਗਾਰ ਜਵਾਨੀ ਨਿਰਾਸ਼ਾ ਦੇ ਆਲਮ ਵਿੱਚ ਹੈ। ਉਹਨਾ ਕਿਹਾ ਕਿ ਜਿਹੜੀ ਸਰਕਾਰ ਨੇ ਉਹਨਾਂ ਨੂੰ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੇ ਲਾਰੇ ਲਾ ਕੇ ਧੋਖਾ ਦਿੱਤਾ ਹੈ, ਹੁਣ ਅਜਿਹੀ ਸਰਕਾਰ ਨੂੰ ਗੱਦੀਓਂ ਲਾਹ ਦੇਣਾ ਹੀ ਯੰਗ ਇੰਡੀਆ ਦੀ ਆਵਾਜ਼ ਹੋਣੀ ਚਾਹੀਦੀ ਹੈ। ਇਸ ਮੌਕੇ ਦੇਸ਼ ਦੇ ਵੱਖ-ਵੱਖ ਨੌਜਵਾਨ ਸੰਗਠਨਾਂ ਦੇ ਕੌਮੀ ਆਗੂਆਂ ਨੇ ਡੂੰਘਾਈ ਨਾਲ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਕੇਂਦਰੀ ਸੱਤਾ ’ਤੇ ਕਾਬਜ਼ ਭਾਜਪਾ ਨੇ ਪਿਛਲੇ ਦਸ ਸਾਲਾਂ ਵਿੱਚ ਦੇਸ਼ ਨੂੰ ਧਰਮ, ਜਾਤ, ਇਲਾਕਾ, ਭਾਸ਼ਾ, ਰੰਗ-ਭੇਦ ਵਿੱਚ ਵੰਡ ਕੇ ਸੱਤਾ ’ਤੇ ਕਾਬਜ਼ ਰਹਿਣ ਲਈ ਲੋਕ ਵਿਰੋਧੀ ਨੀਤੀਆਂ ਬਣਾਈਆਂ ਹਨ। ਦੇਸ਼ ਦੀ ਜਵਾਨੀ ਸੈਂਕੜੇ ਮੁਸ਼ਕਲਾਂ ਨਾਲ ਜੂਝ ਰਹੀ ਹੈ, ਪਰ ਸਰਕਾਰ ਵੱਲੋਂ ਉਹਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰਨ ਦੀ ਬਜਾਏ ਉਹਨਾਂ ਦੀ ਆਵਾਜ਼ ਨੂੰ ਦਬਾਉਣ ਲਈ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਨੌਜਵਾਨਾਂ ਦੇ ਕੌਮੀ ਆਗੂਆਂ ਨੇ ਆਸ ਪ੍ਰਗਟ ਕਰਦਿਆਂ ਕਿਹਾ ਕਿ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਕੀਤੀ ਇਸ ਪਹਿਲ ਨਾਲ ਦੇਸ਼ ਵਿੱਚ ਨੌਜਵਾਨਾਂ ਦੇ ਮੁੱਦਿਆਂ ’ਤੇ ਡੂੰਘਾਈ ਨਾਲ ਚਰਚਾ ਜਾਰੀ ਰਹੇਗੀ ਅਤੇ ਜਲਦੀ ਹੀ ਕੌਮੀ ਪੱਧਰ ’ਤੇ ਇਕ ਵਿਸ਼ਾਲ ਸਾਂਝੀ ਮੁਹਿੰਮ ਤੇਜ਼ ਕੀਤੀ ਜਾਵੇਗੀ। ਇਸ ਮੌਕੇ ਆਗੂਆਂ ਵੱਲੋਂ ਦੇਸ਼ ਦੇ ਸਾਰੇ ਹੀ ਨੌਜਵਾਨ ਸੰਗਠਨਾਂ ਨੂੰ ਇਕ ਮੰਚ ’ਤੇ ਇਕੱਠੇ ਹੋਣ ਲਈ ਸੱਦਾ ਦਿੱਤਾ ਗਿਆ। ਕਨਵੈਨਸ਼ਨ ਨੂੰ ਪੰਜਾਬ ਦੇ ਡੈਲੀਗੇਟ ਸਾਥੀਆਂ ਦੀ ਅਗਵਾਈ ਕਰ ਰਹੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਅਤੇ ਕੌਮੀ ਕੌਂਸਲ ਮੈਂਬਰ ਕਰਮਵੀਰ ਕੌਰ ਬਧਨੀ ਨੇ ਵੀ ਸੰਬੋਧਨ ਕੀਤਾ। ਕਨਵੈਨਸ਼ਨ ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂ ਵਾਲਾ, ਜਸਪ੍ਰੀਤ ਬਧਨੀ, ਅਸ਼ੀਸ਼ ਫਾਜ਼ਿਲਕਾ, ਲਵਪ੍ਰੀਤ ਬਧਨੀ, ਆਸ਼ੂ ਕਰਨੀਖੇੜਾ, ਸੁਰਿੰਦਰ ਬਾਹਮਣੀਵਾਲਾ, ਰਮਨ ਧਰਮੂ ਵਾਲਾ-2, ਨਮਨ ਕੁਮਾਰ ਪੰਜੇ ਕੇ, ਅਨਮੋਲ ਸਿੰਘ ਅਤੇ ਅਰਸ਼ਦੀਪ ਕਚੂਰੇ ਵਾਲਾ ਆਦਿ ਵੀ ਹਾਜ਼ਰ ਹਨ।

Related Articles

LEAVE A REPLY

Please enter your comment!
Please enter your name here

Latest Articles