ਮਾਂਡਿਆ : ਹਿਜਾਬ ’ਤੇ ਪਾਬੰਦੀ ਹਟਾਉਣ ਦਲ ਮੁੱਖ ਮੰਤਰੀ ਸੀ ਐੱਮ ਸਿੱਧਰਮੱਈਆ ਦੇ ਐਲਾਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਦੀ ਵਿਦਿਆਰਥਣ ਮੁਸਕਾਨ ਦਾ ਬਿਆਨ ਸਾਹਮਣੇ ਆਇਆ ਹੈ। ਮੁਸਕਾਨ ਉਹੀ ਵਿਦਿਆਰਥਣ ਹੈ, ਜਿਸ ਨੇ ਇਕ ਹਿੰਦੂ ਸੰਗਠਨ ਦੇ ਇਕ ਧੜੇ ਖਿਲਾਫ਼ ‘ਅੱਲ੍ਹਾ ਹੂ ਅਕਬਰ’ ਦਾ ਨਾਅਰਾ ਲਾਇਆ ਸੀ। ਮੁਸਕਾਨ ਨੇ ਕਿਹਾ ਕਿ ਹਿਜਾਬ ਸਾਡਾ ਅਧਿਕਾਰ ਹੈ ਅਤੇ ਸਾਨੂੰ ਸਾਰਿਆਂ ਨੂੰ ਹੁਣ ਭੈਣ-ਭਰਾਵਾਂ ਵਾਂਗ ਰਹਿਣ ਦਿਓ। ਸ਼ਨਿੱਚਰਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁਸਕਾਨ ਨੇ ਕਿਹਾ ਕਿ ਹਿਜਾਬ ਸਾਡਾ ਸੱਭਿਆਚਾਰ ਹੈ। ਇਹ ਸਾਡਾ ਅਧਿਕਾਰ ਹੈ। ਮੇਰਾ ਮੰਨਣਾ ਹੈ ਕਿ ਸਾਨੂੰ ਅਧਿਕਾਰ ਮਿਲੇਗਾ। ਸਿੱਖਿਆ ’ਚ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ। ਵਿਦਿਆਰਥਣ ਨੇ ਕਿਹਾ, ‘‘ਮੈਂ ਸੀ ਐੱਮ ਸਿੱਧਰਮੱਈਆ, ਮੰਤਰੀ ਜ਼ਮੀਰ ਅਹਿਮਦ ਖਾਨ, ਸਪੀਕਰ ਯੂਟੀ ਖਾਦਰ ਅਤੇ ਡਿਪਟੀ ਸੀਐੱਮ ਡੀਕੇ ਸ਼ਿਵਕੁਮਾਰ ਦਾ ਧੰਨਵਾਦ ਕਰਦੀ ਹਾਂ। ਮੈਂ ਉਨ੍ਹਾਂ ਨੂੰ ਸਾਡੇ ਅਧਿਕਾਰ ਵਾਪਸ ਦੇਣ ਲਈ ਧੰਨਵਾਦ ਕਰਦੀ ਹਾਂ। ਉਨ੍ਹਾਂ ਨੇ ਸਾਡੇ ਸੱਭਿਆਚਾਰ ਦੀ ਹਮਾਇਤ ਕੀਤੀ ਹੈ। ਅਸੀਂ ਭੈਣ-ਭਰਾਵਾਂ ਵਾਂਗ ਕਾਲਜ ‘ਚ ਪੜ੍ਹਦੇ ਹਾਂ। ਅਜਿਹਾ ਹਮੇਸ਼ਾ ਹੋਣਾ ਚਾਹੀਦਾ ਹੈ।’’ ਵਿਦਿਆਰਥਣ ਨੇ ਕਿਹਾ ਕਿ ਹਿਜਾਬ ’ਤੇ ਪਾਬੰਦੀ ਕਾਰਨ ਕਈ ਲੜਕੀਆਂ ਨੂੰ ਆਪਣੇ ਘਰਾਂ ’ਚ ਰਹਿਣ ਲਈ ਮਜ਼ਬੂਰ ਹੋਣਾ ਪਿਆ। ਮੈਂ ਇਕ ਸਾਲ ਤੱਕ ਕਾਲਜ ਨਹੀਂ ਗਈ। ਹੁਣ, ਮੈਂ ਪੀ ਈ ਐੱਸ ਕਾਲਜ ਜਾ ਰਹੀ ਹਾਂ। ਮੁਸਕਾਨ ਨੇ ਕਿਹਾ ਕਿ ਦੂਜਿਆਂ ਨੂੰ ਵੀ ਬਾਹਰ ਆਉਣਾ ਚਾਹੀਦਾ ਹੈ ਅਤੇ ਪ੍ਰੀਖਿਆ ਦੇਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਪਿਛਲੀ ਸਰਕਾਰ ਦੌਰਾਨ ਰਾਜ ਵਿੱਚ ਹਿਜਾਬ ਸੰਕਟ ਗਹਿਰਾਇਆ ਸੀ। ਮੁਸਕਾਨ ਨੇ ਕਾਲਜ ਕੰਪਲੈਕਸ ’ਚ ਹਿੰਦੂ ਹਮਾਇਤੀ ਨਾਅਰੇ ਲਾ ਰਹੇ ਵਿਦਿਆਰਥੀਆਂ ਦੇ ਇਕ ਧੜੇ ਦੇ ਸਾਹਮਣੇ ਇਸਲਾਮ ਹਮਾਇਤੀ ਨਾਅਰਾ ਲਾਇਆ ਸੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ।


