ਨਵੀਂ ਚੁਣੀ ਭਾਰਤੀ ਕੁਸ਼ਤੀ ਫੈਡਰੇਸ਼ਨ ਭਲਵਾਨੀ ਭਾਈਚਾਰੇ ਦੇ ਦਬਾਅ ਹੇਠ ਚਾਣਚੱਕ ਮੁਅੱਤਲ

0
264

ਨਵੀਂ ਦਿੱਲੀ : ਭਾਰਤੀ ਕੁਸ਼ਤੀ ਫੈਡਰੇਸ਼ਨ ਉੱਤੇ ਮੁੜ ਭਾਜਪਾ ਸਾਂਸਦ ਤੇ ਸਾਬਕਾ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ਦਾ ਅਸਿੱਧਾ ਕਬਜ਼ਾ ਹੋ ਜਾਣ ਤੋਂ ਬਾਅਦ ਭਲਵਾਨੀ ਭਾਈਚਾਰੇ ਵਿਚ ਪੈਦਾ ਹੋਏ ਰੋਹ ਦੇ ਮੱਦੇਨਜ਼ਰ ਕੇਂਦਰੀ ਖੇਡ ਮੰਤਰਾਲੇ ਨੇ ਐਤਵਾਰ ਫੈਡਰੇਸ਼ਨ ਨੂੰ ਅਗਲੇ ਆਦੇਸ਼ ਤੱਕ ਮੁਅੱਤਲ ਕਰ ਦਿੱਤਾ ਹੈ। ਇਸ ਲਈ ਦਲੀਲ ਇਹ ਦਿੱਤੀ ਗਈ ਹੈ ਕਿ ਨਵੀਂ ਚੁਣੀ ਸੰਸਥਾ ਨੇ ਭਲਵਾਨਾਂ ਨੂੰ ਤਿਆਰੀ ਲਈ ਢੁੱਕਵਾਂ ਸਮਾਂ ਦਿੱਤੇ ਬਿਨਾਂ ਅੰਡਰ 15 ਅਤੇ ਅੰਡਰ 20 ਕੌਮੀ ਚੈਂਪੀਅਨਸ਼ਿਪ ਕਰਵਾਉਣ ਦਾ ਜਲਦਬਾਜ਼ੀ ’ਚ ਐਲਾਨ ਕੀਤਾ। ਖੇਡ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆਨਵੀਂ ਚੁਣੀ ਫੈਡਰੇਸ਼ਨ ਨੇ ਆਪਣੇ ਸੰਵਿਧਾਨ ਦੀ ਪਾਲਣਾ ਨਹੀਂ ਕੀਤੀ। ਅਸੀਂ ਫੈਡਰੇਸ਼ਨ ਨੂੰ ਬਰਖਾਸਤ ਨਹੀਂ ਕੀਤਾ, ਬਲਕਿ ਅਗਲੇ ਆਦੇਸ਼ਾਂ ਤਕ ਮੁਅੱਤਲ ਕੀਤਾ ਹੈ। ਉਸ ਨੂੰ ਨਿਯਮਾਂ ਦੀ ਪਾਲਣਾ ਕਰਨ ਅਤੇ ਉਚਿਤ ਪ੍ਰਕਿਰਿਆ ਅਪਨਾਉਣ ਦੀ ਲੋੜ ਹੈ।
ਖੇਡ ਮੰਤਰਾਲੇ ਨੇ ਫੈਡਰੇਸ਼ਨ ਦਾ ਕੰਮ ਚਲਾਉਣ ਲਈ ਭਾਰਤੀ ਉਲੰਪਿਕ ਐਸੋਸੀਏਸ਼ਨ ਨੂੰ ਐਡਹਾਕ ਕਮੇਟੀ ਬਣਾਉਣ ਲਈ ਵੀ ਕਿਹਾ ਹੈ। ਤਿੰਨ ਦਿਨ ਪਹਿਲਾਂ ਫੈਡਰੇਸ਼ਨ ਦੀਆਂ ਚੋਣਾਂ ਵਿਚ ਬਿ੍ਰਜ ਭੂਸ਼ਣ ਦਾ ਕਰੀਬੀ ਸੰਜੈ ਸਿੰਘ ਪ੍ਰਧਾਨ ਚੁਣਿਆ ਗਿਆ ਸੀ। ਨਵੇਂ ਪ੍ਰਧਾਨ ਨੇ 28 ਦਸੰਬਰ ਨੂੰ ਯੂ ਪੀ ਦੇ ਗੋਂਡਾ ਵਿਚ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਕਰਾਉਣ ਦਾ ਐਲਾਨ ਕਰ ਦਿੱਤਾ। ਗੋਂਡਾ ਬਿ੍ਰਜ ਭੂਸ਼ਣ ਦਾ ਲੋਕ ਸਭਾ ਹਲਕਾ ਹੈ। ਮਹਿਲਾ ਭਲਵਾਨਾਂ ਨੇ ਬਿ੍ਰਜ ਭੂਸ਼ਣ ’ਤੇ ਯੌਨ ਸ਼ੋਸ਼ਣ ਦਾ ਦੋਸ਼ ਲਾ ਕੇ ਲੰਮਾ ਅੰਦੋਲਨ ਚਲਾਇਆ ਸੀ। ਬਜਰੰਗ ਪੂਨੀਆ ਵਰਗੇ ਨਾਮੀ ਭਲਵਾਨ ਨੇ ਅੱਗੇ ਵਧ ਕੇ ਉਨ੍ਹਾਂ ਦਾ ਸਾਥ ਦਿੱਤਾ। ਖੇਡ ਮੰਤਰਾਲੇ ਨੇ ਵਾਅਦਾ ਕੀਤਾ ਸੀ ਕਿ ਫੈਡਰੇਸ਼ਨ ਦੀਆਂ ਚੋਣਾਂ ਵਿਚ ਬਿ੍ਰਜ ਭੂਸ਼ਣ ਜਾਂ ਉਸ ਦੇ ਪਰਵਾਰ ਦਾ ਕੋਈ ਬੰਦਾ ਹਿੱਸਾ ਨਹੀਂ ਲਵੇਗਾ। ਨਵਾਂ ਪ੍ਰਧਾਨ ਸੰਜੈ ਸਿੰਘ ਉਸ ਦਾ ਕਰੀਬੀ ਹੈ ਅਤੇ ਚੋਣ ਜਿੱਤਣ ਤੋਂ ਬਾਅਦ ਉਹ ਆਸ਼ੀਰਵਾਦ ਲੈਣ ਉਸ ਦੀ ਕੋਠੀ ਗਿਆ। ਬਿ੍ਰਜ ਭੂਸ਼ਣ ਦੇ ਬੇਟੇ ਨੇ ਪੋਸਟਰ ਦਿਖਾ ਕੇ ਐਲਾਨਿਆ ਸੀ ਕਿ ਦਬਦਬਾ ਰਿਹਾ ਹੈ ਤੇ ਰਹੇਗਾ। ਇਸ ਤੋਂ ਬਾਅਦ ਉਲੰਪਿਕ ਮੈਡਲਿਸਟ ਸਾਕਸ਼ੀ ਮਲਿਕ ਨੇ ਕੁਸ਼ਤੀ ਛੱਡਣ ਦਾ ਐਲਾਨ ਕਰ ਦਿੱਤਾ ਸੀ ਅਤੇ ਬਜਰੰਗ ਪੂਨੀਆ ਤੇ ਵਰਿੰਦਰ ਯਾਦਵ ਉਰਫ ਗੂੰਗਾ ਭਲਵਾਨ ਨੇ ਪਦਮਸ੍ਰੀ ਐਵਾਰਡ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਸੀ।
ਖੇਡ ਮੰਤਰਾਲੇ ਦੇ ਫੈਸਲੇ ਤੋਂ ਬਾਅਦ ਰੋਹਤਕ ’ਚ ਸਾਕਸ਼ੀ ਦੀ ਮਾਂ ਸੁਦੇਸ਼ ਮਲਿਕ ਨੇ ਕਿਹਾ ਕਿ ਉਹ ਬੇਟੀ ਸਾਕਸ਼ੀ ਨੂੰ ਉਦੋਂ ਹੀ ਮਨਾਉਣਗੇ, ਜਦੋਂ ਪੂਰੀ ਤਸਵੀਰ ਸਪੱਸ਼ਟ ਹੋਵੇਗੀ, ਕਿਉਂਕਿ ਅਜੇ ਸਿਰਫ ਫੈਡਰੇਸ਼ਨ ਨੂੰ ਮੁਅੱਤਲ ਕੀਤਾ ਗਿਆ ਹੈ। ਪੂਨੀਆ ਨੇ ਕਿਹਾਮੈਂ ਪਦਮਸ੍ਰੀ ਵਾਪਸ ਨਹੀਂ ਲਵਾਂਗਾ। ਇਨਸਾਫ ਮਿਲਣ ਦੇ ਬਾਅਦ ਹੀ ਇਸ ਬਾਰੇ ਸੋਚਾਂਗਾ। ਇਸੇ ਦੌਰਾਨ ਬਿ੍ਰਜ ਭੂਸ਼ਣ ਨੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਫੈਡਰੇਸ਼ਨ ਨੂੰ ਮੁਅੱਤਲ ਕਰਨਾ ਜਾਇਜ਼ ਨਹੀਂ। ਅਜਿਹਾ ਕਰਨ ਦੀ ਥਾਂ ਸਰਕਾਰ ਚੈਂਪੀਅਨਸ਼ਿਪ ਆਪਣੀ ਨਿਗਰਾਨੀ ਵਿਚ ਕਰਾ ਲੈਂਦੀ ਤਾਂ ਕਿ ਖਿਡਾਰੀਆਂ ਦਾ ਨੁਕਸਾਨ ਨਾ ਹੋਵੇ।

LEAVE A REPLY

Please enter your comment!
Please enter your name here