ਇਸਲਾਮਾਬਾਦ : ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ ਟੀ ਆਈ) ਤੋਂ ਚੋਣ ਨਿਸ਼ਾਨ ‘ਬੱਲਾ’ ਚੋਣ ਕਮਿਸ਼ਨ (ਈ ਸੀ ਪੀ) ਨੇ ਖੋਹ ਲਿਆ ਹੈ। ‘ਬੈਟ’ ਪਾਰਟੀ ਦੇ ਸੰਸਥਾਪਕ ਇਮਰਾਨ ਖਾਨ ਦੇ ਕਿ੍ਰਕਟ ਲਈ ਪਿਆਰ ਨੂੰ ਦਰਸਾਉਂਦਾ ਹੈ। ਮੁੱਖ ਚੋਣ ਕਮਿਸ਼ਨਰ ਸਿਕੰਦਰ ਸੁਲਤਾਨ ਰਾਜਾ ਦੀ ਅਗਵਾਈ ਵਾਲੇ ਪੰਜ ਮੈਂਬਰੀ ਈ ਸੀ ਪੀ ਬੈਂਚ ਨੇ ਫੈਸਲਾ ਸੁਣਾਉਂਦੇ ਹੋਏ ਪੀ ਟੀ ਆਈ ਦੀਆਂ ਅੰਤਰ-ਪਾਰਟੀ ਚੋਣਾਂ ਨੂੰ ‘ਗੈਰ-ਕਾਨੂੰਨੀ’ ਕਰਾਰ ਦਿੱਤਾ। 11 ਪੰਨਿਆਂ ਦਾ ਇਹ ਹੁਕਮ ਪੀ ਟੀ ਆਈ ਦੇ ਸਾਬਕਾ ਮੈਂਬਰ ਅਕਬਰ ਐੱਸ ਬਾਬਰ ਦੀ ਪਟੀਸ਼ਨ ’ਤੇ ਦਿੱਤਾ ਗਿਆ, ਜਿਸ ਨੇ ਦਾਅਵਾ ਕੀਤਾ ਸੀ ਕਿ ਪੀ ਟੀ ਆਈ ਨੇ ਨਿਯਮਾਂ ਮੁਤਾਬਕ ਚੋਣਾਂ ਨਹੀਂ ਕਰਵਾਈਆਂ। ਚੋਣ ਕਮਿਸ਼ਨ ਦਾ ਇਹ ਫੈਸਲਾ ਪੀ ਟੀ ਆਈ ਲਈ ਵੱਡਾ ਝਟਕਾ ਹੈ, ਕਿਉਂਕਿ 8 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਇਮਰਾਨ ਪਹਿਲਾਂ ਹੀ ਜੇਲ੍ਹ ਵਿੱਚ ਹਨ ਅਤੇ ਕਈ ਹੋਰ ਵੱਡੇ ਨੇਤਾਵਾਂ ਦੀ ਰਿਹਾਈ ਵੀ ਜਲਦੀ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਪੀ ਟੀ ਆਈ ਨੇ ਸਾਡੀਆਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਅਤੇ ਪਾਰਟੀ ਦੇ ਮੌਜੂਦਾ ਸੰਵਿਧਾਨ 2019 ਅਤੇ ਚੋਣ ਐਕਟ 2017 ਦੇ ਅਨੁਸਾਰ ਅੰਤਰ-ਪਾਰਟੀ ਚੋਣਾਂ ਕਰਵਾਉਣ ਵਿੱਚ ਅਸਫਲ ਰਹੀ। ਜੀਓ ਨਿਊਜ਼ ਅਨੁਸਾਰ ਚੋਣਾਂ ਨੂੰ ਗੈਰ-ਕਾਨੂੰਨੀ ਘੋਸ਼ਿਤ ਕੀਤੇ ਜਾਣ ਦੇ ਨਾਲ ਇਮਰਾਨ ਖਾਨ ਤੋਂ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲਣ ਵਾਲੇ ਬੈਰਿਸਟਰ ਗੌਹਰ ਅਲੀ ਖਾਨ ਹੁਣ ਪਾਰਟੀ ਦੇ ਮੁਖੀ ਨਹੀਂ ਰਹੇ। ਪਾਰਟੀ ਕੋਲ ਹੁਣ ਸਮਾਂ ਵੀ ਘੱਟ ਹੈ, ਕਿਉਂਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਵਧੀ ਹੋਈ ਸਮਾਂ-ਸੀਮਾ ਐਤਵਾਰ ਨੂੰ ਖਤਮ ਹੋ ਰਹੀ ਹੈ ਅਤੇ ਪਾਰਟੀ ਕੋਲ ਈ ਸੀ ਪੀ ਦੇ ਫੈਸਲੇ ਵਿਰੁੱਧ ਅਦਾਲਤ ਦਾ ਰੁਖ ਕਰਨ ਲਈ ਸਿਰਫ ਇੱਕ ਦਿਨ ਬਚਿਆ ਹੈ।